ਮੋਗਾ ਤੋਂ ਆਜ਼ਾਦ ਅਨੁਸਾਰ : ਅੱਜ ਸਵੇਰੇ ਕਰੰਟ ਲੱਗਣ ਨਾਲ 12 ਸਾਲਾ ਬੱਚੇ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਹਾਕਮ ਦਾ ਅਗਵਾੜ ਪੁਰਾਣਾ, ਮੋਗਾ ਨਿਵਾਸੀ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਪਰਿਵਾਰ 'ਤੇ ਮੀਂਹ ਉਸ ਸਮੇਂ ਕਹਿਰ ਬਣ ਕੇ ਟੁੱਟਿਆ, ਜਦੋਂ ਪਾਣੀ 'ਚ ਖੇਡ ਰਹੇ ਉਨ੍ਹਾਂ ਦੇ ਬੱਚੇ ਨੂੰ ਕਰੰਟ ਲੱਗ ਗਿਆ। ਬੱਚਾ ਅਕਾਸ਼ ਰਾਮ, ਜੋ 7ਵੀਂ ਕਲਾਸ ਦਾ ਵਿਦਿਆਰਥੀ ਸੀ। ਅੱਜ ਸਵੇਰੇ ਜਦੋਂ ਉਹ ਘਰ ਦੇ ਨਜ਼ਦੀਕ ਹੀ ਮੀਂਹ ਦੇ ਪਾਣੀ 'ਚ ਖੇਡ ਰਿਹਾ ਸੀ ਤਾਂ ਅਚਾਨਕ ਬੱਚਾ ਪਾਣੀ 'ਚ ਖੇਡਦਾ-ਖੇਡਦਾ ਬਿਜਲੀ ਦੇ ਖੰਭੇ ਦੇ ਕੋਲ ਪਹੁੰਚ ਗਿਆ। ਖੰਭੇ 'ਚ ਕਰੰਟ ਹੋਣ ਕਾਰਨ ਬੱਚੇ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ, ਜਦੋਂ ਉਥੋਂ ਲੰਘ ਰਹੇ ਲੋਕਾਂ ਨੇ ਬੱਚੇ ਨੂੰ ਪਾਣੀ 'ਚ ਡੁੱਬਦੇ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕ ਉੱਥੇ ਆ ਗਏ ਅਤੇ ਉਨ੍ਹਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਿਜਲੀ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਕੀਤੀ।
ਇਸ ਸਬੰਧੀ ਮ੍ਰਿਤਕ ਦੀ ਮਾਤਾ ਵੀਨਾ ਰਾਣੀ ਅਤੇ ਉਸ ਦੇ ਮਾਮਾ ਨਿਰੰਜਣ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਅੱਜ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਜਿੱਥੇ ਮੋਗਾ ਸ਼ਹਿਰ ਨੂੰ ਜਲ-ਥਲ ਕਰਦਿਆਂ ਲੋਕਾਂ ਦੀਆਂ ਮੁਸੀਬਤਾਂ 'ਚ ਵਾਧਾ ਕੀਤਾ, ਉੱਥੇ ਹੀ ਜੋਗੇਵਾਲਾ ਨੇੜੇ ਨਹਿਰ 'ਚ ਪਾੜ ਪੈਣ ਕਾਰਨ ਤਕਰੀਬਨ 50 ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ। ਇਸ ਸਬੰਧੀ ਡਗਰੂ ਪਿੰਡ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਹਿਰ 'ਚ ਪਏ ਪਾੜ ਕਾਰਨ ਉਸ ਦੀ ਆਪਣੀ 15 ਏਕੜ ਅਤੇ ਹੋਰਨਾਂ ਕਿਸਾਨਾਂ ਦੀ ਕੁਲ 50 ਏਕੜ ਫਸਲ ਪਾਣੀ 'ਚ ਡੁੱਬਣ ਕਰ ਕੇ ਤਬਾਹ ਹੋ ਗਈ ਹੈ। ਉਸ ਨੇ ਦੱਸਿਆ ਕਿ ਜੀ. ਟੀ. ਰੋਡ ਤੋਂ ਰੇਲਵੇ ਲਾਈਨ ਵਾਲੇ ਪਾਸਿਓਂ ਨਹਿਰ 'ਚ ਪਾੜ ਪੈ ਗਿਆ ਅਤੇ ਇਸ ਬਾਰੇ ਸਵੇਰ ਵੇਲੇ ਪਤਾ ਲੱਗਾ ਅਤੇ ਕਿਸਾਨ ਖੁਦ ਹੀ ਇਕੱਠੇ ਹੋ ਕੇ ਪਾਣੀ ਨੂੰ ਰੋਕਣ ਦਾ ਯਤਨ ਕਰਦੇ ਰਹੇ ਪਰ ਵਾਰ-ਵਾਰ ਨਹਿਰੀ ਮਹਿਕਮੇ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਐੱਸ. ਡੀ. ਓ. ਨਿਤਿਨ ਸੂਦ 3 ਵਜੇ ਦੇ ਕਰੀਬ ਮੌਕੇ 'ਤੇ ਪਹੁੰਚੇ।
ਇਸ ਸਬੰਧੀ ਜਦੋਂ ਐੱਸ. ਡੀ. ਓ. ਨਿਤਿਨ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਹਿਰ 'ਚ ਪਾੜ ਪੈਣ ਦਾ ਕਾਰਨ ਕਿਸਾਨਾਂ ਵੱਲੋਂ ਮੋਘੇ ਬੰਦ ਕਰਨਾ ਹੈ। ਕਿਸਾਨਾਂ ਵੱਲੋਂ ਨਹਿਰ ਦੀ ਦੇਖ-ਰੇਖ 'ਚ ਅਣਗਹਿਲੀ ਵਰਤਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਹਿਰ ਦੇ ਕਾਫੀ ਲੰਮੇ ਹਿੱਸੇ ਦੀ ਦੇਖਭਾਲ ਲਈ 15 ਬੇਲਦਾਰਾਂ ਦੀ ਜ਼ਰੂਰਤ ਹੈ ਪਰ ਸਰਕਾਰੀ ਭਰਤੀ ਨਾ ਹੋਣ ਕਾਰਨ ਉਨ੍ਹਾਂ ਕੋਲ ਸਿਰਫ 3 ਬੇਲਦਾਰ ਹੀ ਸੇਵਾ ਨਿਭਾਅ ਰਹੇ ਹਨ। ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਕਿਸਾਨੀ ਆਰਥਿਕ ਬੋਝ ਹੇਠ ਦੱਬੀ ਹੋਣ ਕਾਰਨ ਖੁਦਕੁਸ਼ੀਆਂ ਦੇ ਰਸਤੇ ਪੈ ਚੁੱਕੀ ਹੈ, ਇਸ ਕਰ ਕੇ ਅੱਜ ਦੇ ਫਸਲੀ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ।
ਇੱਥੋਂ ਦੇ ਨਜ਼ਦੀਕੀ ਪਿੰਡ ਰੋਲੀ ਦੇ ਕਿਸਾਨਾਂ ਨੂੰ ਇਕ ਵਾਰ ਫਿਰ ਕੁਦਰਤ ਦੀ ਕਰੋਪੀ ਕਾਰਨ ਤੀਸਰੀ ਵਾਰ ਮਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਕਿਸਾਨਾਂ ਦੀ 500 ਏਕੜ ਦੇ ਕਰੀਬ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਡੁੱਬ ਚੁੱਕੀ ਹੈ। ਪਿੰਡ ਦੇ ਕਿਸਾਨਾਂ ਗੁਰਵਿੰਦਰ ਸਿੰਘ, ਕਾਲਾ ਸਿੰਘ, ਗੁਰਮੇਲ ਸਿੰਘ, ਮੰਦਰ ਸਰਪੰਚ, ਜ਼ੋਰਾ, ਸਰਬਜੀਤ ਸਿੰਘ ਪੰਚ, ਬਸੰਤ ਸਿੰਘ ਪ੍ਰਧਾਨ, ਜਰਨੈਲ ਸਿੰਘ ਅਤੇ ਬਿੱਟੂ ਪੰਚ ਦਾ ਕਹਿਣਾ ਹੈ ਇਕ ਹਫਤਾ ਪਹਿਲਾਂ ਪਏ ਮੀਂਹ ਦੇ ਖੜ੍ਹੇ ਪਾਣੀ ਕਾਰਨ ਝੋਨਾ ਖਰਾਬ ਗਿਆ ਸੀ, ਅਸੀਂ ਦੁਬਾਰਾ ਲੇਵਰ ਦੇ ਕੇ ਝੋਨਾ ਲਾਇਆ ਸੀ, ਜੋ ਅੱਜ ਫਿਰ ਭਾਰੀ ਮੀਂਹ ਕਾਰਨ ਖਰਾਬ ਹੋ ਜਾਵੇਗਾ, ਜਿਸ ਕਾਰਨ ਉਨ੍ਹਾਂ ਨੂੰ ਦੁਆਰਾ ਫਿਰ ਝੋਨਾ ਲਾਉਣਾ ਪਵੇਗਾ। ਉਧਰ, ਪਿੰਡ ਝੰਡੇਆਣਾ ਸ਼ਰਕੀ ਵਿਖੇ ਇਕ ਗਰੀਬ ਜੋੜੀ ਦੇ ਸਿਰ ਤੋਂ ਭਾਰੀ ਮੀਂਹ ਨੇ ਛੱਤ ਖੋਹ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣਾ ਜੀਵਨ ਬਸਰ ਕਰ ਰਿਹਾ ਸੀ, ਦੇ ਘਰ ਦੀ ਛੱਤ ਡਿੱਗ ਪਈ ਪਰ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਸਿਰਫ 2 ਹੀ ਕਮਰੇ ਸਨ, ਜਿਨ੍ਹਾਂ 'ਚੋਂ ਅੱਜ ਇਕ ਦੀ ਛੱਤ ਡਿੱਗ ਪਈ ਤੇ ਦੂਸਰੇ ਦੀ ਛੱਤ ਵੀ ਡਿੱਗਣ ਕਿਨਾਰੇ ਹੀ ਹੈ। ਉਸ ਨੇ ਕਿਹਾ ਕਿ ਸਾਡਾ ਕੋਈ ਵੀ ਸਰੀਰਕ ਨੁਕਸਾਨ ਨਹੀਂ ਹੋਇਆ ਪਰ ਕਮਰੇ 'ਚ ਪਿਆ ਬੈੱਡ, ਸੋਫਾ, ਟੀ. ਵੀ., ਕੂਲਰ ਤੇ ਹੋਰ ਸਾਮਾਨ ਨੁਕਸਾਨਿਆ ਗਿਆ, ਜਿਸ ਨਾਲ ਸਾਡਾ ਕਰੀਬ 90 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ।
ਵਾਲਮੀਕਿ/ਮਜ਼੍ਹਬੀ ਸਿੱਖ ਮਹਾਸਭਾ ਨੇ ਫੂਕਿਆ ਸਰਕਾਰ ਦਾ ਪੁਤਲਾ
NEXT STORY