ਬਨੂੜ (ਗੁਰਪਾਲ) : ਸ਼ਹਿਰ ’ਚ ਰਾਤ ਤੋਂ ਹੋ ਰਹੀ ਜ਼ੋਰਦਾਰ ਬਾਰਸ਼ ਕਾਰਨ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਮੁੜ ਤੋਂ ਪਾਣੀ-ਪਾਣੀ ਹੋ ਗਿਆ। ਸ਼ਹਿਰ ਦੀਆਂ ਸੜਕਾਂ ਜਿੱਥੇ ਝੀਲ ਬਣ ਗਈਆਂ, ਉੱਥੇ ਹੀ ਮੁੱਖ ਬਜ਼ਾਰ, ਕਮੇਟੀ ਰੋਡ ਦੀਆਂ ਦੁਕਾਨਾਂ, ਪੁਲਸ ਥਾਣੇ, ਪਸ਼ੂ ਹਸਪਤਾਲ ਵੀ ਪਾਣੀ ’ਚ ਡੁੱਬ ਗਏ ਹਨ। ਤੇਜ਼ ਮੀਂਹ ਕਾਰਨ ਸੜਕਾਂ ’ਤੇ ਭਰੇ ਤਿੰਨ ਤੋਂ ਚਾਰ ਫੁੱਟ ਪਾਣੀ ਨੂੰ ਵੇਖ ਕੇ ਦੁਕਾਨਦਾਰ ਦੇਰ ਰਾਤ ਹੀ ਆਪਣੀਆਂ ਦੁਕਾਨਾਂ ਅਤੇ ਸਮਾਨ ਨੂੰ ਬਚਾਉਣ ਲਈ ਪੁੱਜ ਗਏ ਪਰ ਫਿਰ ਵੀ ਪਾਣੀ ਦੁਕਾਨਾਂ ਅੰਦਰ ਵੜ ਗਿਆ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਪਰ ਨਗਰ ਕੌਂਸਲ ਦੇ ਪ੍ਰਧਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਵਾਸੀਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਜਾਂ ਫਿਰ ਖੇਤਾਂ ’ਚੋਂ ਆਏ ਪਾਣੀ ਦਾ ਰਾਗ ਅਲਾਪ ਕੇ ਆਪਣਾ ਪੱਲਾ ਝਾੜ ਰਹੇ ਹਨ।
ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਤੋਂ ਸ਼ਹਿਰ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਪਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੀਤੇ ਨਿਕਾਸੀ ਪ੍ਰਬੰਧਾਂ ਕਾਰਨ ਸ਼ਹਿਰ ਪੂਰੀ ਤਰ੍ਹਾਂ ਪਾਣੀ-ਪਾਣੀ ਹੋ ਗਿਆ। ਸੜਕਾਂ ’ਤੇ ਘੁੰਮਦਾ ਤਿੰਨ ਤੋਂ ਚਾਰ ਫੁੱਟ ਪਾਣੀ ਦੁਕਾਨਦਾਰਾਂ ਅਤੇ ਸੜਕ ਨਾਲ ਲੱਗਦੇ ਘਰਾਂ ਦੇ ਵਸਨੀਕਾਂ ਨੂੰ ਸਤਾਉਣ ਲੱਗ ਪਿਆ। ਕਮੇਟੀ ਰੋਡ ਅਤੇ ਮੁੱਖ ਬਾਜ਼ਾਰ ਦੇ ਦੁਕਾਨਦਾਰ ਰਾਤ ਨੂੰ ਹੀ ਆਪਣੀਆਂ ਦੁਕਾਨਾਂ ’ਤੇ ਪੁੱਜ ਗਏ ਪਰ ਸੜਕਾਂ ’ਤੇ ਪਾਣੀ ਜ਼ਿਆਦਾ ਭਰਨ ਕਾਰਨ ਪਾਣੀ ਦੁਕਾਨਾਂ ਅੰਦਰ ਵੜ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲੀ ਵਾਰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਇਹੀ ਨਹੀਂ ਸ਼ਹਿਰ ਦੇ ਵਾਰਡ ਨੰਬਰ 5, 9, 12 ਦੇ ਵਸਨੀਕਾਂ ਦੇ ਘਰਾਂ ’ਚ ਪਾਣੀ ਵੜ ਗਿਆ।
ਵਾਰਡ ਨੰਬਰ-9 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਬਣਾਈ ਜਾ ਰਹੀ ਨਵੀਂ ਬਿਲਡਿੰਗ ਕਾਰਨ ਪੁੱਟੀ ਗਈ ਬੇਸਮੈਂਟ ’ਚ ਪਾਣੀ ਵੜਨ ਤੋਂ ਰੋਕਣ ਲਈ ਸੇਵਾਦਾਰਾਂ ਨੇ ਸੜਕ ’ਤੇ ਪਾਣੀ ਦੀ ਨਿਕਾਸੀ ਨੂੰ ਡੱਕ ਲਾ ਕੇ ਰੋਕ ਦਿੱਤਾ ਹੈ, ਜਿਸ ਦੌਰਾਨ ਗੁਰਦੁਆਰਾ ਸਾਹਿਬ ਦੇ ਪਿੱਛੇ ਸਥਿਤ ਦੁਕਾਨਾਂ ਅਤੇ ਘਰਾਂ ਅੰਦਰ ਪਾਣੀ ਵੜ ਗਿਆ। ਵਾਰਡ ਵਸਨੀਕਾਂ ਨੇ ਕਿਹਾ ਕਿ ਘਰਾਂ ਦੇ ਕਮਰਿਆਂ ਅੰਦਰ 2 ਤੋਂ 3 ਫੁੱਟ ਪਾਣੀ ਭਰਿਆ ਹੋਇਆ ਸੀ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ। ਇਹੀ ਨਹੀਂ ਇਸ ਵਾਰ ਪਾਣੀ ਪਸ਼ੂ ਹਸਪਤਾਲ ਅਤੇ ਪੁਲਸ ਸਟੇਸ਼ਨ ਅੰਦਰ ਵੀ ਵੜ ਗਿਆ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਕੌਂਸਲ ਅਧਿਕਾਰੀਆਂ ਤੋਂ ਬਰਸਾਤੀ ਪਾਣੀ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।
ਬੱਚਾ ਹੋਣ ਦੀ ਦਵਾਈ ਖਾ ਰਹੀ ਨਵ-ਵਿਆਹੁਤਾ ਦੀ ਹੋਈ ਮੌਤ, ਪਰਿਵਾਰ ਨੇ ਨਰਸ 'ਤੇ ਲਾਏ ਗੰਭੀਰ ਇਲਜ਼ਾਮ
NEXT STORY