ਲੁਧਿਆਣਾ(ਮਹਿਰਾ)-ਵਿਆਹ ਦਾ ਝਾਂਸਾ ਦੇ ਕੇ ਇਕ ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਐਡੀਸ਼ਨਲ ਸੈਸ਼ਨ ਜੱਜ ਜੇ. ਪੀ. ਐੱਸ. ਖੁਰਮੀ ਦੀ ਅਦਾਲਤ ਨੇ ਉੱਤਰ ਪ੍ਰਦੇਸ਼ ਨਿਵਾਸੀ ਮੁਸਤਾਕ ਅਲੀ ਨੂੰ 7 ਸਾਲ ਦੀ ਕੈਦ ਅਤੇ 22 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਦੋਰਾਹਾ ਸਥਿਤ ਇਕ ਫੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੇ ਪਰਿਵਾਰ 'ਚ 3 ਲੜਕੀਆਂ ਅਤੇ 2 ਲੜਕੇ ਹਨ। 22 ਅਕਤੂਬਰ 2014 ਨੂੰ ਤਬੀਅਤ ਠੀਕ ਨਾ ਹੋਣ ਕਾਰਨ ਆਪਣੇ ਘਰ ਸੀ ਅਤੇ ਉਸ ਦੀਆਂ ਦੋਵੇਂ ਬੇਟੀਆਂ ਆਪਣੀ ਮਾਂ ਨਾਲ ਕੰਮ 'ਤੇ ਗਈਆਂ ਸਨ। ਦੁਪਹਿਰ ਦੇ ਖਾਣੇ ਤੋਂ ਬਾਅਦ ਉਸ ਦੀ ਇਕ ਬੇਟੀ ਦਾ ਪਤਾ ਨਹੀਂ ਲੱਗਾ, ਜਦੋਂ ਸ਼ਿਕਾਇਤਕਰਤਾ ਦੀ ਪਤਨੀ ਨੇ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਰਹਿਣ ਵਾਲਾ ਉਕਤ ਦੋਸ਼ੀ, ਜਿਸ ਦੀ ਉਮਰ 50 ਸਾਲ ਦੀ ਹੈ, ਉਹ ਵੀ ਆਪਣੇ ਘਰੋਂ ਗਾਇਬ ਹੈ। ਸ਼ਿਕਾਇਤਕਰਤਾ ਨੇ ਪੁਲਸ ਥਾਣਾ ਦੋਰਾਹਾ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਅਤੇ ਸ਼ਿਕਾਇਤਕਰਤਾ ਦੀ ਬੇਟੀ ਨੂੰ ਲੱਭ ਲਿਆ। ਉਸ ਦੀ ਬੇਟੀ ਵੱਲੋਂ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦਿੱਤੇ ਗਏ ਬਿਆਨਾਂ 'ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਇਸੇ ਤਰ੍ਹਾਂ 9 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਸਥਾਨਕ ਵਧੀਕ ਸੈਸ਼ਨ ਜੱਜ ਸ਼੍ਰੀਮਤੀ ਜਗਦੀਪ ਕੌਰ ਵਿਰਕ ਦੀ ਅਦਾਲਤ ਨੇ ਦੋਸ਼ੀ ਸ਼ਮਸ਼ੇਰ ਸਿੰਘ ਨਿਵਾਸੀ ਜਨੇਤਪੁਰਾ, ਜਗਰਾਓਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਵਲੋਂ ਕੀਤੀ ਗਈ ਰਹਿਮ ਦੀ ਅਪੀਲ ਨੂੰ ਠੁਕਰਾਉਂਦਿਆਂ ਕਿਹਾ ਕਿ ਪੀੜਤ ਧਿਰ ਵਲੋਂ ਦੋਸ਼ੀ 'ਤੇ ਲਾਏ ਗਏ ਦੋਸ਼ ਸਾਬਤ ਕੀਤੇ ਜਾ ਚੁੱਕੇ ਹਨ ਅਤੇ ਇਸ ਅਪਰਾਧ ਲਈ ਦੋਸ਼ੀ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਅਤੇ ਉਸ ਨੂੰ ਬਾਕਾਇਦਾ 1 ਲੱਖ ਰੁਪਏ ਜੁਰਮਾਨਾ ਵੀ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਪੁਲਸ ਥਾਣਾ ਜਗਰਾਓਂ ਵਲੋਂ ਦੋਸ਼ੀ ਵਿਰੁੱਧ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਅਤੇ ਉਸ ਦੇ ਵਿਰੁੱਧ ਪੋਸਕੋ ਐਕਟ ਤਹਿਤ 14 ਅਕਤੂਬਰ 2016 ਨੂੰ ਪਰਚਾ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਨਾਬਾਲਗਾ ਦੀ ਮਾਤਾ ਨੇ ਪੁਲਸ ਨੂੰ ਦੋਸ਼ੀ ਵਿਰੁੱਧ ਦਿੱਤੇ ਆਪਣੇ ਬਿਆਨ ਵਿਚ ਦੋਸ਼ ਲਾਇਆ ਸੀ ਕਿ ਉਹ ਆਪਣੀ 9 ਸਾਲਾ ਪੁੱਤਰੀ ਦੇ ਨਾਲ ਦੋਸ਼ੀ ਦੇ ਘਰ ਵਿਚ ਰਹਿੰਦੀ ਸੀ ਅਤੇ ਉਨ੍ਹਾਂ ਦਾ ਕੰਮ ਕਰਦੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਪੁੱਤਰੀ ਨੇ ਦੱਸਿਆ ਕਿ ਦੋਸ਼ੀ ਨੇ ਜ਼ਬਰਦਸਤੀ ਖੇਤ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ।
ਰੇਲਵੇ ਪੁਲਸ ਵੱਲੋਂ ਅੰਮ੍ਰਿਤਸਰ ਤੋਂ ਕਾਬੂ ਕੀਤੇ ਦੋਸ਼ੀ ਤੋਂ 780 ਪਾਬੰਦੀਸ਼ੁਦਾ ਚਾਕੂ ਬਰਾਮਦ
NEXT STORY