ਚੰਡੀਗਡ਼੍ਹ, (ਸੁਸ਼ੀਲ)-ਵਿਦਿਆਰਥੀ ਸੰਘ ਦੀਅਾਂ ਚੋਣਾਂ ਦੇ ਮੱਦੇਨਜ਼ਰ ਪੀ. ਯੂ. ਕੈਂਪਸ ਵਿਚ ਆਊਟਸਾਈਡਰਾਂ ’ਤੇ ਸ਼ਿਕੰਜਾ ਕੱਸਣ ਲਈ ਸੈਕਟਰ-11 ਥਾਣਾ ਪੁਲਸ ਨੇ ਐਤਵਾਰ ਤਡ਼ਕੇ 3 ਵਜੇ ਪੀ. ਯੂ. ਦੇ ਹੋਸਟਲਾਂ ’ਚ ਛਾਪੇਮਾਰੀ ਕੀਤੀ। ਡੀ. ਐੱਸ. ਪੀ. ਸੈਂਟਰਲ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੈਕਟਰ-11 ਥਾਣਾ ਇੰਚਾਰਜ ਲਖਬੀਰ ਸਿੰਘ ਨੇ ਹੋਸਟਲਾਂ ਵਿਚ ਛਾਪੇਮਾਰੀ ਕਰਨ ਲਈ 10 ਸਪੈਸ਼ਲ ਟੀਮਾਂ ਬਣਾਈਆਂ ਤੇ ਸਾਰੀਆਂ ਟੀਮਾਂ ਨੇ ਪੀ. ਯੂ. ਦੇ ਹੋਸਟਲਾਂ ’ਚ ਇਕੱਠਿਆਂ ਛਾਪੇ ਮਾਰੇ। ਛਾਪੇਮਾਰੀ ਦੌਰਾਨ ਪੀ. ਯੂ. ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਤੇ ਹੋਸਟਲਾਂ ਦੇ ਚਾਰੇ ਪਾਸੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ। ਸਾਢੇ 3 ਘੰਟਿਅਾਂ ਦੀ ਕਾਰਵਾਈ ਵਿਚ ਪੁਲਸ ਨੇ ਪੀ. ਯੂ. ਦੇ ਹੋਸਟਲਾਂ ਵਿਚੋਂ 8 ਆਊਟਸਾਈਡਰਾਂ ਨੂੰ ਦਬੋਚਿਆ। ਇਨ੍ਹਾਂ ਦੀ ਪਛਾਣ ਲੁਧਿਆਣਾ ਨਿਵਾਸੀ ਅਸ਼ਵਨੀ ਕੁਮਾਰ, ਮਨੀਸ਼, ਦਿੱਲੀ ਦੇ ਗਿਰਧਾਰੀ ਝਾਅ, ਫਿਰੋਜ਼ਪੁਰ ਨਿਵਾਸੀੇ ਲਵਕੇਸ਼, ਫਾਜ਼ਿਲਕਾ ਨਿਵਾਸੀ ਰਣਜੀਤ ਕੁਮਾਰ, ਹਿਮਾਚਲ ਪ੍ਰਦੇਸ਼ ਨਿਵਾਸੀ ਸ਼ਿਤਿਜ ਸ਼ਰਮਾ, ਕੈਥਲ ਨਿਵਾਸੀ ਸੰਦੀਪ ਤੇ ਸੁਨੀਲ ਕੁਮਾਰ ਵਜੋਂ ਹੋਈ। ਸੈਕਟਰ-11 ਥਾਣਾ ਪੁਲਸ ਨੇ ਇਨ੍ਹਾਂ ਸਾਰਿਆਂ ’ਤੇ ਕੇਸ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਸੰਘ ਦੀਅਾਂ ਚੋਣਾਂ ਸ਼ਾਂਤੀ ਨਾਲ ਕਰਵਾਉਣ ਲਈ ਪੁਲਸ ਹਰ ਕੋਸ਼ਿਸ਼ ਕਰ ਰਹੀ ਹੈ।
ਬਰਸਾਤੀ ਪਾਣੀ ਦੇ ਨਿਕਾਸ ’ਚ ਰੁਕਾਵਟਾਂ ਪਾਉਣ ਵਾਲਿਆਂ ਖਿਲਾਫ ਹੋਵੇ ਸਖ਼ਤ ਕਾਰਵਾਈ
NEXT STORY