ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਅੱਜ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦੇਸ਼ ਵਿਚ ਬੀਮਾ ਕੰਪਨੀਆਂ ਤੇ ਨਿੱਜੀ ਹਸਪਤਾਲਾਂ ਵੱਲੋਂ ਆਮ ਜਨਤਾ ਦੇ ਹੋ ਰਹੇ ਸ਼ੋਸ਼ਣ ਦਾ ਮੁੱਦਾ ਚੁੱਕਿਆ।
ਇਸ ਦੌਰਾਨ ਉਨ੍ਹਾਂ ਨੇ ਸਦਨ ਦੀ ਕਾਰਵਾਈ ਦੌਰਾਨ ਆਪਣੀ ਸਪੀਚ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸੰਸਦ ਵਿੱਚ ਮੈਂ ਉਸ ਦਰਦ ਦਾ ਮੁੱਦਾ ਉਠਾਇਆ ਜਿਸ ਦਾ ਸਾਹਮਣਾ ਹਰ ਆਮ ਭਾਰਤੀ ਪਰਿਵਾਰ ਕਰਦਾ ਹੈ। ਇਹ ਮੁੱਦਾ ਹੈ ਬੀਮਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਦੁਆਰਾ ਸ਼ੋਸ਼ਣ ਦਾ। ਹਸਪਤਾਲਾਂ ਵਿਚ ਕਈ ਵਾਰ ਨਕਦੀ ਰਹਿਤ ਇਲਾਜ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਕਈ ਵਾਰ ਕਲੇਮ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਕਈ ਵਾਰ ਮਰੀਜ਼ ਬੀਮਾ ਕੰਪਨੀਆਂ ਦਾ ਅਦਾਇਗੀ ਲਈ ਮਹੀਨਿਆਂ ਬੱਧੀ ਪਿੱਛਾ ਕਰਦੇ ਰਹਿੰਦੇ ਹਨ। ਇਹ ਸ਼ੋਸ਼ਣ ਹੈ। ਸਿਹਤ ਬੀਮਾ ਇੱਕ ਜੂਆ ਨਹੀਂ ਹੋਣਾ ਚਾਹੀਦਾ। ਇਹ ਇੱਕ ਗਰੰਟੀ ਹੋਣੀ ਚਾਹੀਦੀ ਹੈ। ਅਜਿਹੇ ਹਸਪਤਾਲਾਂ ਤੇ ਬੀਮਾ ਕੰਪਨੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਪਾਣੀ ਪ੍ਰਦੂਸ਼ਣ ਦਾ ਵੀ ਚੁੱਕਿਆ ਮੁੱਦਾ
ਇਸ ਦੌਰਾਨ ਉਨ੍ਹਾਂ ਨੇ ਸੰਸਦ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸੰਕਟ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਭੂਮੀਗਤ ਪਾਣੀ ਤੇਜ਼ੀ ਨਾਲ ਘੱਟ ਰਿਹਾ ਹੈ ਅਤੇ ਖ਼ਤਰਨਾਕ ਤੌਰ 'ਤੇ ਪਾਣੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਨੇ ਸੰਸਦ ਵਿਚ 3 ਕਰੋੜ ਪੰਜਾਬੀਆਂ ਦੀਆਂ ਚਿੰਤਾਵਾਂ ਨੂੰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਦਰਿਆ ਸੁੰਗੜਦੇ ਜਾ ਰਹੇ ਹਨ, ਜਲ ਭੰਡਾਰ ਖਤਮ ਹੁੰਦੇ ਜਾ ਰਹੇ ਹਨ ਅਤੇ ਯੂਰੇਨੀਅਮ-ਭਾਰੀ ਧਾਤਾਂ ਪਾਣੀ ਵਿੱਚ ਵਹਿ ਰਹੀਆਂ ਹਨ ਜਿਸ 'ਤੇ ਸਾਡੇ ਲੋਕ ਨਿਰਭਰ ਕਰਦੇ ਹਨ। ਭਾਰਤ ਦੇ ਅੰਨ ਭੰਡਾਰ, ਪੰਜਾਬ ਨੇ ਇੱਕ ਵਾਰ ਹਰੀ ਕ੍ਰਾਂਤੀ ਰਾਹੀਂ ਪੂਰੇ ਦੇਸ਼ ਨੂੰ ਪੋਸ਼ਣ ਦਿੱਤਾ, ਭਾਰਤ ਨੂੰ ਭੁੱਖਮਰੀ ਅਤੇ ਅਕਾਲ ਤੋਂ ਬਾਹਰ ਕੱਢਿਆ ਪਰ ਅੱਜ, ਸਾਨੂੰ ਇਸਦਾ ਸਭ ਤੋਂ ਵੱਡਾ ਬੋਝ ਝੱਲਣਾ ਪੈ ਰਿਹਾ ਹੈ। ਇਹ ਹੁਣ ਇਕੱਲੇ ਪੰਜਾਬ ਦਾ ਸੰਕਟ ਨਹੀਂ ਹੈ। ਸੰਕਟ ਦੀ ਇਸ ਘੜੀ ਵਿੱਚ ਕੌਮ ਨੂੰ ਪੰਜਾਬ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।
ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਟਿੱਪਰ ਦੀ ਟੱਕਰ 'ਚ 10 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖਮੀ (ਤਸਵੀਰਾਂ)
NEXT STORY