ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਅੰਦਰ ਯੂਥ ਕਾਂਗਰਸ ਦੇ ਸਮੁੱਚੇ ਢਾਂਚੇ ਵਿਚ ਵੱਡਾ ਫੇਰ-ਬਦਲ ਕਰਦਿਆਂ 45 ਮੈਂਬਰੀ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਇਸ ਤਹਿਤ ਆਲ ਇੰਡੀਆ ਯੂਥ ਕਾਂਗਰਸ ਦੀ ਪੁਰਾਣੀ 37 ਮੈਂਬਰੀ ਕਮੇਟੀ ਨੂੰ ਭੰਗ ਕਰ ਕੇ 45 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਾਂਗਰਸ ਲੀਡਰਸ਼ਿਪ ਵੱਲੋਂ ਪਿਛਲੀ 37 ਮੈਂਬਰੀ ਟੀਮ 'ਚੋਂ 14 ਮੈਂਬਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ, ਜਦਕਿ 23 ਪੁਰਾਣੇ ਮੈਂਬਰਾਂ ਨੂੰ ਨਵੇਂ ਢਾਂਚੇ 'ਚ ਸ਼ਾਮਲ ਕਰਨ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਤੋਂ 22 ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਇਸ ਨਾਲ ਹੀ ਪੁਰਾਣੀ ਟੀਮ 'ਚ ਸ਼ਾਮਲ 5 ਸਕੱਤਰਾਂ ਨੂੰ ਪਦਉੱਨਤ ਕਰ ਕੇ ਜਨਰਲ ਸਕੱਤਰ ਬਣਾਇਆ ਗਿਆ ਹੈ।
6 ਜਨਰਲ ਸਕੱਤਰ ਤੇ 37 ਬਣਾਏ ਸਕੱਤਰ
ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਇੰਚਾਰਜ ਕ੍ਰਿਸ਼ਨਾ ਐਲੇਵੀਰਾ ਦੀ ਸਿਫ਼ਾਰਿਸ਼ 'ਤੇ ਰਾਹੁਲ ਗਾਂਧੀ ਵੱਲੋਂ ਨਵੇਂ ਢਾਂਚੇ ਦੀ ਮਨਜ਼ੂਰ ਕੀਤੀ ਗਈ ਸੂਚੀ 'ਚ 6 ਜਨਰਲ ਸਕੱਤਰ ਤੇ 37 ਸਕੱਤਰਾਂ ਤੋਂ ਇਲਾਵਾ ਇਕ ਸਪੋਕਸਪਰਸਨ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚੋਂ ਗੁਰਭੇਜ ਟਿੱਬੀ, ਜਗਦੀਪ ਕੰਬੋਜ ਤੇ ਜਗਦੇਵ ਗੱਗਾ ਪੰਜਾਬ ਨਾਲ ਸਬੰਧਤ ਹਨ, ਜਦਕਿ ਪਿਛਲੀ ਟੀਮ 'ਚ ਪੰਜਾਬ ਨਾਲ ਸਬੰਧਤ ਸਿਰਫ਼ ਇਕੋ-ਇਕ ਨੌਜਵਾਨ ਸੀ। ਇਨ੍ਹਾਂ ਤੋਂ ਇਲਾਵਾ ਇਸ ਵਾਰ ਹਰਿਆਣੇ ਦੇ 4 ਨੌਜਵਾਨ ਨਵੀਂ ਟੀਮ 'ਚ ਸ਼ਾਮਲ ਕੀਤੇ ਗਏ ਹਨ। ਨਵੇਂ ਐਲਾਨੇ ਗਏ ਜਨਰਲ ਸਕੱਤਰਾਂ 'ਚ ਦਵਿੰਦਰ, ਪ੍ਰਤਿਭਾ, ਰਘੁਵੰਸ਼ੀ, ਰਵਿੰਦਰ ਦਾਸ, ਸ਼ਫੀ, ਸੀਤਾ ਰਾਮ ਲਾਂਬਾ, ਨਿਵਾਸ ਬੀਵੀ ਸ਼ਾਮਲ ਹਨ, ਜਦਕਿ ਨਵੇਂ 37 ਸਕੱਤਰਾਂ 'ਚ ਪੰਜਾਬ ਦੇ ਉਪਰੋਕਤ ਤਿੰਨਾਂ ਨੌਜਵਾਨਾਂ ਤੋਂ ਇਲਾਵਾ ਆਬਿਦ ਕਸ਼ਮੀਰੀ, ਅਮਿਤ ਯਾਦਵ, ਅਨੰਦ ਸ਼ੰਕਰ, ਦੀਪਕ ਮਿਸ਼ਰਾ, ਧੀਰਜ ਮੀਨਾ, ਹੇਮੰਤ ਅੋਗਲੇ, ਜੇ. ਬੀ. ਮਾਥੁਰ, ਮੋਨਾ ਲਿਸਾ ਬੈਨਰਜੀ, ਪ੍ਰਵੀਨ ਕੁਮਾਰ, ਪੂਰਨਾ ਚੰਦਰ, ਰੋਜ਼ੀ ਲੀਨਾ, ਸੰਦੀਪ ਵਾਲਮੀਕੀ, ਸੰਤੋਸ਼ ਕੋਲਕੂੰਡ, ਸਰੀਫਾ ਰਹਿਮਾਨ, ਸ਼ਸ਼ੀਪਾਲ ਸਿੰਘ, ਤਕੀਰ ਆਲਮ, ਵੂਟਲਾਵਾਰਾ ਪ੍ਰਸ਼ਾਦ, ਸੈਕ ਅਬਦੁਲ, ਰੇਰੀ ਕਿਰਵੇ, ਡਾ. ਪਲਕ, ਹਰਪਾਲ, ਜਗਦੇਵ, ਸਹਿਜ਼ਦ ਖ਼ਾਨ, ਖੂਸ਼ਬੂ ਸ਼ਰਮਾ, ਵਨੀਤ ਕੰਬੋਜ, ਰੂਸ਼ੀਕੇਸ ਬੰਟੀ, ਸ਼ਰੂਤੀ, ਮੁਹੰਮਦ ਇਮਰਾਨ ਅਲੀ, ਅੰਕੁਰ ਵਰਮਾ, ਸਰਵੇਸ ਕੁਮਾਰ, ਦੀਪਕ ਭੱਟੀ, ਸੰਜੈ ਯਾਦਵ, ਮਨੀਸ਼ ਚੌਧਰੀ, ਅਨੀਰੁਧ ਸਿੰਘ ਅਤੇ ਚਿਰੰਜੀਵ ਰਾਓ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਸ਼ ਰੰਜਨ ਪਾਂਡੇ ਨੂੰ ਸਪੋਕਸ ਪਰਸਨ ਨਿਯੁਕਤ ਕੀਤਾ ਗਿਆ।
ਗੈਰ-ਸਿਆਸਤ ਨਾਲ ਸਬੰਧਤ ਹਨ ਬਹੁਤੇ ਨੌਜਵਾਨ
ਇਸ ਸੂਚੀ ਨੂੰ ਜਾਰੀ ਕਰਨ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਵੱਲੋਂ ਲੰਬੀ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ, ਜਿਸ ਵਿਚ ਵੱਖ-ਵੱਖ ਸੂਬਿਆਂ 'ਚ ਚੰਗਾ ਕੰਮ ਕਰਨ ਵਾਲੇ ਨੌਜਵਾਨਾਂ ਦੀ ਚੋਣ ਕਰ ਕੇ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਸਨ। ਉਪਰੰਤ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਬੁਲਾ ਕੇ ਵੱਖ-ਵੱਖ ਪੜਾਵਾਂ 'ਚ ਇੰਟਰਵਿਊ ਵੀ ਲਈ ਗਈ। ਇਸ ਤਹਿਤ ਪੰਜਾਬ ਦੇ ਇਕ ਤੋਂ ਡੇਢ ਦਰਜਨ ਨੌਜਵਾਨਾਂ 'ਚੋਂ 3 ਨੌਜਵਾਨਾਂ ਨੂੰ ਇਸ ਜਥੇਬੰਦਕ ਢਾਂਚੇ 'ਚ ਨੁਮਾਇੰਦਗੀ ਦਿੱਤੀ ਗਈ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੰਜਾਬ ਨਾਲ ਸਬੰਧਤ ਹਨ ਜੋ ਇਸ ਨਵੀਂ ਟੀਮ ਦੀ ਅਗਵਾਈ ਕਰਨਗੇ। ਇਥੇ ਇਹ ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਜਿਥੇ ਪੂਰੀ ਤਰ੍ਹਾਂ ਗ਼ੈਰ-ਸਿਆਸੀ ਪਿਛੋਕੜ ਵਾਲੇ ਨੌਜਵਾਨ ਹਨ, ਉਥੇ ਨਵੇਂ ਬਣਾਏ ਸਕੱਤਰ ਗੁਰਭੇਜ ਸਿੰਘ ਟਿੱਬੀ, ਜਗਦੀਪ ਕੰਬੋਜ ਅਤੇ ਜਗਦੇਵ ਗੱਗਾ ਵੀ ਗ਼ੈਰ-ਸਿਆਸੀ ਪਿਛੋਕੜ ਵਾਲੇ ਹਨ। ਇਨ੍ਹਾਂ ਵਿਚੋਂ ਗੁਰਭੇਜ ਟਿੱਬੀ ਫ਼ਿਰੋਜ਼ਪੁਰ ਜ਼ਿਲੇ ਨਾਲ ਸਬੰਧਤ ਹਨ ਜੋ ਪੰਜਾਬ ਯੂਥ ਕਾਂਗਰਸ ਦੀਆਂ ਪਿਛਲੀਆਂ ਚੋਣਾਂ ਦੌਰਾਨ ਸੂਬੇ ਦੇ ਜਨਰਲ ਸਕੱਤਰ ਚੁਣੇ ਗਏ ਸਨ ਅਤੇ ਇਸ ਤੋਂ ਪਹਿਲਾਂ ਉਹ ਐੱਨ. ਐੱਸ. ਯੂ. ਆਈ. ਜ਼ਿਲਾ ਪ੍ਰਧਾਨ ਅਤੇ ਸੂਬਾਈ ਕਾਰਜਕਾਰੀ ਪ੍ਰਧਾਨ ਸਮੇਤ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਭਰਾ ਹਰਪਾਲ ਟਿੱਬੀ ਵੀ ਐੱਨ. ਐੱਸ. ਯੂ. ਆਈ. ਦਾ ਸਰਗਰਮ ਆਗੂ ਹੈ, ਜਿਸ ਨੂੰ ਦੇਸ਼ ਭਰ 'ਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਜ਼ਿਲਾ ਪ੍ਰਧਾਨ ਵਜੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਗੁਜਰਾਤ ਚੋਣਾਂ ਦੌਰਾਨ ਕੋਆਰਡੀਨੇਟਰ ਰਹਿਣ ਤੋਂ ਇਲਾਵਾ ਗੁਰਭੇਜ ਟਿੱਬੀ ਯੂਥ ਕਾਂਗਰਸ ਦੇ ਇਲੈਕਸ਼ਨ ਕਮਿਸ਼ਨ 'ਚ 6 ਸੂਬਿਆਂ ਦੇ ਰਿਟਰਨਿੰਗ ਅਫ਼ਸਰ ਦੀ ਜ਼ਿੰਮੇਵਾਰੀ ਵੀ ਨਿਭਾਅ ਚੁੱਕੇ ਹਨ। ਇਸੇ ਤਰ੍ਹਾਂ ਜਗਦੀਪ ਕੰਬੋਜ ਗੋਲਡੀ ਜਲਾਲਾਬਾਦ ਹਲਕੇ ਨਾਲ ਸਬੰਧਤ ਹਨ ਅਤੇ ਉਹ ਵੀ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਜਾਣ ਤੋਂ ਇਲਾਵਾ ਹੋਰ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਦਿੜ੍ਹਬਾ ਹਲਕੇ ਨਾਲ ਸਬੰਧਤ ਜਗਦੇਵ ਸਿੰਘ ਗਾਗਾ ਵੀ 2 ਵਾਰ ਅਸੈਂਬਲੀ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਯੂਥ ਕਾਂਗਰਸ ਦੇ ਸਕੱਤਰ ਰਹਿ ਚੁੱਕੇ ਹਨ ਜਿਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਵੱਖ-ਵੱਖ ਚੋਣਾਂ ਅਤੇ ਹੋਰ ਪ੍ਰੋਗਰਾਮਾਂ 'ਚ ਅਹਿਮ ਭੂਮਿਕਾ ਨਿਭਾਈ ਹੈ।
ਜਲੰਧਰ : ਹਥਿਆਰਾਂ ਨਾਲ ਲੈਸ ਗੁੰਡਿਆਂ ਅੱਗੇ ਦੌੜਦੇ ਹੋਏ ਮਾਰੀ ਟਰੇਨ ਮੂਹਰੇ ਛਾਲ
NEXT STORY