ਬਠਿੰਡਾ(ਬਲਵਿੰਦਰ)- ਬਠਿੰਡਾ ਅਦਾਲਤ ਨੇ ਢਾਈ ਸਾਲ ਪੁਰਾਣੇ ਇਕ ਜਬਰ-ਜ਼ਨਾਹ ਮਾਮਲੇ 'ਚ ਇਕ ਅੰਮ੍ਰਿਤਧਾਰੀ ਸਿੱਖ ਬਣੇ ਬਿਹਾਰੀ ਕਥਾਵਾਚਕ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਦਕਿ ਉਸ ਦੀਆਂ ਸਹਿਯੋਗੀ 2 ਔਰਤਾਂ ਨੂੰ ਵੀ 3-3 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਜ਼ਿਕਰਯੋਗ ਹੈ ਕਿ ਬਿਹਾਰ ਤੋਂ ਆਏ ਇਕ ਵਿਅਕਤੀ ਦਾ ਪੁੱਤਰ ਕੇਦਾਰਨਾਥ ਬਠਿੰਡਾ ਕੋਰਟ 'ਚ ਇਕ ਪਿਆਦੇ ਵਜੋਂ ਨੌਕਰੀ ਕਰਦਾ ਸੀ। ਇਸੇ ਦੌਰਾਨ ਉਸ ਨੇ ਸਿੱਖੀ ਧਰਮ ਅਪਣਾ ਕੇ ਅੰਮ੍ਰਿਤ ਛਕ ਲਿਆ ਤੇ ਆਪਣਾ ਨਾਂ ਕੇਦਾਰਨਾਥ ਸਿੰਘ ਰੱਖ ਲਿਆ। ਫਿਰ ਉਹ ਗੁਰਦੁਆਰਾ ਸਾਹਿਬਾਨ 'ਚ ਜਾਣ-ਆਉਣ ਲੱਗਾ ਤੇ ਹੌਲੀ-ਹੌਲੀ ਕਥਾਵਾਚਕ ਬਣ ਗਿਆ। ਉਹ ਬਕਾਇਦਾ ਪ੍ਰੋਗਰਾਮਾਂ 'ਤੇ ਵੀ ਕਥਾਵਾਚਕ ਵਜੋਂ ਹੀ ਜਾਣ ਲੱਗਾ। ਉਹ ਸ਼ਾਦੀਸ਼ੁਦਾ ਹੈ ਤੇ ਤਿੰਨ ਬੱਚਿਆਂ ਦਾ ਪਿਤਾ ਵੀ ਹੈ। ਕਥਾਵਾਚਕ ਹੁੰਦਿਆਂ ਉਸ ਦੇ ਬਠਿੰਡਾ ਦੇ ਇਕ ਪਰਿਵਾਰ ਨਾਲ ਚੰਗੀ ਜਾਣ-ਪਛਾਣ ਹੋ ਗਈ, ਜਿਸ ਦੀ ਇਕ 20 ਸਾਲਾ ਲੜਕੀ ਵੀ ਸਿੱਖ ਧਰਮ ਦੀ ਸ਼ਰਧਾਲੂ ਸੀ। ਕੇਦਾਰਨਾਥ ਨੇ ਇਕ ਔਰਤ ਤੇ ਉਸ ਦੀ ਬੇਟੀ ਦੀ ਮਦਦ ਨਾਲ ਉਕਤ ਲੜਕੀ ਨੂੰ ਪੰਜਾਬ ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਤਿਆਰ ਕਰ ਲਿਆ। ਫਿਰ ਉਹ ਉਕਤ ਲੜਕੀ ਨੂੰ ਲੈ ਕੇ ਗਵਾਲੀਅਰ ਅਤੇ ਹੋਰ ਥਾਵਾਂ 'ਤੇ ਚਲਾ ਗਿਆ। ਕਰੀਬ ਇਕ ਹਫ਼ਤੇ ਬਾਅਦ ਵਾਪਸ ਆਏ ਤਾਂ ਉਕਤ ਲੜਕੀ ਨੇ ਪਰਿਵਾਰ ਨੂੰ ਦੱਸਿਆ ਕਿ ਕੇਦਾਰਨਾਥ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਨਾਲ ਗਈਆਂ ਦੋਵੇਂ ਔਰਤਾਂ 'ਤੇ ਵੀ ਅਗਵਾ ਕਰਨ ਦਾ ਦੋਸ਼ ਲੱਗਿਆ। ਬਠਿੰਡਾ ਪੁਲਸ ਨੇ ਮਾਮਲਾ ਦਰਜ ਕਰ ਲਿਆ, ਜਿਸ ਤੋਂ ਅਦਾਲਤ 'ਚੋਂ ਕੇਦਾਰ ਨਾਥ ਨੂੰ ਬਰਖਾਸਤ ਕਰ ਦਿੱਤਾ ਗਿਆ। ਇਹ ਕੇਸ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਮਾਣਯੋਗ ਪਰਮਿੰਦਰ ਪਾਲ ਸਿੰਘ ਦੀ ਅਦਾਲਤ ਵਿਚ ਚੱਲ ਰਿਹਾ ਸੀ। ਅੱਜ ਵਕੀਲਾਂ ਦੀ ਬਹਿਸ ਤੋਂ ਬਾਅਦ ਮਾਣਯੋਗ ਜੱਜ ਨੇ ਕੇਦਾਰਨਾਥ ਨੂੰ ਦੋਸ਼ੀ ਕਰਾਰ ਦਿੰਦਿਆਂ ਜਬਰ-ਜ਼ਨਾਹ 'ਚ 7 ਸਾਲ ਤੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ 3 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਸੇ ਤਰ੍ਹਾਂ ਦੋਸ਼ੀ ਦੀਆਂ ਸਾਥੀ ਦੋਵੇਂ ਔਰਤਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ, ਜਿਨ੍ਹਾਂ ਨੂੰ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਕੇਦਾਰਨਾਥ ਨੂੰ 10 ਹਜ਼ਾਰ ਰੁਪਏ ਅਤੇ ਦੋਵੇਂ ਔਰਤਾਂ ਨੂੰ 3-3 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਨਸ਼ਾ ਬੰਦ ਕਰਵਾਉਣ ਦੇ ਦਾਅਵੇ ਸਿਰਫ ਕਾਗਜ਼ਾਂ 'ਚ
NEXT STORY