ਅੰਮ੍ਰਿਤਸਰ (ਦਲਜੀਤ, ਜਸ਼ਨ): ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 'ਤੇ ਇਕ ਕਲਯੁੱਗੀ ਮਾਂ ਵੱਲੋਂ 3 ਦਿਨ ਦੇ ਨਵਜਨਮੇ ਬੱਚੇ ਨੂੰ ਮਰਨ ਲਈ ਸੁੱਟ ਦਿੱਤਾ ਗਿਆ। ਰੇਲਵੇ ਪੁਲਸ ਵੱਲੋਂ ਚਾਈਲਡ ਹੈਲਪਲਾਈਨ ਡੈਸਕ ਦੇ ਜ਼ਰੀਏ ਬੱਚੇ ਨੂੰ ਕਬਜ਼ੇ 'ਚ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਚਾਈਲਡ ਵਿਭਾਗ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਬੱਚੇ ਦੀ ਹਾਲਤ ਜਿੱਥੇ ਗੰਭੀਰ ਹੈ, ਉਥੇ ਡਾਕਟਰਾਂ ਵੱਲੋਂ ਬੱਚੇ ਦੀ ਜਾਨ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ 'ਤੇ ਬੀਤੇ ਦਿਨ ਇਕ ਕਲਯੁੱਗੀ ਮਾਂ ਵੱਲੋਂ 3 ਦਿਨ ਦੇ ਨਵਜਾਤ ਬੱਚੇ ਨੂੰ ਪਲੇਟਫਾਰਮ ਨੰਬਰ 6 'ਤੇ ਸੁੱਟ ਦਿੱਤਾ ਗਿਆ। ਪਲੇਟਫਾਰਮ ਤੋਂ ਲੰਘ ਰਹੇ ਇਕ ਕੁਲੀ ਵੱਲੋਂ ਬੱਚੇ ਦੇ ਰੌਣ ਦੀ ਆਵਾਜ਼ ਸੁਣ ਕੇ ਤੁਰੰਤ ਜੀ. ਆਰ. ਪੀ. ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੂੰ ਜਾਣਕਾਰੀ ਦਿੱਤੀ। ਐੱਸ. ਐੱਚ. ਓ. ਨੇ ਪਲੇਟਫਾਰਮ 'ਤੇ ਮੌਜੂਦ ਚਾਈਲਡ ਡੈਸਕ ਹੈਲਪਲਾਈਨ ਦੇ ਅਧਿਕਾਰੀਆਂ ਦੀ ਮਦਦ ਨਾਲ ਤੁਰੰਤ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਬੱਚੇ ਨੂੰ ਨਿੱਕੂ ਯੂਨਿਟ ਦੀ ਮਸ਼ੀਨ 'ਚ ਰੱਖ ਦੇ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ 'ਚ ਜਦੋਂ ਬੱਚੇ ਨੂੰ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਨਾਲ ਠੰਡਾ ਪੈ ਚੁੱਕਿਆ ਸੀ ਅਤੇ ਉਸ ਨੂੰ ਗੰਭੀਰ ਇੰਫੈਕਸ਼ਨ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚੇ ਦੀ ਦੇਖਭਾਲ ਵਿਚ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ।
ਦੂਜੇ ਪਾਸੇ ਸਮਾਜ ਸੇਵਕ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਕਿਹਾ ਕਿ ਲੋਕਾਂ ਨੂੰ ਨਵਜਾਤ ਬੱਚਿਆਂ ਨੂੰ ਸੁੱਟਣ ਦੀ ਬਜਾਏ ਜ਼ਿਲਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਪੰਘੂੜੇ 'ਚ ਪਾ ਦੇਣਾ ਚਾਹੀਦਾ ਹੈ ਤਾਂਕਿ ਬੱਚੇ ਦੀ ਜਾਨ ਬਚ ਜਾਵੇ ਅਤੇ ਉਸ ਦਾ ਠੀਕ ਢੰਗ ਨਾਲ ਪਾਲਣ-ਪੋਸ਼ਣ ਹੋ ਸਕੇ। ਰੇਲਵੇ ਵਿਭਾਗ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
9 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਗੌਂਡਰ ਗਰੁੱਪ ਦੀ ਧਮਕੀ
NEXT STORY