ਜਲੰਧਰ(ਧਵਨ)—ਕਾਂਗਰਸ ਪ੍ਰਧਾਨ ਰਾਹੁਲ ਨੇ 2019 ਦੀਆਂ ਲੋਕਸਭਾ ਦੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਹਰੇਕ ਸੂਬੇ ਦੇ ਜਨਰਲ ਸਕੱਤਰ ਇੰਚਾਰਜਾਂ ਕੋਲੋਂ ਸੰਸਦੀ ਹਲਕਿਆਂ ਨੂੰ ਲੈ ਕੇ ਰਿਪੋਰਟਾਂ ਮੰਗੀਆਂ ਹਨ ਜਿਨ੍ਹਾਂ 'ਚ ਕਾਂਗਰਸ ਦੀ ਮੌਜੂਦਾ ਹਾਲਤ ਬਾਰੇ ਸੂਚਨਾ ਭੇਜਣ ਲਈ ਕਿਹਾ ਗਿਆ ਹੈ। ਵੱਖ-ਵੱਖ ਸੂਬਿਆਂ 'ਚ ਸੂਬਾ ਕਾਂਗਰਸ ਕਮੇਟੀਆਂ ਦੇ ਉੱਪਰ ਜਨਰਲ ਸਕੱਤਰ ਇੰਚਾਰਜਾਂ ਨੂੰ ਕੇਂਦਰੀ ਲੀਡਰਸ਼ਿਪ ਨੇ ਨਿਯੁਕਤ ਕੀਤਾ ਹੋਇਆ ਹੈ। ਜਨਰਲ ਸੱਕਤਰ ਇੰਚਾਰਜਾਂ ਨੂੰ ਰਾਹੁਲ ਨੇ ਨਿਰਦੇਸ਼ ਦਿੱਤੇ ਹਨ ਕਿ ਸੰਗਠਨ 'ਚ ਮਜ਼ਬੂਤੀ ਲਿਆਉਣਾ ਹਰੇਕ ਦਾ ਟੀਚਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਜਿਹਾ ਕਰਕੇ ਵੱਖ-ਵੱਖ ਸੂਬਿਆਂ 'ਚ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਦੀ ਦਿਸ਼ਾ 'ਚ ਕਦਮ ਚੁੱਕਿਆ ਹੈ। ਕਾਂਗਰਸ ਦੇ ਗੁਜਰਾਤ ਇੰਚਾਰਜ ਰਾਜੀਵ ਸਾਤਵ ਨੇ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਸੰਗਠਨ ਦੀ ਅਗਵਾਈ ਵਿਚ ਅਗਲੀਆਂ ਚੋਣਾਂ ਲੜੀਆਂ ਜਾਣਗੀਆਂ। ਪਤਾ ਲੱਗਾ ਹੈ ਕਿ ਰਾਹੁਲ ਨੇ ਸੂਬਾ ਇੰਚਾਰਜਾਂ ਨੂੰ ਕਿਹਾ ਹੈ ਕਿ ਉਹ ਬੂਥਾਂ ਦੇ ਅਨੁਸਾਰ ਮਜ਼ਬੂਤ ਤੇ ਕਮਜ਼ੋਰ ਮੁੱਦਿਆਂ ਦੀ ਪਛਾਣ ਕਰਨ। ਬੂਥ ਪੱਧਰ 'ਤੇ ਵਰਕਰਾਂ ਦੀ ਪਛਾਣ ਕੀਤੀ ਜਾਵੇ ਅਤੇ ਭਾਜਪਾ ਦਾ ਅਸਰਦਾਇਕ ਢੰਗ ਨਾਲ ਮੁਕਾਬਲਾ ਕਰਨ ਲਈ ਸਥਾਨਕ ਮੁੱਦਿਆਂ ਨੂੰ ਚੁੱਕਿਆ ਜਾਵੇ। ਪਾਰਟੀ ਲੀਡਰਸ਼ਿਪ ਨੇ ਸ਼ਕਤੀ ਪ੍ਰਾਜੈਕਟ 'ਤੇ ਜ਼ੋਰ ਦੇਣ ਦੇ ਹੁਕਮ ਵੀ ਦਿੱਤੇ ਹਨ। ਜਿਸ ਦੇ ਤਹਿਤ ਵਰਕਰਾਂ ਦੇ ਨਾਲ ਸਿੱਧੀ ਗੱਲਬਾਤ ਸੂਬਾ ਇਕਾਈਆਂ ਨੇ ਕਰਨੀ ਹੈ। 1 ਅਗਸਤ ਤੋਂ ਰਾਹੁਲ ਗਾਂਧੀ ਵਲੋਂ ਸੂਬਿਆਂ ਦੇ ਮਹੱਤਵਪੂਰਨ ਆਗੂਆਂ ਨਾਲ ਬੈਠਕਾਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਤਾਂਕਿ ਉਨ੍ਹਾਂ ਕੋਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਫੀਡਬੈਕ ਲਈ ਜਾ ਸਕੇ। ਕਾਂਗਰਸ ਵਰਕਿੰਗ ਕਮੇਟੀ ਦੀ ਹਾਲ ਹੀ 'ਚ ਹੋਈ ਬੈਠਕ ਵਿਚ ਰਾਹੁਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਅਨੁਸਾਸ਼ਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ।
ਪੰਜਾਬ ਕਾਂਗਰਸ ਚੋਣਾਂ ਦਾ ਸਾਹਮਣਾ ਕਰਨ ਲਈ ਕਦੇ ਵੀ ਤਿਆਰ : ਜਾਖੜ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸੂਬਾ ਇਕਾਈ ਲੋਕ ਸਭਾ ਚੋਣਾਂ ਦਾ ਸਾਹਮਣਾ ਕਰਨ ਲਈ ਕਦੀ ਵੀ ਤਿਆਰ ਹੈ। ਪਾਰਟੀ ਨੇ ਸੰਗਠਨਾਂ ਨੂੰ ਮਜ਼ਬੂਤ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨਾਲ ਸੰਮੇਲਨ ਵੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਵਿਚ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਹੋਰ ਸੀਨੀਅਰ ਆਗੂ ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿਚ ਅਸੀਂ ਜਨਤਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ। ਜਾਖੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਆਪਣੇ ਬਲਬੁਤੇ 'ਤੇ ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਾਂਗ ਬੁਰੀ ਤਰ੍ਹਾਂ ਹਰਾਉਣ 'ਚ ਕਾਮਯਾਬ ਰਹੇਗੀ ਕਿਉਂਕਿ ਪਿਛਲੇ ਸਵਾ ਸਾਲ ਦੇ ਕਾਰਜਕਾਲ ਵਿਚ ਕੈਪਟਨ ਸਰਕਾਰ ਨੇ ਮਾਫੀਆ ਰਾਜ ਅਤੇ ਗੈਂਗਸਟਰਾਂ ਦਾ ਖਾਤਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ। ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਮੁਹਿੰਮ ਸ਼ਿਖਰ 'ਤੇ ਚੱਲ ਰਹੀ ਹੈ।
ਗੇਟ ਹਕੀਮਾਂ ’ਚ ਘਰੇਲੂ ਗੈਸ ਸਿਲੰਡਰਾਂ ਨੂੰ ਲੱਗੀ ਅੱਗ
NEXT STORY