ਪਟਿਆਲਾ (ਪ੍ਰਤਿਭਾ)-ਪੰਜਾਬੀ ਯੂਨੀਵਰਸਿਟੀ 'ਚ ਮੁਲਾਜ਼ਮਾਂ ਦੇ ਆਉਣ-ਜਾਣ ਲਈ ਚੱਲ ਰਹੀਆਂ 7 ਵਿਚੋਂ 4 ਬੱਸਾਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਖਰਚੇ ਘਟਾਉਣ ਲਈ ਯੂਨੀਵਰਸਿਟੀ ਅਥਾਰਟੀ ਨੇ ਡੀਨ, ਡਾਇਰੈਕਟਰਾਂ ਦੀਆਂ 33 ਗੱਡੀਆਂ ਨੂੰ ਯੂਜ਼ ਕਰਨਾ ਬੰਦ ਕਰ ਦਿੱਤਾ ਸੀ। ਨਾਲ ਹੀ ਮੁਲਾਜ਼ਮਾਂ ਤੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਬੱਸਾਂ ਵੀ ਰੋਕ ਦਿੱਤੀਆਂ ਹਨ। ਹੁਣ ਸਿਰਫ 3 ਬੱਸਾਂ ਹੀ ਚਲਾਈਆਂ ਜਾ ਰਹੀਆਂ ਹਨ। 4 ਬੱਸਾਂ ਦਾ ਇਸ ਵਾਰ ਪਰਮਿਟ ਪਾਸ ਨਹੀਂ ਹੋਇਆ। ਇਸੇ ਕਾਰਨ ਹੁਣ ਅਥਾਰਟੀ ਨੇ ਉਨ੍ਹਾਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਜਿਹੜੀਆਂ 3 ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਲੈ ਕੇ ਅਥਾਰਟੀ ਦੀ ਅਜੇ ਕੋਈ ਖਾਸ ਯੋਜਨਾ ਨਹੀਂ ਬਣੀ ਹੈ।
ਵਰਨਣਯੋਗ ਹੈ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਆਉਣ-ਜਾਣ ਲਈ ਸਸਤੀ ਅਤੇ ਆਸਾਨ ਸੁਵਿਧਾ ਦੇਣ ਦੇ ਇਰਾਦੇ ਨਾਲ ਯੂਨੀਵਰਸਿਟੀ ਨੇ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਸਨ। ਸਾਲਾਂ ਤੋਂ ਇਹ ਸਹੂਲਤ ਮੁਲਾਜ਼ਮਾਂ ਤੇ ਰੈਗੂਲਰ ਵਿਦਿਆਰਥੀਆਂ ਨੂੰ ਮਿਲ ਰਹੀ ਸੀ। ਬੱਸ ਵਿਚ ਆਉਣ-ਜਾਣ ਲਈ ਬੱਸ ਪਾਸ ਬਣੇ ਹੋਏ ਸਨ ਜੋ ਕਿ ਬਹੁਤ ਘੱਟ ਪੈਸਿਆਂ ਵਿਚ ਬਣਦੇ ਸਨ। ਦੂਰ-ਦਰਾਜ ਤੋਂ ਆਉਣ ਵਾਲੇ ਮੁਲਾਜ਼ਮਾਂ ਲਈ ਬੱਸ ਵਿਚ ਆਉਣਾ ਕਾਫੀ ਆਸਾਨ ਸੀ। ਹੌਲੀ-ਹੌਲੀ ਬੱਸਾਂ ਦੇ ਖਰਚੇ ਵਧਣ ਲੱਗ ਗਏ। ਫਿਰ ਖਰਚਾ ਜ਼ਿਆਦਾ ਹੋਣ 'ਤੇ ਯੂਨੀਵਰਸਿਟੀ ਨੇ ਬੱਸ ਪਾਸ ਦੇ ਪੈਸੇ ਵਧਾ ਦਿੱਤੇ ਸਨ।
ਵ੍ਹੀਕਲ ਅਲਾਊਂਸ ਜਿੰਨਾ ਹੀ ਬੱਸ ਪਾਸ ਦਾ ਖਰਚਾ
ਬੱਸਾਂ ਬੰਦ ਹੋਣ 'ਤੇ ਕਾਫੀ ਮੁਲਾਜ਼ਮਾਂ ਤੇ ਵਿਦਿਆਰਥੀਆਂ ਵਿਚ ਨਿਰਾਸ਼ਾ ਹੈ। ਜਿਹੜੇ ਅਜੇ ਵੀ ਰੈਗੁਲਰ ਤੌਰ 'ਤੇ ਬੱਸ ਵਿਚ ਆਉਂਦੇ ਹਨ, ਉਨ੍ਹਾਂ ਦਾ ਇਹੀ ਕਹਿਣਾ ਹੈ ਕਿ ਇਸ ਸੁਵਿਧਾ ਨੂੰ ਬੰਦ ਨਹੀਂ ਕਰਨਾ ਚਾਹੀਦਾ। ਵੱਡੀ ਗਿਣਤੀ ਵਿਚ ਅਜਿਹੇ ਵੀ ਮੁਲਾਜ਼ਮ ਹਨ, ਜਿਨ੍ਹਾਂ ਨੇ ਵ੍ਹੀਕਲ ਅਲਾਊਂਸ ਜਿੰਨਾ ਬੱਸ ਪਾਸ ਦਾ ਖਰਚਾ ਦੇਖਦੇ ਹੋਏ ਬੱਸ 'ਚ ਆਉਣਾ ਹੀ ਬੰਦ ਕਰ ਦਿੱਤਾ ਹੈ। ਜਿਵੇਂ ਯੂਨੀਵਰਸਿਟੀ ਕਲਰਕ ਨੂੰ 6 ਰੁਪਏ ਵ੍ਹੀਕਲ ਅਲਾਊਂਸ ਮਿਲਦਾ ਹੈ ਤਾਂ ਇੰਨੇ ਦਾ ਹੀ ਹੁਣ ਬੱਸ ਪਾਸ ਬਣ ਰਿਹਾ ਹੈ। ਪਹਿਲਾਂ ਬਹੁਤ ਮਾਮੂਲੀ ਜਿਹੀ ਰਕਮ ਵਿਚ ਬੱਸ ਪਾਸ ਬਣਾਇਆ ਜਾ ਰਿਹਾ ਸੀ। ਮੁਲਾਜ਼ਮਾਂ ਨੇ ਬੱਸ ਦੀ ਬਜਾਏ ਆਟੋ ਵਿਚ ਜਾਂ ਫਿਰ ਆਪਣੇ ਵ੍ਹੀਕਲ 'ਤੇ ਆਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਸੈਲਰੀ 'ਚੋਂ ਵ੍ਹੀਕਲ ਅਲਾਊਂਸ ਕਿਉਂ ਕਟਵਾਉਣ? ਨਿੱਜੀ ਤੌਰ 'ਤੇ ਹੀ ਆਪਣੇ ਵਾਹਨ ਜਾਂ ਫਿਰ ਆਟੋ ਕਰ ਕੇ ਆਇਆ ਜਾ ਸਕਦਾ ਹੈ। ਹੁਣ ਮੁਲਾਜ਼ਮਾਂ ਦੇ ਇਸ ਰੁਖ ਨੂੰ ਦੇਖਦੇ ਹੋਏ ਯੂਨੀਵਰਸਿਟੀ ਅਥਾਰਟੀ ਨੇ 4 ਬੱਸਾਂ ਨੂੰ ਵੇਚਣ ਦਾ ਮਨ ਬਣਾ ਲਿਆ ਹੈ।
ਵਿੱਤੀ ਸੰਕਟ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ 14 ਸਲਾਹਕਾਰ, ਕਿਵੇਂ ਮੈਨੇਜ ਕਰੇਗੀ ਖਰਚ?
NEXT STORY