ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੇਂ ਡਿਜ਼ਾਈਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਇਸ ਡਿਜ਼ਾਈਨ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ (ਆਈਆਰਐੱਸਡੀਸੀ) ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਇਸ ਵਿਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਜਾ ਰਹੀ ਹੈ। ਇਸ ਦੇ ਨਕਸ਼ੇ ਤੇ ਡਿਜ਼ਾਈਨ ਨੂੰ ਸਰਕਾਰੀ-ਪ੍ਰਾਈਵੇਟ ਭਾਈਵਾਲੀ ਅਪਰੇਜ਼ਲ ਕਮੇਟੀ ਨੇ ਲੰਘੇ ਵਰ੍ਹੇ 20 ਦਸੰਬਰ ਨੂੰ ਪ੍ਰਵਾਨਗੀ ਦਿੱਤੀ ਹੈ। ਸੂਤਰਾਂ ਅਨੁਸਾਰ ਆਈ. ਆਰ. ਐੱਸ. ਡੀ. ਸੀ. ਦਾ ਦਾਅਵਾ ਹੈ ਕਿ ਸਟੇਸ਼ਨ ਦੀ ਇਮਾਰਤ ਸਿੱਖੀ ਰਵਾਇਤਾਂ ਮੁਤਾਬਕ ਹੋਵੇਗੀ। ਇਸ 'ਤੇ ਲਗਭਗ 300 ਕਰੋੜ ਰੁਪਏ ਖ਼ਰਚ ਆਉਣਗੇ ਅਤੇ ਸਟੇਸ਼ਨ ਦੇ ਸਾਰੇ ਪਲੇਟਫ਼ਾਰਮ ਇਕ ਛੱਤ ਹੇਠ ਲਿਆਂਦੇ ਜਾਣਗੇ। ਅਖ਼ਬਾਰਾਂ ਤੇ ਵਟਸਐਪ 'ਤੇ ਮਿਲ ਰਹੇ ਇਸ ਸਟੇਸ਼ਨ ਦੇ ਤਜਵੀਜ਼ਤ ਡਿਜ਼ਾਈਨ ਅਨੁਸਾਰ ਸਟੇਸ਼ਨ ਵਿਚ ਦਾਖ਼ਲਾ ਸਥਾਨ 'ਤੇ ਇਕ ਕਮਲ ਦੇ ਫੁੱਲ ਦੇ ਆਕਾਰ ਵਾਲਾ ਸਰੋਵਰ ਦਿਖਾਈ ਦੇ ਰਿਹਾ ਹੈ। ਇਸ ਡਿਜ਼ਾਈਨ ਦੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ।
ਇਸ ਸੰਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਦੇ ਮੁਖੀ ਰਹੇ ਹਨ ਅਤੇ ਪੁਰਾਣੀਆਂ ਇਮਾਰਤਾਂ ਦੀ ਦੇਖ-ਰੇਖ ਦੇ ਮਾਹਿਰ ਪ੍ਰੋਫ਼ੈਸਰ ਬਲਵਿੰਦਰ ਸਿੰਘ ਮੁਤਾਬਕ ਭਾਵੇਂ ਵਟਸਐਪ 'ਤੇ ਉਪਲਬਧ ਡਿਜ਼ਾਈਨ 'ਤੇ ਵੱਡੀ ਟਿੱਪਣੀ ਕਰਨਾ ਮੁਮਕਿਨ ਨਹੀਂ ਪਰ ਫਿਰ ਵੀ ਇਹ ਗੱਲ ਬੁਨਿਆਦੀ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਈਨ ਵਿਚ ਸਥਾਨਕ ਇਮਾਰਤਸਾਜ਼ੀ ਦੇ ਰੰਗ ਦਿਖਾਈ ਦੇਣੇ ਚਾਹੀਦੇ ਹਨ। ਉਨ੍ਹਾਂ ਅਨੁਸਾਰ ਅੰਮ੍ਰਿਤਸਰ ਵਿਚ ਸਿੱਖ ਤੇ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਮੌਜੂਦ ਹੈ ਅਤੇ ਉਹ ਡਿਜ਼ਾਈਨ ਦੇ ਬਾਹਰੀ ਪੱਖ ਤੋਂ ਹੀ ਝਲਕਣੀ ਚਾਹੀਦੀ ਹੈ। ਇੰਟਰਨੈਸ਼ਨਲ ਕੌਂਸਿਲ ਆਫ਼ ਮਾਨੂੰਮੈਂਟਸ ਐਂਡ ਸਾਈਟਸ, ਜਿਹੜੀ ਕਿ ਦੁਨੀਆਂ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਤੇ ਸੁਰੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਹੈ, ਦੇ ਇੰਡੀਆ ਚੈਪਟਰ ਦੀ ਮੁਖੀ ਪ੍ਰੋਫ਼ੈਸਰ ਕਿਰਨ ਜੋਸ਼ੀ ਨੇ ਕਿਹਾ ਹੈ ਕਿ ਸਿੱਖ ਇਮਾਰਤਸਾਜ਼ੀ ਵਿਚ ਕਮਲ ਦੇ ਫੁੱਲ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਨਹੀਂ ਹੈ।
ਇਮਾਰਤਸਾਜ਼ੀ ਦਾ ਇਤਿਹਾਸ ਪੜ੍ਹਾਉਂਦੇ ਪ੍ਰੋ. ਜੋਸ਼ੀ ਅਨੁਸਾਰ ਉਨ੍ਹਾਂ ਨੇ ਪੰਜਾਬ ਅਤੇ ਸਿੱਖ ਵਿਰਾਸਤ ਨਾਲ ਸਬੰਧਤ ਕਈ ਅਧਿਐਨ ਕੀਤੇ ਅਤੇ ਕਰਵਾਏ ਹਨ ਅਤੇ ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਕਿਤੇ ਵੀ ਕਮਲ ਦੇ ਫੁੱਲ ਦੇ ਬਿੰਬ ਦੀ ਪ੍ਰਮੁੱਖ ਪਰੰਪਰਾ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਅਨੁਸਾਰ ਸਾਰੀ ਦੁਨੀਆਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਅਤੇ ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ 'ਤੇ ਜੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਇਮਾਰਤਸਾਜ਼ੀ ਦੇਖਣ ਨੂੰ ਮਿਲਣੀ ਚਾਹੀਦੀ ਹੈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਡਿਜ਼ਾਈਨ ਨਾਲ ਹੀ ਸਬੰਧਤ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਕਮਲ ਦੇ ਫੁੱਲ ਨੂੰ ਕੇਂਦਰੀ ਬਿੰਬ ਵਜੋਂ ਉਭਾਰਨਾ ਸਿੱਖ ਵਿਰਾਸਤ ਸਬੰਧੀ ਅਗਿਆਨਤਾ ਦੀ ਨਿਸ਼ਾਨੀ ਹੈ।
ਖੰਨਾ 'ਚ ਧੁੰਦ ਕਾਰਨ ਵਾਪਰਿਆ ਹਾਦਸਾ, 2 ਟਰੱਕਾਂ ਨੂੰ ਲੱਗੀ ਅੱਗ
NEXT STORY