ਜਲੰਧਰ, (ਧਵਨ)- ਪੰਜਾਬੀਆਂ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ 'ਚ ਟਿਕਟਾਂ ਦੀ ਵੰਡ 'ਚ ਕਾਂਗਰਸ ਤੋਂ ਪੂਰੀ ਨੁਮਾਇੰਦਗੀ ਮੰਗੀ | ਰਾਸ਼ਟਰੀ ਪੰਜਾਬੀ ਮਹਾ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਜੁਨੇਜਾ ਨੇ ਅੱਜ ਇਥੇ ਦੱਸਿਆ ਕਿ ਹਰਿਆਣਾ ਵਿਚ ਪੰਜਾਬੀਆਂ ਦੀ ਆਬਾਦੀ ਲਗਭਗ 42 ਫੀਸਦੀ ਹੋ ਚੁੱਕੀ ਹੈ ਤੇ ਉਸ ਨੂੰ ਦੇਖਦੇ ਹੋਏ ਹਰਿਆਣਾ ਵਿਚ ਭਾਜਪਾ ਦਾ ਅਸਰਦਾਇਕ ਢੰਗ ਨਾਲ ਮੁਕਾਬਲਾ ਕਰਨ ਲਈ ਪੰਜਾਬੀ ਆਗੂਆਂ ਨੂੰ ਵੱਧ ਤੋਂ ਵੱਧ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੀ ਭਾਜਪਾ ਨੇ ਪੰਜਾਬੀ ਆਗੂ ਨੂੰ ਹਰਿਆਣਾ ਵਿਚ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਸੀ| ਹੁਣ ਵੀ ਭਾਜਪਾ ਪੰਜਾਬੀ ਮੁੱਖ ਮੰਤਰੀ ਬਣਾਉਣ ਦੇ ਨਾਂ 'ਤੇ ਆਪਣਾ ਪ੍ਰਚਾਰ ਚਲਾ ਰਹੀ ਹੈ | ਇਸ ਲਈ ਭਾਜਪਾ ਨੂੰ ਜਵਾਬ ਦੇਣ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਕਾਂਗਰਸ ਵੀ ਵੱਧ ਤੋਂ ਵੱਧ ਸੀਟਾਂ 'ਤੇ ਪੰਜਾਬੀ ਆਗੂਆਂ ਨੂੰ ਮੁਕਾਬਲੇ ਵਿਚ ਉਤਾਰੇ |
ਸੁਰਿੰਦਰ ਜੁਨੇਜਾ ਨੇ ਕਿਹਾ ਕਿ ਪੰਜਾਬੀ ਮਹਾ ਸਭਾ ਨੇ ਇਸ ਸਬੰਧ ਵਿਚ ਹਰਿਆਣਾ ਦੇ ਚੋਣ ਇੰਚਾਰਜ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਸੀ | ਇਸੇ ਤਰ੍ਹਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹਰਿਆਣਾ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਸਾਹਮਣੇ ਵੀ ਪੰਜਾਬੀ ਮਹਾ ਸਭਾ ਨੇ ਆਪਣੀਆਂ ਮੰਗਾਂ ਰੱਖੀਆਂ ਸਨ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਵਿਧਾਨ ਸਭਾ ਚੋਣਾਂ ਦੌਰਾਨ ਮੁਰਥਲ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮਾਮਲਾ ਚੁੱਕਦੀ ਹੈ ਤਾਂ ਉਸ ਸਥਿਤੀ ਵਿਚ ਪਾਰਟੀ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਸੂਰਵਾਰਾਂ ਨੂੰ ਅਜੇ ਤਕ ਸਜ਼ਾ ਦੇਣ ਲਈ ਕੁਝ ਨਹੀਂ ਕੀਤਾ |
ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਉਸ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ | ਇਸ ਨਾਲ ਕਾਂਗਰਸ ਭਾਜਪਾ ਤੋਂ ਪੰਜਾਬੀ ਮੁੱਦਾ ਖੋਹ ਲਵੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਦਮ ਹੈ ਅਤੇ ਉਹ ਜੇਕਰ ਟਿਕਟਾਂ ਬਾਰੇ ਦਰੁਸਤ ਫੈਸਲਾ ਲੈਂਦੀ ਹੈ ਤਾਂ ਨਤੀਜਿਆਂ ਦਾ ਭਾਰੀ ਉਲਟ-ਫੇਰ ਦੇਖਣ ਨੂੰ ਮਿਲ ਸਕਦਾ ਹੈ |
PSEB ਵਲੋਂ ਮੈਟ੍ਰਿਕ ਪੱਧਰੀ ਪੰਜਾਬੀ ਪ੍ਰੀਖਿਆ 29 ਤੋਂ
NEXT STORY