ਜਲੰਧਰ, (ਸ਼ਾਹ)- ਭਗਤ ਸਿੰਘ ਨਗਰ ਨਿਵਾਸੀ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਕਸਤੂਰੀ ਲਾਲ ਸ਼ਰਮਾ ਦੇ ਪੋਤੇ ਦੀ ਸੀਵਰੇਜ ਡਿਸਪੋਜ਼ਲ ਦੇ ਖੂਹ 'ਚ ਡਿੱਗਣ ਨਾਲ ਹੋਈ ਮੌਤ ਨੂੰ ਅੱਜ 11 ਦਿਨ ਬੀਤ ਚੁੱਕੇ ਹਨ। ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤਕ ਇਹ ਰਹੱਸ ਹੀ ਬਣਿਆ ਹੋਇਆ ਹੈ ਕਿ ਆਖਿਰ ਰਾਹੁਲ ਇਸ ਖੂਹ 'ਚ ਕਿਵੇਂ ਡਿੱਗਿਆ? ਇਸ ਕੇਸ ਦੀ ਜਾਂਚ ਥਾਣਾ ਨੰਬਰ 1 ਦੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਪਰ ਅਫਸੋਸ ਇੰਨੇ ਦਿਨ ਬੀਤਣ ਦੇ ਬਾਵਜੂਦ ਪੁਲਸ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ।
ਰਾਹੁਲ ਦੇ ਦਾਦਾ ਸਾਬਕਾ ਕੌਂਸਲਰ ਕਸਤੂਰੀ ਲਾਲ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਉਨ੍ਹਾਂ ਦਾ ਪੋਤਾ ਤਾਂ ਹਾਸਲ ਨਹੀਂ ਹੋ ਸਕਦਾ ਪਰ ਇਸ ਘਟਨਾ ਦੇ ਪਿੱਛੇ ਦੀ ਮਿਸਟਰੀ ਨੂੰ ਪੁਲਸ ਪ੍ਰਸ਼ਾਸਨ ਨੂੰ ਜ਼ਰੂਰ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਭਵਿੱਖ 'ਚ ਕਿਸੇ ਦੇ ਵੀ ਜਿਗਰ ਦੇ ਟੁਕੜੇ ਨਾਲ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ। ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਰਾਹੁਲ ਦੇ ਮਾਪਿਆਂ 'ਚ ਰੋਸ ਵਧਦਾ ਜਾ ਰਿਹਾ ਹੈ।
ਰਾਹੁਲ ਦੇ ਦਾਦਾ ਕਸਤੂਰੀ ਲਾਲ ਸ਼ਰਮਾ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਜਿਸ ਦਿਨ ਰਾਹੁਲ ਦੀ ਲਾਸ਼ ਖੂਹ 'ਚੋਂ ਬਰਾਮਦ ਹੋਈ ਸੀ, ਉਸ ਦਿਨ ਕਮਿਸ਼ਨਰੇਟ ਪੁਲਸ ਦੇ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਆਪਣੇ ਦਲ-ਬਲ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇਸ ਘਟਨਾ ਦੇ ਪਿੱਛੇ ਲੁਕੀ ਸੱਚਾਈ ਤੋਂ ਪਰਦਾ ਜਲਦ ਉਠਾ ਦੇਣਗੇ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਕਿ ਇਸ ਘਟਨਾ ਦੀ ਹਰ ਐਂਗਲ ਤੋਂ ਜਾਂਚ ਕਰਵਾਵਾਂਗੇ ਪਰ ਅਫਸੋਸ ਹੈ ਕਿ ਅਜੇ ਤਕ ਸਾਡੇ ਕਮਿਸ਼ਨਰ ਸਾਹਿਬ ਵੀ ਇਸ ਗੁੱਥੀ ਨੂੰ ਸੁਲਝਾਉਣ 'ਚ ਸਫਲ ਨਹੀਂ ਹੋ ਸਕੇ। ਕਸਤੂਰੀ ਲਾਲ ਨੇ ਕਿਹਾ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੌਰਾਨ ਉਨ੍ਹਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚੁੱਪ ਨਹੀਂ ਬੈਠਾਂਗਾ ਤੇ ਇਨਸਾਫ ਲੈਣ ਲਈ ਹਰ ਕਦਮ ਉਠਾਵਾਂਗਾ। ਜ਼ਰੂਰਤ ਪਈ ਤਾਂ ਥਾਣੇ ਦਾ ਘਿਰਾਓ ਵੀ ਕੀਤਾ ਜਾਵੇਗਾ।
ਜਲੰਧਰ, (ਸ਼ਾਹ, ਸੁਨੀਲ)- ਬਲਾਕ ਕਾਂਗਰਸ ਪ੍ਰਧਾਨ ਕਸਤੂਰੀ ਲਾਲ ਸ਼ਰਮਾ ਤੇ ਕਾਲੋਨੀ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿਚ ਅਪਰਾਧਿਕ ਅਨਸਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ, ਜਿਸ ਦੌਰਾਨ ਲੋਕਾਂ ਦਾ ਘਰੋਂ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੇ ਨਾਲ ਵਾਪਰੀ ਘਟਨਾ ਤੋਂ ਬਾਅਦ ਤਾਂ ਕਾਲੋਨੀ ਦਾ ਹਰ ਵਿਅਕਤੀ ਡਰਿਆ ਹੋਇਆ ਹੈ ਅਤੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਤੋਂ ਵੀ ਡਰ ਰਿਹਾ ਹੈ। ਬੱਚੇ ਘਰ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ।
ਉਨ੍ਹਾਂ ਨੇ ਜਲੰਧਰ ਦੇ ਸਾਬਕਾ ਪੁਲਸ ਕਮਿਸ਼ਨਰ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਧੀਆ ਕਾਰਗੁਜ਼ਾਰੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਦ ਉਹ ਜਲੰਧਰ ਵਿਚ ਸਨ, ਉਸ ਸਮੇਂ ਅਪਰਾਧਿਕ ਅਨਸਰ ਥਰ-ਥਰ ਕੰਬਦੇ ਸਨ ਪਰ ਅੱਜ ਤਾਂ ਹਾਲਾਤ ਇਹ ਹਨ ਕਿ ਰੋਜ਼ਾਨਾ ਸ਼ਹਿਰ ਵਿਚ ਦਿਨ-ਦਿਹਾੜੇ ਕਤਲ, ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਕਸਤੂਰੀ ਲਾਲ ਸ਼ਰਮਾ ਨੇ ਕਿਹਾ ਕਿ ਜੇਕਰ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਵੀ ਜਲੰਧਰ ਵਿਚ ਤਾਇਨਾਤ ਹੁੰਦੇ ਤਾਂ ਰਾਹੁਲ ਦੀ ਮੌਤ ਦਾ ਰਹੱਸ ਕਦੋਂ ਦਾ ਖੁੱਲ੍ਹ ਗਿਆ ਹੁੰਦਾ।
ਆਵਾਰਾ ਕੁੱਤਿਆਂ ਦੇ ਝੁੰਡਾਂ ਨੇ ਸ਼ਹਿਰ ਵਾਸੀਆਂ ਦਾ ਘਰੋਂ ਨਿਕਲਣਾ ਕੀਤਾ ਬੰਦ
NEXT STORY