ਫਗਵਾਡ਼ਾ, (ਹਰਜੋਤ)- ਸ਼ਹਿਰ ’ਚ ਅੱਜ ਕਰੀਬ ਦੋ ਘੰਟੇ ਪਏ ਤੇਜ਼ ਮੀਂਹ ਨਾਲ ਜਿਥੇ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ, ਉੱਥੇ ਹੀ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਰੀਬ ਦੋ ਘੰਟੇ ਪਏ ਮੀਂਹ ਨਾਲ ਹੀ ਸ਼ਹਿਰ ਪੂਰੀ ਤਰ੍ਹਾਂ ਪਾਣੀ ਨਾਲ ਜਲ-ਥਲ ਹੋ ਗਿਆ। ਸਡ਼ਕਾਂ ਤੇ ਮੁਹੱਲਿਆਂ ’ਚ ਇਕੱਠੇ ਹੋਏ ਪਾਣੀ ਨੇ ਲੋਕਾਂ ਨੂੰ ਬਿੱਪਤਾ ’ਚ ਪਾ ਦਿੱਤਾ। ਸ਼ਹਿਰ ’ਚ ਥਾਂ-ਥਾਂ ’ਤੇ ਪਏ ਟੋਏ ਪਾਣੀ ਨਾਲ ਭਰ ਗਏ, ਜਿਸ ਕਾਰਨ ਕਈ ਲੋਕ ਤਾਂ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬੱਚੇ। ਦੁਕਾਨਦਾਰ ਅਤੇ ਘਰਾਂ ਵਾਲੇ ਆਪਣੇ ਘਰਾਂ ’ਚ ਪਾਣੀ ਨੂੰ ਰੋਕਣ ਲਈ ਪ੍ਰਬੰਧ ਕਰਨ ’ਚ ਲੱਗੇ ਰਹੇ ਪਰ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਲੋਕਾਂ ਦੇ ਘਰਾਂ ਤੇ ਦੁਕਾਨਾਂ ’ਚ ਜਾ ਵਡ਼ਿਆ
ਸ਼ਹਿਰ ’ਚ ਪੁਰਾਣਾ ਡਾਕਖਾਨਾ ਰੋਡ, ਰੇਲਵੇ ਰੋਡ, ਬੰਗਾ ਰੋਡ, ਗਊਸ਼ਾਲਾ ਰੋਡ, ਹਰਗੋਬਿੰਦ ਨਗਰ, ਸੁਭਾਸ਼ ਨਗਰ, ਗੁਡ਼ ਮੰਡੀ ਰੋਡ, ਗੋਲ ਚੌਕ, ਜੋਸ਼ੀਆਂ ਮੁਹੱਲਾ, ਡਾਕਘਰ ਰੋਡ, ਅਰਬਨ ਅਸਟੇਟ, ਮਾਡਲ ਟਾਊਨ, ਨਿਊ ਮਾਡਲ ਟਾਊਨ, ਲੋਹਾ ਮੰਡੀ, ਬਾਂਸਾ ਬਾਜ਼ਾਰ, ਸ਼ਿਵ ਮੰਦਿਰ, ਪੱਕਾ ਬਾਗ ਬੁਰੀ ਤਰ੍ਹਾਂ ਪਾਣੀ ਨਾਲ ਭਰੇ ਗਏ। ਜੀ. ਟੀ. ਰੋਡ ’ਤੇ ਪਏ ਵੱਡੇ-ਵੱਡੇ ਟੋਏ ਪਾਣੀ ਨਾਲ ਭਰ ਗਏ, ਜਿਸ ਕਾਰਨ ਸਡ਼ਕ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਇਥੋਂ ਦੇ ਪੁਰਾਣਾ ਡਾਕਖਾਨਾ ਰੋਡ ’ਤੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਕਾਫ਼ੀ ਪਾਣੀ ਖਡ਼੍ਹਾ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਰੋਡ ’ਤੇ ਦੋ ਸਕੂਲ ਵੀ ਮੌਜੂਦ ਹਨ, ਜਿਥੋਂ ਮੀਂਹ ਦੇ ਦੌਰਾਨ ਵਿਦਿਆਰਥੀਆਂ ਦਾ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਨਾਲੀਆਂ ’ਚੋਂ ਗੰਦਾ ਪਾਣੀ ਨਿਕਲ ਕੇ ਸਡ਼ਕ ’ਚ ਆ ਜਾਂਦਾ ਹੈ, ਜਿਸ ਨਾਲ ਪਾਣੀ ’ਚੋਂ ਗੁਜ਼ਰਨ ਵਾਲੇ ਲੋਕਾਂ ਲਈ ਬੀਮਾਰੀਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਨਗਰ ਨਿਗਮ ਤੋਂ ਇਸ ਦਾ ਹੱਲ ਕਰਵਾਉਣ ਦੀ ਮੰਗ ਕੀਤੀ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੱਸ ਸਟੈਂਡ ਨੂੰ ਜਾਣ ਵਾਲੇ ਲੋਕਾਂ ਨੂੰ ਚੱਢਾ ਮਾਰਕੀਟ ਦੇ ਗੰਦੇ ਪਾਣੀ ’ਚੋਂ ਹੀ ਗੁਜ਼ਰਨਾ ਪਿਆ। ਸ਼ਹਿਰ ’ਚ ਪਾਣੀ ਦੀ ਨਿਕਾਸੀ ਦਾ ਕਿਤੇ ਵੀ ਯੋਗ ਪ੍ਰਬੰਧ ਨਹੀਂ ਨਜ਼ਰ ਆ ਰਿਹਾ ਸੀ। ਪਾਣੀ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਸੀਵਰੇਜ ਦੀਅਾਂ ਪਾਈਪਾਂ ਰਾਹੀਂ ਵੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਗਿਆ। ਇਥੋਂ ਤਕ ਕਿ ਗਊਸ਼ਾਲਾ ਰੋਡ, ਭਗਵਾਨ ਸ਼੍ਰੀ ਵਾਲਮੀਕੀ ਚੌਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕੱਪਡ਼ਿਆਂ ਦੀਆਂ ਦੁਕਾਨਾਂ ਅਤੇ ਹੋਰ ਦੁਕਾਨਾ ਦੇ ਅੰਦਰ ਪਾਣੀ ਵੀ ਜਾ ਵਡ਼੍ਹਿਆ। ਮੁਹੱਲਿਆਂ ’ਚ ਸਡ਼ਕਾਂ ’ਤੇ ਥਾਂ-ਥਾਂ ਟੋਏ ਪਏ ਸਨ।
ਇਸ ਸਬੰਧੀ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਸ਼ਹਿਰ ’ਚ ਬੰਦ ਪਏ ਨਾਲਿਆਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬੰਦ ਪਏ ਨਾਲੇ ਚਾਲੂ ਹੋ ਸਕਣ ਅਤੇ ਪਾਣੀ ਦਾ ਨਿਕਾਸ ਚੱਲ ਸਕੇ।
ਸਮਾਰਟ ਸਿਟੀ ਪ੍ਰਾਜੈਕਟਾਂ ’ਚ ਦੇਰੀ ਸਬੰਧੀ ਬਿੱਟੂ ਤੇ ਆਸ਼ੂ ਨੇ ਲਾਈ ਅਧਿਕਾਰੀਆਂ ਦੀ ਕਲਾਸ
NEXT STORY