ਕੈਨੇਡਾ/ਚੰਡੀਗੜ੍ਹ : ਜੇਕਰ ਵਿਦੇਸ਼ 'ਚ ਪੜ੍ਹਾਈ ਕਰਨ ਦੀ ਗੱਲ ਆਵੇ ਤਾਂ ਪੰਜਾਬੀ ਨੌਜਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਕੈਨੇਡਾ ਹੀ ਹੁੰਦੀ ਹੈ ਪਰ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਪੰਜਾਬੀ ਨੌਜਵਾਨਾਂ ਦਾ ਬੇਹੱਦ ਡਰਾਉਣਾ ਸੱਚ ਸਾਹਮਣੇ ਆਇਆ ਹੈ, ਜੋ ਕਿ ਬਹੁਤ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਕੈਨੇਡਾ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਹੁਣ ਪੰਜਾਬ ਤੋਂ ਬਾਅਦ ਕੈਨੇਡਾ 'ਚ ਵੀ ਪੰਜਾਬੀ ਨੌਜਵਾਨਾਂ ਦੀ ਨਸ਼ਿਆਂ ਨਾਲ ਮੌਤ ਹੋਣ ਲੱਗੀ ਹੈ। ਰਿਪੋਰਟਾਂ ਦੇ ਮੁਤਾਬਕ ਇਸ ਸਾਲ ਜਨਵਰੀ ਮਹੀਨੇ 'ਚ ਹੀ 4 ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਗੁੰਡਾਗਰਦੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਚੱਲਦੀ ਜੀਪ 'ਚੋਂ ਸੁੱਟਿਆ ਲਹੂ-ਲੁਹਾਨ ਮੁੰਡਾ, ਵਾਇਰਲ ਕੀਤੀ ਵੀਡੀਓ
ਇਸ ਬਾਰੇ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦੇ 6 ਮਾਮਲੇ ਉਨ੍ਹਾਂ ਸਾਹਮਣੇ ਆ ਚੁੱਕੇ ਹਨ ਅਤੇ ਗੁਰਦੁਆਰਾ ਸਾਹਿਬ ਵੱਲੋਂ ਤਾਜਾ ਮਾਮਲਿਆਂ 'ਚ ਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਇਕੱਲਾਪਨ, ਪੜ੍ਹਾਈ ਦਾ ਦਬਾਅ ਅਤੇ ਖ਼ਰਚਾ ਪੂਰਾ ਨਾ ਹੋਣ ਦੇ ਕਾਰਨ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਧੱਸ ਜਾਂਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਰੁਜ਼ਗਾਰ ਮੇਲੇ 'ਚ ਪੁੱਜੇ ਕੇਂਦਰੀ ਮੰਤਰੀ ਹਰਦੀਪ ਪੁਰੀ, ਵਿਰੋਧੀਆਂ 'ਤੇ ਲਾਏ ਨਿਸ਼ਾਨੇ
ਉਨ੍ਹਾਂ ਦੱਸਿਆ ਕਿ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ 'ਤੇ ਆਉਣ ਵਾਲੇ ਜ਼ਿਆਦਾਤਰ ਨੌਜਵਾਨਾਂ ਦਾ ਕੈਨੇਡਾ 'ਚ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ, ਜਿਸ ਕਾਰਨ ਕਈ ਨੌਜਵਾਨ ਨਸ਼ਾ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਉਨ੍ਹਾਂ ਦੇ ਮਾਤਾ-ਪਿਤਾ ਸਾਨੂੰ ਭਾਰਤ ਤੋਂ ਫੋਨ ਕਰਕੇ ਮ੍ਰਿਤਕ ਦੇਹ ਭੇਜਣ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਭਾਰਤ ਭੇਜੀਆਂ ਜਾਣ ਵਾਲੀਆਂ ਮ੍ਰਿਤਕ ਦੇਹਾਂ ਦੀ ਜਾਣਕਾਰੀ ਕੈਨੇਡਾ ਦੀ ਏਜੰਸੀ ਕੋਲ ਦਰਜ ਹੈ। ਰਿਪੋਰਟਾਂ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ 'ਚ ਬੀਤੇ ਸਾਲਾਂ ਦੌਰਾਨ ਡਰੱਗ ਓਵਰਡੋਜ਼ ਇਕ ਵੱਡੀ ਸਮੱਸਿਆ ਬਣ ਰਹੀ ਹੈ। ਉੱਥੋਂ ਦੀ ਸਰਕਾਰ ਦੇ ਮੁਤਾਬਕ ਬੀਤੇ ਸਾਲ ਜਨਵਰੀ ਤੋਂ ਸਤੰਬਰ ਤੱਕ ਨਸ਼ੇ ਕਾਰਨ 1644 ਜਾਨਾਂ ਗਈਆਂ ਹਨ, ਜੋ ਕਿ ਇਕ ਸਾਲ ਦੇ ਕੈਲੰਡਰ ਦੇ ਪਹਿਲੇ 9 ਮਹੀਨਿਆਂ 'ਚ ਦਰਜ ਕੀਤੀ ਗਈ ਸਭ ਤੋਂ ਵੱਡੀ ਗਿਣਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਇਸ ਦਿਨ ਸਿੰਗਾਪੁਰ ਜਾਣਗੇ ਪ੍ਰਿੰਸੀਪਲ, ਪੰਜਾਬ ਸਰਕਾਰ ਨੇ ਕੀਤਾ ਐਲਾਨ
NEXT STORY