ਖਾਲਡ਼ਾ, (ਬੱਬੂ)- ਪਿੰਡਾਂ ਅੰਦਰ ਡਾਕਟਰੀ ਦੀ ਪ੍ਰੈਕਟਿਸ ਕਰਨ ਵਾਲੇ ਝੋਲਾ ਛਾਪ ਡਾਕਟਰਾਂ ਨੇ ਜ਼ਿਲਾ ਪ੍ਰਸ਼ਾਸਨ ਖਿਲਾਫ ਆਰ-ਪਾਰ ਦੀ ਲਡ਼ਾਈ ਦਾ ਬਿਗੁਲ ਵਜਾਉਂਦਿਆਂ ਆਪਣੇ ਪਲੇਠੇ ਸੰਘਰਸ਼ ਦਾ ਬੇਡ਼ਾ ਠੱਲ੍ਹ ਦਿੱਤਾ ਹੈ ਅਤੇ ਇਸੇ ਲਡ਼ੀ ਤਹਿਤ ਪਿੰਡ ਨਾਰਲੀ, ਖਾਲਡ਼ਾ, ਦੋਦੇ, ਕਲਸੀਆਂ, ਚੱਕ ਅਤੇ ਸਿਧਵਾਂ ਦੇ ਆਰ. ਐੱਮ. ਪੀ. ਡਾਕਟਰਾਂ ਨੇ ਪਿੰਡਾਂ ਦੇ ਪਤਵੰਤਿਆਂ ਦੀ ਮੌਜੂਦਗੀ ’ਚ ਬੱਸਾਂ ਤੇ ਛੋਟੇ ਹਾਥੀਆਂ ’ਤੇ ਵਹੀਰਾਂ ਘੱਤ ਕੇ ਡੀ. ਸੀ. ਦਫਤਰ ਦੇ ਘਿਰਾਓ ਵਿਚ ਸ਼ਮੂਲੀਅਤ ਕੀਤੀ। ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਡਾ. ਮੰਗਲ ਸਿੰਘ, ਡਾ. ਪਰਮਜੀਤ ਸਿੰਘ, ਡਾ. ਪ੍ਰਦੀਪ ਕੁਮਾਰ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਸਿਵਲ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਆਰੰਭੀ ਨਸ਼ਾ ਵਿਰੋਧੀ ਮੁਹਿੰਮ ਦਾ ਪੂਰਨ ਸਮਰਥਨ ਕਰਦੇ ਹਾਂ ਪਰ ਪ੍ਰਸ਼ਾਸਨ ਜਾਣਬੁੱਝ ਕੇ ਸਾਡੀ ਰੋਜ਼ੀ ਰੋਟੀ ਖੋਹਣ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਕਰ ਰਹੇ ਹਨ ਪਰ ਇਥੇ ਜਿਹਡ਼ੇ ਨੌਜਵਾਨ ਆਪਣੇ ਸਿਰ-ਬ-ਸਿਰ ਅਜਿਹੇ ਕੰਮ ਚਲਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਉਨ੍ਹਾਂ ਨੂੰ ਸਰਕਾਰ ਘਰੋਂ ਬੇਘਰ ਕਰਨ ’ਤੇ ਤੁਲੀ ਹੋਈ ਹੈ।
ਅਖੀਰ ਵਿਚ ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਪੂਰੇ ਪੰਜਾਬ ਪੱਧਰ ’ਤੇ ਆਰੰਭਿਆ ਜਾਵੇਗਾ। ਇਸ ਮੌਕੇ ਡਾ. ਬਲਵੀਰ ਸਿੰਘ ਯੂ.ਪੀ., ਡਾ. ਭੱਟੀ, ਡਾ. ਸੁਖਬੀਰ ਸਿੰਘ, ਡਾ. ਜਸਪਾਲ ਸਿੰਘ, ਡਾ. ਭਗਵੰਤ ਸਿੰਘ ਆਦਿ ਹਾਜ਼ਰ ਸਨ।
ਦਿਨ-ਦਿਹਾਡ਼ੇ ਗਹਿਣੇ ਤੇ ਨਕਦੀ ਲੁੱਟਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼
NEXT STORY