ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਅਧਿਕਾਰੀਆਂ ਤੇ 7 ਸਹਾਇਕ ਪ੍ਰੋਫੈਸਰਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ, ਜਿਨ੍ਹਾਂ ਦੀ ਭਰਤੀ ਸਾਲ 2010 ਅਤੇ 2011 'ਚ ਕਥਿਤ ਜਾਅਲੀ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ ਦੇ ਆਧਾਰ 'ਤੇ ਕੀਤੀ ਗਈ ਸੀ। ਬੀਤੀ 30 ਸਤੰਬਰ ਨੂੰ ਹੋਈ ਇੱਕ ਮੀਟਿੰਗ ਦੌਰਾਨ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਦੌਰਾਨ ਯੂਨੀਵਰਸਿਟੀ ਨੂੰ ਇਨ੍ਹਾਂ ਅਧਿਆਪਕਾਂ ਦੀ ਨਿਯੁਕਤੀ 'ਚ ਸ਼ਾਮਲ ਅਧਿਕਾਰੀਆਂ ਸਬੰਧੀ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ ਗਿਆ।
ਇਨ੍ਹਾਂ 'ਚੋਂ ਜ਼ਿਆਦਾਤਰ ਨਿਯੁਕਤੀਆਂ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ 'ਚ ਕੀਤੀਆਂ ਗਈਆਂ ਹਨ। ਮਾਰਚ, 2017 'ਚ ਸਾਬਕਾ ਵਾਈਸ ਚਾਂਸਲਰ ਜਸਪਾਲ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਇਸ ਅਹੁਦੇ 'ਤੇ ਉਸ ਸਮੇਂ ਦੇ ਹਾਇਰ ਐਜੂਕੇਸ਼ਨ ਸੈਕਟਰੀ ਅਨੁਰਾਗ ਵਰਮਾ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਅਨੁਰਾਗ ਵਰਮਾ ਨੂੰ ਸਾਲ 2007 ਤੋਂ ਲੈ ਕੇ 2017 ਦੌਰਾਨ ਯੂਨੀਵਰਿਸਟੀ ਦੇ ਕੰਮਕਾਜ 'ਚ ਕਥਿਤ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਰਿਸਰਚ ਸਕਾਲਰ ਹਰਵਿੰਦਰ ਸਿੰਘ ਸੰਧੂ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਅਨੁਰਾਗ ਵਰਮਾ ਨੇ ਅਪ੍ਰੈਲ, 2017 'ਚ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ 2 ਮੈਂਬਰੀ ਜਾਂਚ ਕਮੇਟੀ ਵੱਲੋਂ ਮਈ, 2017 ਨੂੰ ਦਾਇਰ ਕੀਤੀ ਰਿਪੋਰਟ 'ਚ ਭਰਤੀ ਦੌਰਾਨ ਉਮੀਦਵਾਰਾਂ ਵੱਲੋਂ ਦਰਸਾਏ ਗਏ ਅਨੁਸੂਚਿਤ ਜਾਤੀ ਅਤੇ ਘੱਟ ਗਿਣਤੀ ਦੇ ਸਰਟੀਫਿਕੇਟ ਜਾਅਲੀ ਪਾਏ ਗਏ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦੌਰਾਨ ਸਮਾਜ ਭਲਾਈ ਮਹਿਕਮੇ ਦੇ ਨੁਮਾਇੰਦੇ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ।
ਉੱਚ ਸਿੱਖਿਆ ਸਕੱਤਰ ਰਾਹੁਲ ਭੰਡਾਰੀ ਵੱਲੋਂ ਭਰਤੀ 'ਚ ਸ਼ਾਮਲ ਸਬੰਧਿਤ ਅਧਿਕਾਰੀਆਂ ਅਤੇ ਸਹਾਇਕ ਪ੍ਰੋਫੈਸਰਾਂ ਨੂੰ ਕਾਰਨ ਦੱਸੋ ਨੋਟਿਸ ਭੇਜਣ ਲਈ ਕਿਹਾ ਗਿਆ ਹੈ। ਰਾਹੁਲ ਭੰਡਾਰੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਅਜਿਹੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਹੈ ਤਾਂ ਜੋ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇ।
ਵਿਧਾਇਕ ਲੋਹਗੜ੍ਹ ਦੀ ਅਗਵਾਈ 'ਚ ਸੈਂਕੜਿਆਂ ਦੀ ਤਦਾਦ 'ਚ ਕਿਸਾਨ ਟਰੈਕਟਰਾਂ ਰਾਹੀਂ ਕਿਸਾਨ ਰੈਲੀ 'ਚ ਪਹੁੰਚੇ
NEXT STORY