ਜਲੰਧਰ (ਵੈੱਬ ਡੈਸਕ)- 41ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦੇ ਸਬੰਧ ਵਿੱਚ ਜਲੰਧਰ ਦੇ ਪ੍ਰਸਿੱਧ ਥਿੰਦ ਆਈ ਹਸਪਤਾਲ ਅਤੇ ਜਲੰਧਰ ਕੈਟਾਰੈਕਟ ਐਂਡ ਰਿਫ੍ਰੈਕਟਿਵ ਕਲੱਬ (JCRC) ਵੱਲੋਂ ਸਾਂਝੇ ਤੌਰ 'ਤੇ ਅੱਖਾਂ ਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ਾਲ ਕੈਂਡਲ ਲਾਈਟ ਮਾਰਚ (ਮੋਮਬੱਤੀ ਮਾਰਚ) ਕੱਢਿਆ ਗਿਆ। ਇਸ ਮਾਰਚ 'ਚ ਸੈਂਕੜੇ ਸ਼ਹਿਰ ਵਾਸੀਆਂ ਨੇ ਹਿੱਸਾ ਲੈ ਕੇ ਅੱਖਾਂ ਦਾਨ ਦੀ ਮੁਹਿੰਮ ਪ੍ਰਤੀ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਉਪਰਾਲੇ ਦਾ ਮੁੱਖ ਮਕਸਦ ਅੱਖਾਂ ਦਾਨ ਨਾਲ ਜੁੜੇ ਭਰਮ-ਭੁਲੇਖਿਆਂ ਨੂੰ ਦੂਰ ਕਰਨਾ ਅਤੇ ਕੋਰਨੀਅਲ ਅੰਨ੍ਹੇਪਣ ਤੋਂ ਪੀੜਤ ਲੋਕਾਂ ਨੂੰ ਨਵੀਂ ਜ਼ਿੰਦਗੀ ਦੀ ਰੋਸ਼ਨੀ ਦੇਣ ਲਈ ਪ੍ਰੇਰਿਤ ਕਰਨਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ ਵੱਡੀ ਕਾਰਵਾਈ
ਇਸ ਕੈਂਡਲ ਲਾਈਟ ਮਾਰਚ ਨੂੰ ਥਿੰਦ ਆਈ ਹਸਪਤਾਲ, ਮਾਡਲ ਟਾਊਨ, ਜਲੰਧਰ ਤੋਂ ਸ਼ਾਮ 5 ਵਜੇ ਹਸਪਤਾਲ ਦੇ ਚੇਅਰਮੈਨ, ਮੈਨੇਜਿੰਗ ਡਾਇਰੈਕਟਰ ਅਤੇ ਚੀਫ਼ ਆਈ ਸਰਜਨ ਡਾ. ਜਸਵੰਤ ਸਿੰਘ ਥਿੰਦ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਮਾਰਚ ਮਾਡਲ ਟਾਊਨ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਮਸੰਦ ਚੌਂਕ, ਗੀਤਾ ਮੰਦਿਰ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਹੁੰਦਾ ਹੋਇਆ ਵਾਪਸ ਥਿੰਦ ਆਈ ਹਸਪਤਾਲ ਵਿਖੇ ਸਮਾਪਤ ਹੋਇਆ। ਮਾਰਚ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਜਸਵੰਤ ਸਿੰਘ ਥਿੰਦ ਨੇ ਕਿਹਾ ਕਿ ਅੱਖਾਂ ਦਾਨ ਕਿਸੇ ਨੂੰ ਰੌਸ਼ਨੀ ਦਾ ਤੋਹਫ਼ਾ ਦੇਣ ਦਾ ਸਭ ਤੋਂ ਉੱਤਮ ਅਤੇ ਨੇਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਇਕ ਸਿੰਗਲ ਅੱਖਾਂ ਦਾਨੀ ਦੋ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਲਿਆਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਸਾਡੀਆਂ ਅੱਖਾਂ ਸਾਡੇ ਜਾਣ ਤੋਂ ਬਾਅਦ ਵੀ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ: ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ, ਵੀਡੀਓ ਵਾਇਰਲ
ਅੱਖਾਂ ਦਾਨ ਦਾ ਮਹੱਤਵ
ਹਸਪਤਾਲ ਦੇ ਕੋਰਨੀਆ ਟ੍ਰਾਂਸਪਲਾਂਟ ਸਰਜਨ ਡਾ. ਸੌਰਭ ਮਿੱਤਲ ਨੇ ਦੱਸਿਆ ਕਿ ਕੋਰਨੀਆ ਟ੍ਰਾਂਸਪਲਾਂਟ ਦੇ ਖੇਤਰ ਵਿੱਚ ਆਈਆਂ ਆਧੁਨਿਕ ਤਕਨੀਕਾਂ ਦੇ ਬਾਵਜੂਦ, ਅੱਖਾਂ ਦੀ ਲੋੜ ਅਤੇ ਦਾਨੀਆਂ ਦੀ ਗਿਣਤੀ ਵਿੱਚ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਪਾੜੇ ਨੂੰ ਸਿਰਫ਼ ਲੋਕਾਂ ਵਿੱਚ ਜਾਗਰੂਕਤਾ ਵਧਾ ਕੇ ਅਤੇ ਵੱਧ ਤੋਂ ਵੱਧ ਪ੍ਰਣ ਲੈ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ।
ਮਾਰਚ ਦੀ ਪ੍ਰਬੰਧਕ ਡਾ. ਅਪੂਰਵਾ ਮਿੱਤਲ ਨੇ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਦਾ ਪ੍ਰਣ ਲੈਣ ਦੀ ਅਪੀਲ ਕਰਦਿਆਂ ਇਕ ਮਹੱਤਵਪੂਰਨ ਪਹਿਲੂ ਸਾਂਝਾ ਕੀਤਾ ਕਿ ਅੱਖਾਂ ਦਾਨ ਕੇਵਲ ਮੌਤ ਤੋਂ ਬਾਅਦ ਹੀ ਹੁੰਦਾ ਹੈ ਅਤੇ ਮੌਤ ਦੇ 4 ਤੋਂ 6 ਘੰਟਿਆਂ ਦੇ ਅੰਦਰ-ਅੰਦਰ ਅੱਖਾਂ ਨੂੰ ਸੁਰੱਖਿਅਤ ਕੱਢ ਲੈਣਾ ਚਾਹੀਦਾ ਹੈ । ਇਸੇ ਤਰ੍ਹਾਂ ਹਸਪਤਾਲ ਦੇ ਸੀ.ਓ.ਓ. ਡਾ. ਸੁਸ਼ੋਭਿਤ ਸਿੰਘ ਥਿੰਦ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਅੱਖਾਂ ਦਾਨ ਕਰਨ ਦਾ ਪ੍ਰਣ ਲੈ ਸਕਦਾ ਹੈ, ਚਾਹੇ ਉਸ ਦਾ ਕੋਈ ਵੀ ਬਲੱਡ ਗਰੁੱਪ ਹੋਵੇ ਜਾਂ ਉਹ ਐਨਕਾਂ ਲਗਾਉਂਦਾ ਹੋਵੇ।
ਇਹ ਵੀ ਪੜ੍ਹੋ: ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
250 ਤੋਂ ਵੱਧ ਲੋਕਾਂ ਨੇ ਲਿਆ ਅੱਖਾਂ ਦਾਨ ਕਰਨ ਦਾ ਪ੍ਰਣ
ਇਸ ਜਾਗਰੂਕਤਾ ਮਾਰਚ ਦੇ ਅੰਤ ਵਿੱਚ ਇਕ ਵਿਸ਼ੇਸ਼ ਅੱਖਾਂ ਦਾਨ ਪ੍ਰਣ ਸਮਾਰੋਹ ਕਰਵਾਇਆ ਗਿਆ, ਜਿਸ 'ਚ 250 ਤੋਂ ਵੱਧ ਭਾਗੀਦਾਰਾਂ ਨੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦਾ ਫਾਰਮ ਭਰ ਕੇ ਆਪਣੀ ਵਚਨਬੱਧਤਾ ਪ੍ਰਗਟਾਈ।
ਇਸ ਸਮਾਗਮ ਵਿੱਚ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਆਈ. ਐੱਮ. ਏ. ਦੇ ਪ੍ਰਧਾਨ ਡਾ. ਧੀਰਜ ਭਾਟੀਆ, ਸਕੱਤਰ ਡਾ. ਗੁਰਦੇਵ ਪਰਮਾਰ, ਰਜਨ ਸਿਆਲ (ਹੈਪੀਨੈੱਸ ਵਾਰੀਅਰਜ਼, ਪਰਿੰਦੇ), ਮਨਿੰਦਰ ਕੌਰ (ਟੀਮ ਲੀਡਰ, ਬੀਇੰਗ ਹਿਊਮਨ ਸੋਲ), ਸੁਰੂਚੀ ਕੱਕੜ (ਜਿਮਖਾਨਾ ਕਲੱਬ), ਰਾਜੇਸ਼ ਬਾਹਰੀ ਅਤੇ ਅਨੂ ਬਾਹਰੀ (ਰੋਟਰੀ ਕਲੱਬ ਆਫ ਜਲੰਧਰ ਹੈਲਪਿੰਗ ਹੈਂਡਜ਼), ਡੀ. ਪੀ. ਜੈਨ, ਐੱਸ. ਪੀ. ਸਿੰਘ, ਰਮਨ ਮਹਿਰਾ, ਸ਼੍ਰੀ ਬਹਿਲ (ਅੱਖਾਂ ਦਾਨ ਐਸੋਸੀਏਸ਼ਨ ਜਲੰਧਰ), ਡਾ. ਰੀਨਾ ਮਲਹੋਤਰਾ (ਸਕਾਈਰਾਈਡਰਜ਼ ਜਲੰਧਰ), ਸ਼੍ਰੀਮਤੀ ਸ਼ਾਲੂ (ਜੇ. ਸੀ. ਆਈ.), ਅਤੇ ਰੋਹਿਤ ਸ਼ਰਮਾ (ਬਾਈਕ ਹਾਕਰਜ਼) ਸ਼ਾਮਲ ਸਨ। ਇਸ ਤੋਂ ਇਲਾਵਾ ਮੈਡੀਕਲ ਸੁਪਰਡੈਂਟ ਡਾ. ਤੇਜਿੰਦਰ ਨਿਰਮਲ ਸਿੰਘ, ਡਾ. ਜੇ. ਐੱਸ. ਸੰਧੂ, ਡਾ. ਕੇ. ਐੱਸ. ਸੰਘਾ, ਡਾ. ਵੀ. ਕੇ. ਖੁੱਲ੍ਹਰ, ਡਾ. ਸੰਗੀਤ ਮਿੱਤਲ (ਵਿਟਰੋਰੀਟਾਈਨਲ ਸਰਜਨ), ਡਾ. ਨੀਤੂ ਨੇਗੀ, ਡਾ. ਕੰਵਲਜੀਤ ਐਚ. ਮਦਾਨ, ਡਾ. ਨਰਿੰਦਰ ਪਾਲ ਸਿੰਘ ਸਦਾਨਾ ਅਤੇ ਡਾ. ਹਰਵਿੰਦਰ ਸਮੇਤ ਕਈ ਮਾਹਿਰ ਡਾਕਟਰ ਵੀ ਹਾਜ਼ਰ ਸਨ।ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਸਮੂਹ ਵਲੰਟੀਅਰਾਂ, ਸਥਾਨਕ ਪ੍ਰਸ਼ਾਸਨ, ਸਹਿਯੋਗੀ ਸੰਸਥਾਵਾਂ, ਡਾਕਟਰਾਂ ਅਤੇ ਸ਼ਹਿਰ ਵਾਸੀਆਂ ਦਾ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 8 ਸਤੰਬਰ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ ਵੱਡੀ ਕਾਰਵਾਈ
NEXT STORY