ਜਲੰਧਰ, (ਮਹੇਸ਼)- 25 ਦਿਨ ਪਹਿਲਾਂ 8 ਨਵੰਬਰ ਦੀ ਦੇਰ ਰਾਤ ਨੂੰ ਗੜ੍ਹੇ 'ਚ ਕੈਂਟ ਰੋਡ 'ਤੇ ਸਥਿਤ ਇਕ ਧਾਰਮਿਕ ਸਥਾਨ ਦੇ ਸੇਵਾਦਾਰ ਦੇ ਹੋਏ ਕਤਲ ਕੇਸ ਨੂੰ ਟਰੇਸ ਕਰਨ 'ਚ ਕਮਿਸ਼ਨਰੇਟ ਪੁਲਸ ਹਾਲੇ ਤਕ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ, ਜਦਕਿ ਵਾਰਦਾਤ ਦੇ ਅਗਲੇ ਦਿਨ ਸੇਵਾਦਾਰ ਰਾਜੇਸ਼ ਕੁਮਾਰ ਉਰਫ ਰਾਜੂ ਪੁੱਤਰ ਸਰਦਾਰੀ ਲਾਲ ਵਾਸੀ ਗੜ੍ਹਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੂੰ ਲੈ ਕੇ ਅਣਪਛਾਤੇ ਦੋਸ਼ੀਆਂ 'ਤੇ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਥਾਣਾ ਕੈਂਟ 'ਚ ਮ੍ਰਿਤਕ ਰਾਜੂ ਬਾਬਾ ਦੇ ਭਰਾ ਸੁਰੇਸ਼ ਕੁਮਾਰ ਸ਼ਸ਼ੀ ਦੇ ਬਿਆਨਾਂ 'ਤੇ ਮੁਕੱਦਮਾ ਨੰ. 96 ਵੀ ਦਰਜ ਕਰ ਲਿਆ ਗਿਆ ਸੀ। ਇਸ ਮਰਡਰ ਕੇਸ ਦੇ ਟਰੇਸ ਨਾ ਹੋਣ 'ਤੇ ਮ੍ਰਿਤਕ ਦੇ ਵਾਰਸਾਂ 'ਚ ਕਮਿਸ਼ਨਰੇਟ ਪੁਲਸ ਤੇ ਸਬੰਧਤ ਪੁਲਸ ਸਟੇਸ਼ਨ ਜਲੰਧਰ ਕੈਂਟ ਦੇ ਪ੍ਰਤੀ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ।
ਯਾਦ ਰਹੇ ਕਿ ਰਾਜੂ ਬਾਬਾ ਦੀ ਹੱਤਿਆ ਦੀ ਸੂਚਨਾ ਮਿਲਣ 'ਤੇ ਪਹਿਲਾਂ ਮੌਕੇ 'ਤੇ ਥਾਣ ਡਵੀਜ਼ਨ ਨੰ .7 ਦੀ ਪੁਲਸ ਪਹੁੰਚੀ ਸੀ ਅਤੇ ਜਦੋਂ ਕਾਨੂੰਨੀ ਕਾਰਵਾਈ ਕਰਨ ਦਾ ਸਮਾਂ ਆਇਆ ਤਾਂ ਪਤਾ ਲੱਗਾ ਕਿ ਵਾਰਦਾਤ ਵਾਲਾ ਖੇਤਰ ਡਵੀਜ਼ਨ ਨੰ. 7 'ਚ ਨਾ ਪੈਣ ਕਰਕੇ ਕੈਂਟ ਥਾਣੇ ਦੇ ਅਧੀਨ ਆਉਂਦਾ ਹੈ, ਜਿਸ ਤੋਂ ਬਾਅਦ ਐੱਸ. ਐੱਚ. ਓ. ਥਾਣਾ ਕੈਂਟ ਰਾਮਪਾਲ ਨੇ ਮ੍ਰਿਤਕ ਦੇ ਵਾਰਸਾਂ ਦੇ ਕਹਿਣ ਦੇ ਮੁਤਾਬਕ ਬਣਦੀ ਕਾਰਵਾਈ ਤਾਂ ਕਰ ਦਿੱਤੀ ਪਰ ਪੁਲਸ ਕੇਸ ਨੂੰ ਟਰੇਸ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ। ਦੋਸ਼ੀਆਂ ਨੂੰ ਫੜਨਾ ਤਾਂ ਦੂਰ ਦੀ ਗੱਲ ਪੁਲਸ ਅਜੇ ਤਕ ਉਨ੍ਹਾਂ ਦੀ ਪਛਾਣ ਤਕ ਨਹੀਂ ਕਰ ਸਕੀ ਹੈ। ਕੇਸ ਦੇ ਟਰੇਸ ਨਾ ਹੋਣ ਕਾਰਨ ਪੁਲਸ ਦੀ ਕਾਫੀ ਬਦਨਾਮੀ ਹੋ ਰਹੀ ਹੈ।
ਨਾ ਫੜੇ ਜਾਣ 'ਤੇ ਅਪਰਾਧੀਆਂ ਦੇ ਵਧਦੇ ਹਨ ਹੌਸਲੇ
ਗੜ੍ਹਾ ਨਿਵਾਸੀਆਂ ਤੇ ਵਿਸ਼ੇਸ਼ ਕਰਕੇ ਕਤਲ ਕੀਤੇ ਗਏ ਰਾਜੂ ਬਾਬਾ ਦੇ ਵਾਰਸਾਂ ਦਾ ਕਹਿਣਾ ਹੈ ਕਿ ਵਾਰਦਾਤ ਦੇ ਲਗਭਗ 1 ਮਹੀਨੇ ਬਾਅਦ ਵੀ ਅਪਰਾਧੀਆਂ ਦੇ ਨਾ ਫੜੇ ਜਾਣ 'ਤੇ ਉਨ੍ਹਾਂ ਦੇ ਹੌਸਲੇ ਹੋਰ ਵਧ ਜਾਂਦੇ ਹਨ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਵੀ ਉਨ੍ਹਾਂ ਦੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਰਹਿੰਦਾ। ਮ੍ਰਿਤਕ ਰਾਜੇਸ਼ ਕੁਮਾਰ ਉਰਫ ਰਾਜੂ ਬਾਬਾ ਦੇ ਭਰਾ ਸੁਰੇਸ਼ ਕੁਮਾਰ ਸ਼ਸ਼ੀ ਨੇ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਹੱਤਿਆਰਿਆਂ ਨੂੰ ਫੜ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਵਰਣਨਯੋਗ ਹੈ ਕਿ ਮ੍ਰਿਤਕ ਰਾਜੂ ਬਾਬਾ ਦਾ ਆਪਣੀ ਪਤਨੀ ਨਾਲ ਕਾਫੀ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ। ਹੁਣ ਉਹ ਧਾਰਮਿਕ ਸਥਾਨ 'ਤੇ ਹੀ ਸੇਵਾ ਕਰਦਾ ਸੀ।
ਕੇਸ ਦਰਜ ਕਰਨ ਵਾਲੇ ਇੰਸਪੈਕਟਰ ਰਾਮਪਾਲ ਹਨ ਲਾਈਨ ਹਾਜ਼ਰ
ਰਾਜੂ ਬਾਬਾ ਦੀ ਹੱਤਿਆ ਸਬੰਧੀ ਕੇਸ ਦਰਜ ਕਰਨ ਵਾਲੇ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਰਾਮਪਾਲ ਨੂੰ 3 ਦਿਨ ਪਹਿਲਾਂ ਲਾਈਨ ਹਾਜ਼ਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਲਾਈਨ ਹਾਜ਼ਰ ਕੀਤੇ ਜਾਣ ਦਾ ਇਕ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਰਾਜੂ ਬਾਬਾ ਦੀ ਹੱਤਿਆ ਦਾ ਕੇਸ ਕੈਂਟ ਥਾਣੇ ਦੀ ਪੁਲਸ ਅਜੇ ਤਕ ਟਰੇਸ ਨਹੀਂ ਕਰ ਸਕੀ ਹੈ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਸਪੈਕਟਰ ਰਾਜਪਾਲ ਨੂੰ ਕਿਸੇ ਮਹਿਲਾ ਪੁਲਸ ਕਰਮਚਾਰੀ ਦੀ ਸ਼ਿਕਾਇਤ 'ਤੇ ਲਾਈਨ ਹਾਜ਼ਰ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੀ ਥਾਂ 'ਤੇ ਥਾਣਾ ਕੈਂਟ ਦੀ ਕਮਾਨ ਸੰਭਾਲਣ ਵਾਲੇ ਇੰਸਪੈਕਟਰ ਗਗਨਦੀਪ ਸਿੰਘ ਧਾਰਮਿਕ ਸਥਾਨ ਦੇ ਸੇਵਾਦਾਰ ਦੀ ਹੱਤਿਆ ਦੇ ਕੇਸ ਨੂੰ ਟਰੇਸ ਕਰ ਪਾਉਂਦੇ ਹਨ ਜਾਂ ਨਹੀਂ।
ਕਾਰ-ਐਕਟਿਵਾ ਦੀ ਟੱਕਰ 'ਚ 1 ਜ਼ਖਮੀ
NEXT STORY