ਪਟਿਆਲਾ (ਰਾਜੇਸ਼) - ਪਿਛਲੇ ਕਰੀਬ 4 ਮਹੀਨਿਆਂ ਤੋਂ ਅੱਧੇ ਪੰਜਾਬ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਤੋਂ ਬਿਨਾਂ ਹੀ ਚੱਲ ਰਹੀ ਹੈ। ਸਰਕਾਰ ਨੇ ਯੂਨੀਵਰਸਿਟੀ ਦਾ ਕੰਮਕਾਜ ਚਲਾਉਣ ਲਈ ਵਾਈਸ ਚਾਂਸਲਰ ਦਾ ਚਾਰਜ ਹਾਇਰ ਐਜੂਕੇਸ਼ਨ ਵਿਭਾਗ ਦੇ ਸਕੱਤਰ ਨੂੰ ਦਿੱਤਾ ਹੋਇਆ ਹੈ। ਪਹਿਲਾਂ ਅਨੁਰਾਗ ਵਰਮਾ ਹਾਇਰ ਐਜੂਕੇਸ਼ਨ ਵਿਭਾਗ ਦੇ ਸਕੱਤਰ ਸਨ। ਹੁਣ ਐੈੱਸ. ਕੇ. ਸੰਧੂ ਹਾਇਰ ਐਜੂਕੇਸ਼ਨ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਹਨ। ਕਰੀਬ 3 ਮਹੀਨੇ ਅਨੁਰਾਗ ਵਰਮਾ ਕੋਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕੰਮ ਰਿਹਾ। ਬੇਸ਼ੱਕ ਇਸ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੰਗ 'ਤੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੇ ਕੰਮਾਂ ਦੀ ਜਾਂਚ ਕਰਵਾਈ ਪਰ ਉਹ 3 ਮਹੀਨਿਆਂ ਵਿਚ 3 ਜਾਂ 4 ਦਿਨ ਹੀ ਯੂਨੀਵਰਸਿਟੀ ਵਿਚ ਆਏ। ਪਿਛਲੇ 15 ਦਿਨਾਂ ਤੋਂ ਐੈੱਸ. ਕੇ. ਸੰਧੂ ਕੋਲ ਯੂਨੀਵਰਸਿਟੀ ਦੇ ਵੀ. ਸੀ. ਦਾ ਚਾਰਜ ਹੈ। ਉਹ ਵੀ ਸਿਰਫ 2 ਦਿਨ ਹੀ ਯੂਨੀਵਰਸਿਟੀ ਵਿਚ ਪਹੁੰਚੇ, ਜਿਸ ਕਾਰਨ ਸਮੁੱਚਾ ਕੰਮਕਾਜ ਠੱਪ ਪਿਆ ਹੈ। ਕਈ ਅਹਿਮ ਫੈਸਲੇ ਰੈਗੂਲਰ ਵਾਈਸ ਚਾਂਸਲਰ ਹੀ ਲੈ ਸਕਦਾ ਹੈ। ਜਿਨ੍ਹਾਂ ਅਫਸਰਾਂ ਕੋਲ ਵੀ. ਸੀ. ਦਾ ਚਾਰਜ ਹੈ, ਉਹ ਕੋਈ ਵੀ ਨੀਤੀਗਤ ਫੈਸਲਾ ਨਹੀਂ ਲੈ ਰਹੇ, ਜਿਸ ਦਾ ਅਸਰ ਯੂਨੀਵਰਸਿਟੀ ਦੇ ਕੰਮਕਾਰ 'ਤੇ ਪੈ ਰਿਹਾ ਹੈ।
ਵਾਈਸ ਚਾਂਸਲਰ ਦੀ ਇੰਟਰਵਿਊ 10 ਤੇ 11 ਅਗਸਤ ਨੂੰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ ਸਰਕਾਰ ਨੇ ਜੋ ਇਸ਼ਤਿਹਾਰ ਜਾਰੀ ਕੀਤਾ ਸੀ, ਉਸ ਤਹਿਤ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਇੰਟਰਵਿਊ 10 ਅਤੇ 11 ਅਗਸਤ ਨੂੰ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ ਕੁੱਲ 271 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ 119 ਉਮੀਦਵਾਰ ਯੋਗ ਪਾਏ ਗਏ ਸਨ। ਸਕਰੀਨਿੰਗ ਕਮੇਟੀ ਨੇ 31 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕਰ ਕੇ ਇੰਟਰਵਿਊ ਲਈ ਬੁਲਾਇਆ ਹੈ। ਸਰਕਾਰ ਵੱਲੋਂ ਜੋ ਸਕਰੀਨਿੰਗ ਅਤੇ ਸਿਲੈਕਸ਼ਨ ਕਮੇਟੀ ਬਣਾਈ ਗਈ ਹੈ, ਉਸ ਵਿਚ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਉਦਯੋਗਪਤੀ ਚੰਦਰ ਮੋਹਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬੀ. ਐੈੱਸ. ਢਿੱਲੋਂ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਸਾਬਕਾ ਡਾਇਰੈਕਟਰ ਆਰ. ਐੈੱਸ. ਖੰਡਪੁਰ ਸ਼ਾਮਲ ਹਨ।
ਸਰਕਾਰੀ ਹਾਈ ਸਕੂਲ ਮਾਹਲ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ
NEXT STORY