ਚੰਡੀਗੜ੍ਹ, (ਪਰਾਸ਼ਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਦੇ ਸਿੱਖ ਕਤਲੇਆਮ 'ਚ ਆਪਣੀ ਪਾਰਟੀ ਦੀ ਭੂਮਿਕਾ ਬਾਰੇ ਕੌਮਾਂਤਰੀ ਫੋਰਮ ਅੱਗੇ ਝੂਠ ਬੋਲਣ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਅਜਿਹੇ ਪਰਿਵਾਰ ਦੀ ਨੁਮਾਇੰਦਗੀ ਕਰਦਾ ਹੈ, ਜਿਸ ਨੇ ਇੰਦਰਾ ਗਾਂਧੀ ਦੇ ਹੁੰਦਿਆਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੈਂਕ ਚਾੜ੍ਹੇ ਸਨ। ਉਸ ਦੇ ਪਿਤਾ ਰਾਜੀਵ ਗਾਂਧੀ ਨੇ ਹਜ਼ਾਰਾਂ ਨਿਰਦੋਸ਼ਾਂ ਦੇ ਕਤਲੇਆਮ ਨੂੰ ਸਹੀ ਠਹਿਰਾਇਆ ਸੀ। ਸੁਖਬੀਰ ਨੇ ਕਿਹਾ ਕਿ ਰਾਹੁਲ ਕਿੰਨੀ ਵਾਰ ਪੰਜਾਬ ਆ ਚੁੱਕਾ ਹੈ ਪਰ ਉਸ ਨੇ ਕਦੇ ਵੀ ਦਿੱਲੀ ਦੇ ਭਿਆਨਕ ਕਤਲੇਆਮ ਲਈ ਜਾਂ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਲਈ ਸਿੱਖਾਂ ਤੋਂ ਮੁਆਫੀ ਬਾਰੇ ਨਹੀਂ ਸੋਚਿਆ।
ਬਾਦਲ ਨੇ ਇਹ ਗੱਲ ਰਾਹੁਲ ਗਾਂਧੀ ਵਲੋਂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਦਿੱਤੇ ਇਕ ਭਾਸ਼ਣ ਉਤੇ ਟਿੱਪਣੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਨਿਰਦੋਸ਼ ਲੋਕਾਂ ਦੇ ਹੋਏ ਇਸ ਸਭ ਤੋਂ ਘਿਨੌਣੇ ਕਤਲੇਆਮ ਬਾਰੇ ਚਿੱਟਾ ਝੂਠ ਬੋਲਣ ਅਤੇ ਮਗਰਮੱਛ ਦੇ ਹੰਝੂ ਵਹਾਉਣ ਲਈ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਗਿਆ ਜਦਕਿ ਸੱਚਾਈ ਇਹ ਹੈ ਕਿ ਗਾਂਧੀ ਪਰਿਵਾਰ ਨੇ ਕਤਲੇਆਮ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਨਾ ਸਿਰਫ ਪੁਸ਼ਤਪਨਾਹੀ ਕੀਤੀ, ਸਗੋਂ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਵੀ ਪ੍ਰਦਾਨ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਇਕ ਵੀ ਕਤਲ ਹੁੰਦਾ ਹੈ ਤਾਂ ਦੋਸ਼ੀ ਨੂੰ ਸਜ਼ਾ ਮਿਲਦੀ ਹੈ ਪਰ ਗਾਂਧੀ ਪਰਿਵਾਰ ਨੇ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਦੋਸ਼ੀਆਂ ਖ਼ਿਲਾਫ ਕਦੇ ਐੱਫ. ਆਈ. ਆਰ. ਵੀ ਦਰਜ ਨਹੀਂ ਹੋਣ ਦਿੱਤੀ, ਇਥੋਂ ਤੱਕ ਕਿ ਇਨ੍ਹਾਂ ਦੋਸ਼ੀਆਂ ਨੂੰ ਚਾਰਜਸ਼ੀਟ ਵੀ ਨਹੀਂ ਕੀਤਾ ਗਿਆ ਸਗੋਂ ਯੂ. ਪੀ. ਏ. ਸਰਕਾਰ ਦੌਰਾਨ ਗਾਂਧੀ ਪਰਿਵਾਰ ਨੇ ਇਨ੍ਹਾਂ ਦੋਸ਼ੀਆਂ ਨੂੰ ਕਲੀਨ ਚਿੱਟ ਦਿਵਾਉਣ ਲਈ ਸੀ. ਬੀ. ਆਈ. ਉਤੇ ਵੀ ਦਬਾਅ ਪਾਇਆ ਤੇ ਉਲਟਾ ਇਨਾਮ ਵਜੋਂ ਮੰਤਰੀਆਂ ਦੇ ਅਹੁਦੇ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਇਨ੍ਹਾਂ ਦੋਸ਼ੀਆਂ ਕਮਲਨਾਥ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਕਾਂਗਰਸ ਤੋਂ ਕਿਉਂ ਹਿਫਾਜ਼ਤ ਕੀਤੀ ਹੈ? ਜੇ ਹੁਣ ਉਹ ਦਾਅਵਾ ਕਰਦਾ ਕਿ ਉਸ ਨੂੰ ਕਤਲੇਆਮ ਦਾ ਦੁੱਖ ਹੈ ਤਾਂ ਕੀ ਉਹ ਇਨ੍ਹਾਂ ਦੋਸ਼ੀਆਂ ਨੂੰ ਅਜਿਹੇ ਅਣਮਨੁੱਖੀ ਕਾਰੇ ਲਈ ਪਾਰਟੀ ਵਿਚੋਂ ਬਾਹਰ ਕੱਢੇਗਾ?
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਅਤੇ ਉਸ ਦਾ ਪਰਿਵਾਰ ਸਿੱਖ ਵਿਰੋਧੀ ਹਨ। ਸਿੱਖਾਂ ਅਤੇ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦਿਆਂ 'ਤੇ ਉਨ੍ਹਾਂ ਦੇ ਹਮੇਸ਼ਾ ਦੋਹਰੇ ਮਾਪਦੰਡ ਰਹੇ ਹਨ। ਸੁਖਬੀਰ ਨੇ ਕਿਹਾ ਕਿ ਉਹ ਪਹਿਲਾਂ ਪੰਜਾਬੀਆਂ ਨੂੰ ਰਾਸ਼ਟਰ-ਵਿਰੋਧੀ ਕਹਿੰਦੇ ਸਨ, ਜਦੋਂ ਅਜਿਹਾ ਕਹਿਣ ਨਾਲ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਸਾਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ, ਜਦੋਂ ਇਹ ਸਾਜ਼ਿਸ਼ ਵੀ ਨਾਕਾਮ ਹੋ ਗਈ ਤਾਂ ਉਨ੍ਹਾਂ ਦੀ ਤਾਜ਼ਾ ਮੁਹਿੰਮ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਸੀ, ਜਿਸ ਦਾ ਭਾਂਡਾ ਏਮਜ਼ ਅਤੇ ਪੀ. ਜੀ. ਆਈ. ਨੇ ਭੰਨ ਦਿੱਤਾ ਹੈ।
ਸਰਕਾਰੀ ਕਣਕ ਨੂੰ ਮਹਿੰਗੇ ਭਾਅ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ
NEXT STORY