ਤਰਨਤਾਰਨ, (ਰਮਨ)- ਨਗਰ ਕੌਂਸਲ ਦੀ ਕਰੀਬ ਇਕ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਾਸੀ ਆਪਣੇ ਆਸ-ਪਾਸ ਦੇ ਇਲਾਕਿਆਂ ਤੇ ਗਲੀਆਂ 'ਚ ਫਿਰਦੇ ਆਵਾਰਾ ਤੇ ਖੂੰਖਾਰ ਕੁੱਤਿਆਂ ਤੋਂ ਬਹੁਤ ਪ੍ਰੇਸ਼ਾਨ ਹਨ, ਜਿਸ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਰਿਹਾ ਹੈ। ਭਾਵੇਂ ਕੇਂਦਰ ਸਰਕਾਰ ਵੱਲੋਂ ਫੈਮਿਲੀ ਪਲਾਨਿੰਗ ਤਹਿਤ ਅਰਬਾਂ ਰੁਪਏ ਖਰਚ ਕਰ ਕੇ ਆਬਾਦੀ ਨੂੰ ਕੰਟਰੋਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਨਗਰ ਕੌਂਸਲ ਅਤੇ ਵੈਟਰਨਰੀ ਵਿਭਾਗ ਵੱਲੋਂ ਕੋਈ ਉਪਰਾਲੇ ਨਾ ਕਰਨਾ ਹੈਰਾਨੀ ਦੀ ਗੱਲ ਹੈ।
ਦੋ ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਸ਼ਿਕਾਰ
ਬੀਤੇ ਦਿਨੀਂ ਸਥਾਨਕ ਮੁਹੱਲਾ ਗੋਕੁਲਪੁਰਾ ਵਿਖੇ ਵਿਆਹ ਸਮਾਗਮ 'ਚ ਹਿੱਸਾ ਲੈਣ ਆਈ ਦੋ ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਵੱਲੋਂ ਰਾਤ ਭਰ ਸ਼ਿਕਾਰ ਬਣਾਇਆ ਗਿਆ, ਜਿਸ ਕਾਰਨ ਬੱਚੀ ਗੰਭੀਰ ਜ਼ਖਮੀ ਹੋ ਗਈ। ਡਾਕਟਰਾਂ ਵੱਲੋਂ ਬੱਚੀ ਨੂੰ ਤਰਨਤਾਰਨ ਤੋਂ ਅੰਮ੍ਰਿਤਸਰ ਰੈਫਰ ਕਰਨ ਤੋਂ ਬਾਅਦ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਕਈਆਂ ਦੀ ਜਾ ਚੁੱਕੀ ਹੈ ਜਾਨ
ਸਾਲ 2013 ਵਿਚ ਇਕ ਪਾਵਰਕਾਮ ਵਿਚ ਬਤੌਰ ਜੇ. ਈ. ਦੀ ਮੌਤ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਹੋ ਗਈ ਸੀ। ਇਸੇ ਤਰ੍ਹਾਂ ਤਰਨਤਾਰਨ ਦੇ ਨਜ਼ਦੀਕੀ ਪਿੰਡ ਵਿਚ ਇਕ ਛੋਟਾ ਬੱਚਾ ਵੀ ਹਲਕਾਅ ਨਾਲ ਮਰ ਚੁੱਕਾ ਹੈ। ਜ਼ਿਲੇ ਭਰ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ।
ਦਿਨ-ਰਾਤ ਝੁੰਡ ਬਣਾ ਕੇ ਫਿਰਦੇ ਹਨ ਖੂੰਖਾਰ ਕੁੱਤੇ
ਸਥਾਨਕ ਨਗਰ ਕੌਂਸਲ ਅਧੀਨ ਆਉਂਦੀ ਹਰ ਵਾਰਡ ਦੀਆਂ ਗਲੀਆਂ 'ਚ ਆਵਾਰਾ ਕੁੱਤਿਆਂ ਦੇ ਝੁੰਡ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਤੋਂ ਹਰ ਵਿਅਕਤੀ ਡਰਦਾ ਹੈ ਕਿਉਂਕਿ ਇਨ੍ਹਾਂ ਦੇ ਕੱਟਣ ਨਾਲ ਇਨਸਾਨ ਰੈਬੀਜ਼ (ਹਲਕਾਅ) ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਨਾਲ ਇਨਸਾਨ ਦੀ ਮੌਤ ਹੋ ਜਾਂਦੀ ਹੈ। ਗਲੀਆਂ-ਮੁਹੱਲਿਆਂ ਤੇ ਸੜਕਾਂ 'ਤੇ ਫਿਰਦੇ ਇਨ੍ਹਾਂ ਖੂੰਖਾਰ ਕੁੱਤਿਆਂ ਦੇ ਡਰ ਕਾਰਨ ਆਮ ਜਨਤਾ ਖਾਸ ਕਰ ਕੇ ਬੱਚਿਆਂ ਨੇ ਆਪਣੇ ਘਰੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਹੈ। ਇਨ੍ਹਾਂ ਕੁੱਤਿਆ ਵੱਲੋਂ ਰੋਜ਼ਾਨਾ ਹੀ ਹਮਲਾ ਕੀਤੇ ਜਾਣ ਨਾਲ ਲੋਕ ਕਾਫੀ ਪ੍ਰੇਸ਼ਾਨ ਹਨ।
ਮਹਿੰਗੇ ਭਾਅ ਦੇ ਟੀਕੇ ਲਾਉਣ ਲਈ ਹੋਣਾ ਪੈਂਦਾ ਮਜਬੂਰ
ਆਵਾਰਾ ਕੁੱਤਿਆਂ ਦੇ ਕੱਟਣ ਨਾਲ ਹਲਕਾਅ ਹੋਣ ਦਾ ਖਤਰਾ ਬਣ ਜਾਂਦਾ ਹੈ, ਜਿਸ ਤੋਂ ਬਚਣ ਲਈ ਕਈ ਵਾਰ ਤੁਰੰਤ ਪ੍ਰਾਈਵੇਟ ਤੌਰ 'ਤੇ ਮਿਲਣ ਵਾਲੀ ਵੈਕਸੀਨ (3 ਤੋਂ 5 ਟੀਕੇ) ਲਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਦੀ ਬਾਜ਼ਾਰ ਵਿਚ ਕੀਮਤ 350 ਰੁਪਏ ਪ੍ਰਤੀ ਟੀਕਾ ਦੱਸੀ ਜਾਂਦੀ ਹੈ।
ਸੈਂਕੜਿਆਂ ਤੋਂ ਹਜ਼ਾਰਾਂ ਵਿਚ ਬਦਲ ਰਹੀ ਗਿਣਤੀ
ਇਨ੍ਹਾਂ ਕੁੱਤਿਆਂ ਦੀ ਗਿਣਤੀ ਦਿਨ-ਬ-ਦਿਨ ਵਧ ਕੇ ਸੈਂਕੜਿਆਂ ਤੋਂ ਹਜ਼ਾਰਾਂ ਵਿਚ ਤਬਦੀਲ ਹੋ ਰਹੀ ਹੈ, ਜੋ ਇਨਸਾਨਾਂ ਲਈ ਖਤਰਾ ਸਾਬਿਤ ਹੋ ਰਹੀ ਹੈ। ਇਨ੍ਹਾਂ ਆਵਾਰਾ ਕੁੱਤਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਜਿਥੇ ਮਹਿੰਗੇ ਟੀਕੇ ਲਵਾਉਣੇ ਪੈਂਦੇ ਹਨ, ਉਥੇ ਆਪਣੀ ਜਾਨ ਦਾ ਖੌਅ ਵੀ ਡਰਾਉਂਦਾ ਨਜ਼ਰ ਆਉਂਦਾ ਹੈ। ਸ਼ਹਿਰ ਦੇ ਨਜ਼ਦੀਕ ਹੱਡਾ-ਰੋੜ੍ਹੀ ਮੌਜੂਦ ਹੋਣ ਕਾਰਨ ਇਨ੍ਹਾਂ ਕੁੱਤਿਆਂ ਵਿਚ ਹਲਕਾਅ ਦੀ ਬੀਮਾਰੀ ਹੋਣਾ ਤੈਅ ਹੈ ਜੋ ਕਿ ਹਰ ਇਨਸਾਨ ਅਤੇ ਜਾਨਵਰ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਸ਼ਹਿਰ ਵਾਸੀਆਂ ਦੀ ਨਗਰ ਕੌਂਸਲ ਅਤੇ ਸਬੰਧਤ ਵਿਭਾਗ ਤੋਂ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਕੰਟਰੋਲ ਕੀਤਾ ਜਾਵੇ ਜਾਂ ਫਿਰ ਇਨ੍ਹਾਂ ਦੀ ਨਸਬੰਦੀ ਕਰ ਕੇ ਇਨ੍ਹਾਂ ਦੀ ਰੋਜ਼ਾਨਾ ਵਧ ਰਹੀ ਆਬਾਦੀ ਨੂੰ ਕੰਟਰੋਲ ਕੀਤਾ ਜਾਵੇ।
ਟਰੈਕਟਰ ਸਮੇਤ ਚੋਰ ਕਾਬੂ
NEXT STORY