ਗੁਰਦਾਸਪੁਰ (ਹਰਮਨ)-ਮਾਨਸੂਨ ਦੇ ਸੀਜ਼ਨ 'ਚ ਹੁਣ ਤੱਕ ਦੀ ਹੋਈ ਸਭ ਤੋਂ ਜ਼ਿਆਦਾ ਬਾਰਿਸ਼ ਨੇ ਗੁਰਦਾਸਪੁਰ ਸ਼ਹਿਰ 'ਚ ਅੱਜ ਜਲ ਥਲ ਕਰ ਦਿੱਤਾ ਹੈ। ਕੁਝ ਹੀ ਘੰਟਿਆਂ ਅੰਦਰ ਗੁਰਦਾਸਪੁਰ ਵਿੱਚ ਪਏ 152.50 ਮਿਲੀਮੀਟਰ ਮੀਂਹ ਨੇ ਜਿੱਥੇ ਪਾਣੀ ਦੇ ਨਿਕਾਸ ਸਬੰਧੀ ਸਾਰੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ, ਉਥੇ ਕਈ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਵਿੱਚ ਨਹਿਰਾਂ ਵਾਂਗ ਪਾਣੀ ਦਾ ਵਹਾਅ ਦੇਖਣ ਨੂੰ ਮਿਲਿਆ ਜਦੋਂ ਕਿ ਕਈ ਬਾਜ਼ਾਰ ਅਤੇ ਨੀਵੇਂ ਮਹੱਲਿਆਂ ਨੇ ਵੀ ਕਈ ਘੰਟੇ ਤਲਾਅ ਦਾ ਰੂਪ ਧਾਰਨ ਕਰੀ ਰੱਖਿਆ। ਹਾਲਾਤ ਇੰਨੇ ਬਦਤਰ ਸਨ ਕਿ ਬਾਰਿਸ਼ ਖਤਮ ਹੋਣ ਦੇ ਕਈ ਘੰਟਿਆਂ ਬਾਅਦ ਵੀ ਕਈ ਸੜਕਾਂ ਅਤੇ ਮੁਹੱਲਿਆਂ ਵਿੱਚੋਂ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ ਜਿਸ ਕਾਰਨ ਅੱਜ ਤਕਰੀਬਨ ਪੂਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਲੋਕ ਵੱਡੀਆਂ ਪਰੇਸ਼ਾਨੀਆਂ ਨਾਲ ਜੂਝਦੇ ਦਿਖਾਈ ਦਿੱਤੇ ਹਨ।
ਇਹ ਵੀ ਪੜ੍ਹੋ- 'ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ', ਇਹ ਸੁਣਦੇ ਹੀ ਬਜ਼ੁਰਗ ਜੋੜੇ ਨੇ ਆਪਣੇ ਹੱਥੀਂ ਉਜਾੜ ਲਿਆ ਘਰ
ਕੀ ਸੀ ਬਾਰਿਸ਼ ਦੀ ਸਥਿਤੀ?
ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਗੁਰਦਾਸਪੁਰ ਅੰਦਰ ਅੱਜ 152.50 ਮਿਲੀਮੀਟਰ ਬਾਰਿਸ਼ ਹੋਈ ਹੈ। ਜੁਲਾਈ ਦੇ ਪੂਰੇ ਮਹੀਨੇ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਸ ਮਹੀਨੇ 1 ਜੁਲਾਈ ਤੋਂ 29 ਜੁਲਾਈ ਤੱਕ 315 ਮਿਲੀਮੀਟਰ ਮੀਂਹ ਪਿਆ ਹੈ। ਆਮ ਤੌਰ ’ਤੇ ਮਾਨਸੂਨ ਦੇ ਸੀਜਨ ਵਿੱਚ ਗੁਰਦਾਸਪੁਰ ਜਿਲ੍ਹੇ ਅੰਦਰ 500 ਤੋਂ 800 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਇਸ ਸੀਜਨ ਵਿੱਚ ਅੱਜ ਪਏ ਮੀਂਹ ਦੀ ਮਾਤਰਾ ਪਿਛਲੇ ਦਿਨਾਂ ਵਿੱਚ ਪਏ ਮੀਂਹ ਦੇ ਮੁਕਾਬਲੇ ਸਭ ਤੋਂ ਜਿਆਦਾ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਗੁਰਦਾਸਪੁਰ ਅੰਦਰ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਇਸ ਬਾਰਿਸ਼ ਨੇ ਹਾਲ ਦੀ ਘੜੀ ਲੋਕਾਂ ਨੂੰ ਹੁੰਮਸ ਤੋਂ ਕਾਫੀ ਰਾਹਤ ਦਵਾਈ ਹੈ ਅਤੇ ਤਾਪਮਾਨ ਵਿੱਚ ਤਕਰੀਬਨ 2 ਡਿਗਰੀ ਸੈਂਟੀਗਰੇਟ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 53 ਪਟਵਾਰੀਆਂ ਦੇ ਹੋਏ ਤਬਾਦਲੇ

ਸਰਕਾਰੀ ਦਫਤਰਾਂ ਸਮੇਤ ਹਰੇਕ ਪਾਸੇ ਪਾਣੀ ਹੀ ਪਾਣੀ
ਇਸ ਭਾਰੀ ਬਾਰਿਸ਼ ਕਾਰਨ ਅੱਜ ਗੁਰਦਾਸਪੁਰ ਦਾ ਬਾਟਾ ਚੌਂਕ, ਬੀਜ ਮਾਰਕੀਟ, ਕਲਬੂਤਰੀ ਗੇਟ, ਰੇਲਵੇ ਰੋਡ ਸਮੇਤ ਹੋਰ ਅਨੇਕਾਂ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਪਾਣੀ ਦਾ ਵਹਾਅ ਦੇਖਣ ਨੂੰ ਮਿਲਿਆ। ਇਹਨਾਂ ਥਾਵਾਂ ’ਤੇ ਘੰਟਿਆਂ ਬੱਧੀ ਪਾਣੀ ਰੁਕਿਆ ਰਿਹਾ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਨਹੀਂ ਖੋਲ ਸਕੇ। ਇਥੋਂ ਤੱਕ ਕਿ ਨਗਰ ਕੌਂਸਲ ਦੇ ਆਪਣੇ ਦਫਤਰ ਵਿੱਚ ਵੀ ਅੱਜ ਪਾਣੀ ਦਾ ਡੱਕਾ ਲੱਗਾ ਰਿਹਾ ਜਿਸ ਦੇ ਇਲਾਵਾ ਗੁਰਦਾਸਪੁਰ ਵਿਖੇ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ, ਲੋਕ ਨਿਰਮਾਣ ਵਿਭਾਗ ਦੇ ਦਫਤਰ, ਹਸਪਤਾਲ ਸਮੇਤ ਹੋਰ ਅਨੇਕਾਂ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ ਵਿੱਚ ਪਾਣੀ ਦੇਖਣ ਨੂੰ ਮਿਲਿਆ। ਵੱਡੇ ਪੱਧਰ ’ਤੇ ਹੋਏ ਨੁਕਸਾਨ ਅਤੇ ਖੱਜਲਖੁਆਰੀ ਦੇ ਚਲਦਿਆਂ ਅੱਜ ਲੋਕ ਭਾਰੀ ਰੋਹ ਵਿੱਚ ਦੇਖਣ ਨੂੰ ਮਿਲੇ ਜਿਨਾਂ ਦਾ ਰੋਸ ਸੀ ਕਿ ਪਹਿਲਾਂ ਤੋਂ ਬਾਰਿਸ਼ ਪੈਣ ਦੀ ਸੰਭਾਵਨਾ ਦਾ ਪਤਾ ਹੋਣ ਦੇ ਬਾਵਜੂਦ ਨਗਰ ਕੌਂਸਲ ਅਤੇ ਸੀਵਰੇਜ ਸਮੇਤ ਹੋਰ ਸੰਬੰਧਿਤ ਵਿਭਾਗ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਹੀਂ ਕਰ ਸਕੇ ਜਿਸ ਦੇ ਚਲਦਿਆਂ ਅੱਜ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ
ਸਕੂਲਾਂ, ਕਾਲਜਾਂ ’ਚ ਪ੍ਰਭਾਵਿਤ ਹੋਈ ਬੱਚਿਆਂ ਦੀ ਗਿਣਤੀ, ਲੋਕਾਂ ਦੇ ਕੰਮਕਾਜ ਵੀ ਰਹੇ ਠੱਪ
ਸਵੇਰੇ ਹੋਈ ਬਾਰਿਸ਼ ਕਾਰਨ ਅੱਜ ਜਿਆਦਾਤਰ ਬੱਚੇ ਸਕੂਲਾਂ ਵਿੱਚ ਨਹੀਂ ਜਾ ਸਕੇ ਕਿਉਂਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਪਾਣੀ ਜਮਾ ਹੋਣ ਕਾਰਨ ਸਕੂਲ ਵੈਨਾਂ ਅਤੇ ਰਿਕਸ਼ੇ ਆਦਿ ਸਮੇਂ ਸਿਰ ਨਹੀਂ ਪਹੁੰਚ ਸਕੇ ਜਿਸ ਕਾਰਨ ਜ਼ਿਆਦਾਤਰ ਸਕੂਲਾਂ ਵਿੱਚ ਅੱਜ ਬੱਚਿਆਂ ਦੀ ਗਿਣਤੀ ਆਮ ਦੇ ਮੁਕਾਬਲੇ ਬਹੁਤ ਘੱਟ ਰਹੀ। ਇਸੇ ਤਰ੍ਹਾਂ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਦੁਕਾਨਦਾਰ ਆਪਣੀ ਦੁਕਾਨਾਂ ਵੀ ਸਮੇਂ ਸਿਰ ਨਹੀਂ ਖੋਲ ਸਕੇ ਅਤੇ ਬਾਕੀ ਥਾਵਾਂ ’ਤੇ ਵੀ ਜਿਆਦਾਤਰ ਦੁਕਾਨਦਾਰ ਵਿਹਲੇ ਹੀ ਬੈਠੇ ਦਿਖਾਈ ਦਿੱਤੇ। ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ ਵਿੱਚ ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਅੱਜ ਭਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੋਰ ਤੇ ਹੋਰ ਵੱਖ ਵੱਖ ਦਿਹਾੜੀਦਾਰ ਮਜ਼ਦੂਰਾਂ ਅਤੇ ਮਿਸਤਰੀਆਂ ਨੂੰ ਵੀ ਅੱਜ ਕੰਮ ਨਸੀਬ ਨਹੀਂ ਹੋਇਆ ਅਤੇ ਉਹ ਬਿਨਾਂ ਕਮਾਈ ਕੀਤੇ ਹੀ ਘਰਾਂ ਨੂੰ ਪਰਤ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਮਨ ਅਰੋੜਾ ਦੇ ਕੁੜਮ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਗਾਈ ਰੋਕ
NEXT STORY