ਚੰਡੀਗੜ੍ਹ (ਅਸ਼ਵਨੀ ਕੁਮਾਰ) : ਮੁੱਖ ਮੰਤਰੀ ਦੇ ਨਾਲ ਵੀਰਵਾਰ ਨੂੰ ਹੋਈ ਰਾਜ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਬੈਠਕ ਵਿਚ ਨਾ ਵਰਤੇ ਗਏ ਨਵੇਂ ਵੈਂਟੀਲੈਟਰਜ਼ ਦਾ ਮਾਮਲਾ ਭਖ ਗਿਆ। ਕੁਝ ਸੰਸਦ ਮੈਂਬਰਾਂ ਨੇ ਸਵਾਲ ਚੁੱਕਿਆ ਕਿ ਭਾਰਤ ਸਰਕਾਰ ਵਲੋਂ ਨਵੇਂ ਵੈਂਟੀਲੈਟਰ ਦਿੱਤੇ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਹੁਣ ਤੱਕ ਇਨ੍ਹਾਂ ਵੈਂਟੀਲੇਟਰਾਂ ਲਈ ਲੋੜੀਂਦਾ ਸਟਾਫ਼ ਤੱਕ ਨਿਯੁਕਤ ਨਹੀਂ ਕਰ ਸਕੀ ਹੈ। ਇਸ ਦੇ ਚਲਦੇ ਰਾਜ ਦੇ ਕਈ ਹਸਪਤਾਲਾਂ ਵਿਚ ਵੈਂਟੀਲੈਟਰ ਸਿਰਫ਼ ਨੁਮਾਇਸ਼ ਵਾਲੀ ਚੀਜ ਭਾਵ ਸ਼ੋਅ ਪੀਸ ਬਣੇ ਹੋਏ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਵਿਰੋਧੀ ਦਲ ਵੀ ਲਗਾਤਾਰ ਇਸ ਮਾਮਲੇ ’ਤੇ ਸਰਕਾਰ ਨੂੰ ਘੇਰ ਰਹੇ ਹਨ। ਇਸ ’ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਨੂੰ ਵੈਂਟੀਲੈਟਰ ਦੇ ਫਰੰਟ ’ਤੇ ਚੁਣੌਤੀਆਂ ਪੇਸ਼ ਆ ਰਹੀਆਂ ਹਨ। ਭਾਰਤ ਸਰਕਾਰ ਵਲੋਂ ਰਾਜ ਨੂੰ ਕਰੀਬ 809 ਵੈਂਟੀਲੇਟਰ ਦਿੱਤੇ ਗਏ ਪਰ ਇਨ੍ਹਾਂ ਵਿਚੋਂ ਹੁਣ ਤੱਕ ਕਰੀਬ 108 ਵੈਟੀਲੈਂਟਰਜ਼ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਿਆ ਹੈ। ਇਸ ਦਾ ਵੱਡਾ ਕਾਰਣ ਹੈ ਕਿ ਭਾਰਤ ਇਲੈਕਟ੍ਰਾਨਿਕਸ ਲਿਮਿਟਡ ਦੇ ਇੰਜੀਨੀਅਰ ਇਨ੍ਹਾਂ ਨੂੰ ਇੰਸਟਾਲ ਕਰਨ ਲਈ ਉਪਲੱਬਧ ਨਹੀਂ ਹਨ। ਸੰਸਦ ਮੈਂਬਰਾਂ ਨੇ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਨਵੇਂ ਵੈਂਟੀਲੇਟਰਜ਼ ਨੂੰ ਛੇਤੀ ਤੋਂ ਛੇਤੀ ਇਸਤੇਮਾਲ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿਚ ਕੋਵਿਡ ਨਾਲ ਗ੍ਰਸਤ ਗੰਭੀਰ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮਿਲ ਸਕੇ।
ਇਹ ਵੀ ਪੜ੍ਹੋ : ਨਵੇਂ ਵਿੱਤੀ ਵਰ੍ਹੇ ਦਾ ਇਕ ਮਹੀਨਾ ਲੰਘਣ ਮਗਰੋਂ ਵੀ ਨਹੀਂ ਤੈਅ ਹੋਈਆਂ ਬਿਜਲੀ ਦਰਾਂ!
ਪੰਜਾਬ ਨਾਲ ਕੇਂਦਰ ਕਰ ਰਿਹੈ ਮਤਰੇਆ ਵਿਵਹਾਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਬੈਠਕ ਵਿਚ ਕਿਹਾ ਕਿ ਕੋਵਿਡ ਖ਼ਿਲਾਫ਼ ਜੰਗ ਵਿਚ ਕੇਂਦਰ ਸਰਕਾਰ ਪੰਜਾਬ ਦੇ ਨਾਲ ਮਤਰੇਈ ਮਾਂ ਜਿਹਾ ਵਿਵਹਾਰ ਕਰ ਰਿਹਾ ਹੈ। ਪੰਜਾਬ ਨੂੰ ਜ਼ਰੂਰੀ ਸਪਲਾਈ ਘੱਟ ਹੋ ਰਹੀ ਹੈ, ਜਦਕਿ ਹਰਿਆਣਾ ਨੂੰ ਪੰਜਾਬ ਦੇ ਮੁਕਾਬਲੇ ਵੱਧ ਆਕਸੀਜਨ ਕੋਟਾ ਤੇ ਵੱਧ ਟੈਂਕਰ ਮਿਲ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ, ਟੈਂਕਰਾਂ, ਵੈਕਸੀਨ ਤੇ ਜ਼ਰੂਰੀ ਦਵਾਈਆਂ ਦੀ ਲੋੜੀਂਦੀ ਸਪਲਾਈ ਲਈ ਕੇਂਦਰ ’ਤੇ ਦਬਾਅ ਬਣਾਉਣ ਤਾਂ ਜੋ ਕੋਰੋਨਾ ਮਹਾਮਾਰੀ ਦੀ ਆਈ ਦੂਜੀ ਖਤਰਨਾਕ ਲਹਿਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੂਬਾ ਸਰਕਾਰ ਦੀ ਮਦਦ ਹੋ ਸਕੇ। ਦੋਵੇਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੇ ਐੱਮ. ਪੀ. ਲੈਡ ਫੰਡ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਕੀਤੀ ਜਾਵੇ ਤਾਂ ਜੋ ਪੰਜਾਬ ਵਿਚ ਇਲਾਜ ਲਈ ਗੁਆਂਢੀ ਸੂਬਿਆਂ ਤੋਂ ਮਰੀਜ਼ਾਂ ਦੇ ਇਲਾਜ ਲਈ ਆਉਣ ਕਾਰਨ ਸੂਬੇ ਵਿਚ ਮਰੀਜ਼ਾਂ ਦੇ ਵਧ ਭਾਰ ਪੈਣ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ’ਚ ਖ਼ਤਰੇ ਦੀ ਘੰਟੀ, 17 ਜ਼ਿਲ੍ਹਿਆਂ ’ਚ ਲੈਵਲ-3 ਦਾ ਇਕ ਵੀ ਆਈ. ਸੀ. ਯੂ. ਬੈੱਡ ਨਹੀਂ
ਵਾਰ ਵਾਰ ਕਹਿਣ ਤੋਂ ਬਾਅਦ ਵੀ ਆਕਸੀਜਨ ਦਾ ਕੋਟਾ ਨਹੀਂ
ਕੈਪਟਨ ਅਮਰਿੰਦਰ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਸੂਬੇ ਵਲੋਂ ਵਾਰ-ਵਾਰ ਬੇਨਤੀਆਂ ਕਰਨ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਵਲੋਂ ਸੂਬੇ ਲਈ ਆਕਸੀਜਨ ਕੋਟੇ ਵਿਚ 50 ਮੀਟਰਿਕ ਟਨ ਵਾਧਾ ਕਰਨ ਸਬੰਧੀ ਨਿੱਜੀ ਤੌਰ ’ਤੇ ਪੱਤਰ ਲਿਖਣ ਦੇ ਬਾਵਜੂਦ ਸੂਬਾ ਹਾਲੇ ਵੀ ਲੋੜੀਂਦੀ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਨੂੰ ਆਪਣੀਆਂ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ 195 ਮੀਟਰਿਕ ਟਨ ਦਾ ਕੋਟਾ ਨਾਕਾਫੀ ਹੈ ਅਤੇ ਟੈਂਕਰਾਂ ਦੀ ਘਾਟ ਕਾਰਨ ਇਸ ਕੋਟੇ ਵਾਲੀ ਆਕਸੀਜਨ ਦੀ ਵੀ ਪੂਰੀ ਤਰ੍ਹਾਂ ਲਿਫਟਿੰਗ ਨਹੀਂ ਕੀਤੀ ਜਾ ਸਕੀ। ਉਨ੍ਹਾਂ ਕਿਹਾ ਕਿ ਸੂਬੇ ਦਾ ਇਸ ਸਮੇਂ ਨੇੜਲੇ ਸਰੋਤਾਂ (ਦੇਹਰਾਦੂਨ, ਪਾਣੀਪਤ, ਰੁੜਕੀ) ਵੱਲ 120 ਮੀਟਰਿਕ ਟਨ ਦਾ ਬੈਕਲਾਗ ਪਿਆ ਹੈ। ਉਨ੍ਹਾਂ ਕਿਹਾ ਮੌਜੂਦਾ ਸਥਿਤੀ ਬਹੁਤ ਗੰਭੀਰ ਹੈ ਅਤੇ ਪੰਜਾਬ ਇਸ ਸਮੇਂ 12 ਘੰਟਿਆਂ ਦੇ ਆਕਸੀਜਨ ਸਪਲਾਈ ਚੱਕਰ ਦਾ ਪ੍ਰਬੰਧ ਕਰ ਰਿਹਾ ਹੈ। ਟੀਕਾਕਰਨ ਦੇ ਸਬੰਧ ਵਿੱਚ ਗੱਲ ਕਰਦਿਆਂ ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਵਲੋਂ ਵਾਰ-ਵਾਰ ਟੀਕਿਆਂ ਦੀ ਸਪਲਾਈ ਵਿੱਚ ਦੇਰੀ ਅਤੇ ਘੱਟ ਸਪਲਾਈ ਕਰਨ ’ਤੇ ਚਿੰਤਾ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਉਪਲੱਬਧਤਾ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੋਵਾਂ ਨਾਲ ਲਗਾਤਾਰ ਰਾਬਤਾ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪ੍ਰਤੀ ਕੇਂਦਰ ਦੀ ਉਦਾਸੀਨਤਾ ਇਸ ਤੱਥ ਤੋਂ ਵੀ ਝਲਕਦੀ ਹੈ ਕਿ ਹੋਰ ਸੂਬਿਆਂ ਨੂੰ ਟੋਸੀਲੀਜੁਮਬ ਦੀਆਂ ਵਧੇਰੇ ਸ਼ੀਸ਼ੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੀ ਦਰਾਮਦ ਅਤੇ ਵੰਡ ਭਾਰਤ ਸਰਕਾਰ ਵਲੋਂ ਨਿਯੰਤ੍ਰਤ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਨੇ 650 ਸ਼ੀਸ਼ੀਆਂ ਦੀ ਮੰਗ ਕੀਤੀ ਸੀ ਪਰ ਸ਼ੁਰੂਆਤੀ ਪੜਾਅ ਵਿਚ ਸਿਰਫ਼ 200 ਹੀ ਦਿੱਤੀਆਂ ਗਈਆਂ ਜਿਨ੍ਹਾਂ ਦੀ ਵੰਡ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਰੈਮਡੀਸਿਵਰ ਦੀ ਸਪਲਾਈ ਬਹੁਤ ਘੱਟ ਹੈ ਕਿਉਂਕਿ ਸੂਬੇ ਨੂੰ ਅਲਾਟ ਕੀਤੀਆਂ 50000 ਸ਼ੀਸ਼ੀਆਂ ਦੀ ਸਪਲਾਈ ਬਹੁਤ ਹੌਲੀ ਹੈ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦਰਮਿਆਨ ਸ਼ਰਾਬ ਪੀਣ ਵਾਲਿਆਂ ਨੂੰ ਸਖ਼ਤ ਚਿਤਾਵਨੀ
ਮੀਟਿੰਗ ਦੌਰਾਨ ਸੂਬੇ ਵਿਚ ਸਿਹਤ ਅਤੇ ਮੈਡੀਕਲ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਅਦਾਰਿਆਂ ਦੇ ਮਾੜੇ ਪ੍ਰਤੀਕਰਮ ਦਾ ਵੀ ਗੰਭੀਰ ਨੋਟਿਸ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਕੇਂਦਰੀ ਸੰਸਥਾਵਾਂ ਜਿਵੇਂ ਆਈਸਰ ਮੋਹਾਲੀ ਨੇ ਕਦੇ ਵੀ ਕੋਵਿਡ ਟੈਸਟਿੰਗ ਵਿਚ ਸਮਰਥਨ ਨਹੀਂ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਏਮਜ਼ ਬਠਿੰਡਾ, ਜਿਸਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 5 ਸਾਲ ਪਹਿਲਾਂ ਰੱਖਿਆ ਸੀ, ਵੀ ਗੰਭੀਰ ਕੋਵਿਡ ਕੇਅਰ ਮੁਹੱਈਆ ਨਹੀਂ ਕਰਵਾ ਸਕਿਆ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ’ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਡਾਕਟਰ ਦੇਣ ਲੱਗੇ ਅਸਤੀਫ਼ੇ, ਨਾਜ਼ੁਕ ਬਣੇ ਹਾਲਾਤ
NEXT STORY