ਤਪਾ ਮੰਡੀ (ਸ਼ਾਮ, ਗਰਗ)- ਡਿਜੀਟਲ ਭੁਗਤਾਨ ਦੇ ਵਧਦੇ ਰੁਝਾਨ ਦੇ ਨਾਲ-ਨਾਲ ਸਾਈਬਰ ਅਤੇ ਆਨਲਾਈਨ ਠੱਗੀ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਅਜਿਹਾ ਹੀ ਇਕ ਮਾਮਲਾ ਤਪਾ ਮੰਡੀ ਦੇ ਸਦਰ ਬਾਜ਼ਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਸ਼ਾਤਿਰ ਨੌਸਰਬਾਜ਼ਾਂ ਨੇ ਗੂਗਲ ਪੇ ਰਾਹੀਂ ਭੁਗਤਾਨ ਕਰਨ ਦਾ ਝਾਂਸਾ ਦੇ ਕੇ ਇਕ ਦੁਕਾਨਦਾਰ ਨਾਲ ਕਰੀਬ 7 ਹਜ਼ਾਰ ਰੁਪਏ ਦੀ ਠੱਗੀ ਕਰ ਦਿੱਤੀ।
ਪੀੜਤ ਦੁਕਾਨਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ। ਦੋਵਾਂ ਨੇ ਚੰਗੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਘਰ ’ਚ ਹੋਣ ਵਾਲੇ ਵਿਆਹ ਸਮਾਗਮ ਦਾ ਹਵਾਲਾ ਦਿੰਦਿਆਂ ਨੋਟਾਂ ਦਾ ਇਕ ਹਾਰ ਅਤੇ ਨੋਟਾਂ ਦੀ ਇਕ ਗੁੱਟੀ ਤਿਆਰ ਕਰਨ ਲਈ ਕਿਹਾ। ਗਾਹਕਾਂ ਦੀ ਗੱਲ ’ਤੇ ਭਰੋਸਾ ਕਰਦਿਆਂ ਉਸ ਨੇ 5 ਹਜ਼ਾਰ ਰੁਪਏ ਦਾ ਨੋਟਾਂ ਦਾ ਹਾਰ ਅਤੇ 2 ਹਜ਼ਾਰ ਰੁਪਏ ਦੀ ਨੋਟਾਂ ਦੀ ਗੁੱਟੀ ਤਿਆਰ ਕਰ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੀ।
ਇਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਕਿਹਾ ਕਿ ਉਹ ਗੂਗਲ ਪੇ ਰਾਹੀਂ ਭੁਗਤਾਨ ਕਰ ਰਹੇ ਹਨ। ਉਨ੍ਹਾਂ ਨੇ ਦੁਕਾਨ ’ਤੇ ਲੱਗਾ ਕਿਊ. ਆਰ. ਕੋਡ ਸਕੈਨ ਕੀਤਾ ਅਤੇ ਭੁਗਤਾਨ ਹੋਣ ਦਾ ਭਰੋਸਾ ਦਿਵਾਇਆ ਪਰ ਰਕਮ ਖਾਤੇ ’ਚ ਆਉਣ ਦੀ ਪੁਸ਼ਟੀ ਤੋਂ ਪਹਿਲਾਂ ਹੀ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਕੁਝ ਸਮੇਂ ਬਾਅਦ ਜਦੋਂ ਦੁਕਾਨਦਾਰ ਨੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਉਸ ’ਚ ਕੋਈ ਰਕਮ ਜਮ੍ਹਾ ਨਹੀਂ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਬਣ ਗਿਆ ਹੈ। ਉਸ ਨੇ ਤੁਰੰਤ ਇਸ ਸਬੰਧੀ ਤਪਾ ਸਿਟੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ। ਨਾਲ ਹੀ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਡਿਜੀਟਲ ਭੁਗਤਾਨ ਦੇ ਮਾਮਲੇ ’ਚ ਸਿਰਫ ਕਿਊ.ਆਰ. ਕੋਡ ਸਕੈਨ ਹੋਣ ਜਾਂ ਗਾਹਕ ਦੇ ਦਾਅਵੇ ’ਤੇ ਭਰੋਸਾ ਨਾ ਕੀਤਾ ਜਾਵੇ। ਸਾਮਾਨ ਦੇਣ ਤੋਂ ਪਹਿਲਾਂ ਆਪਣੇ ਬੈਂਕ ਖਾਤੇ ’ਚ ਰਕਮ ਪ੍ਰਾਪਤ ਹੋਣ ਦੀ ਪੁਸ਼ਟੀ ਕਰਨੀ ਲਾਜ਼ਮੀ ਹੈ, ਤਾਂ ਜੋ ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਬਚਿਆ ਜਾ ਸਕੇ।
ਐੱਚ.ਡੀ.ਐੱਫ.ਸੀ. ਬੈਂਕ ਦੇ ਏ.ਟੀ.ਐੱਮ. ਨੂੰ ਲੱਗੀ ਅੱਗ! ਲੱਖਾਂ ਰੁਪਏ ਦਾ ਨੁਕਸਾਨ
NEXT STORY