ਚੰਡੀਗੜ੍ਹ (ਅੰਕੁਰ ਤਾਂਗੜੀ) : ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਅੰਦਰ ਚੱਲ ਰਹੇ ਵਿਵਾਦ ਨੂੰ ਲੈ ਕੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਪਾਰਟੀ ਦਾ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਨੇ ਤੰਜ ਭਰੇ ਅੰਦਾਜ਼ 'ਚ ਕਿਹਾ ਕਿ ਇੱਕ ਸਮਾਂ ਸੀ, ਜਦੋਂ ਟੈਲੀਵਿਜ਼ਨ 'ਤੇ 'ਸੱਸ-ਨੂੰਹ' ਵਾਲੇ ਨਾਟਕਾਂ ਦਾ ਕਲੇਸ਼ ਚਰਚਾ ਦਾ ਵਿਸ਼ਾ ਹੁੰਦਾ ਸੀ ਪਰ ਹੁਣ ਉਹ ਕਲੇਸ਼ ਤਾਂ ਮੁੱਕ ਗਿਆ, ਜਦੋਂ ਕਿ ਕਾਂਗਰਸ ਦਾ ਕਲੇਸ਼ ਅੱਜ ਵੀ ਪਹਿਲਾਂ ਵਾਂਗ ਜਾਰੀ ਹੈ। ਬਿੱਟੂ ਦੇ ਇਸ ਬਿਆਨ ਨੂੰ ਪੰਜਾਬ ਕਾਂਗਰਸ 'ਚ ਚੱਲ ਰਹੀ ਧੜੇਬੰਦੀ ਅਤੇ ਲਗਾਤਾਰ ਸਾਹਮਣੇ ਆ ਰਹੇ ਵਿਵਾਦਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਿੱਟੂ ਨੇ ਸਿੱਧੇ ਤੌਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜਿੱਥੇ ਵੀ ਪਾਰਟੀ ਦੇ ਪ੍ਰੋਗਰਾਮ ਹੋ ਰਹੇ ਹਨ, ਉੱਥੇ ਵਿਵਾਦ ਹੀ ਵਿਵਾਦ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਚੁਣਿਆ ਗਿਆ ਸੰਸਦ ਮੈਂਬਰ ਥਾਂ-ਥਾਂ ਆਪਣੀ ਬੇਇੱਜ਼ਤੀ ਕਰਵਾ ਰਿਹਾ ਹੈ ਅਤੇ ਪਾਰਟੀ ਦੇ ਅੰਦਰ ਦੀ ਲੜਾਈ ਨੂੰ ਜਨਤਕ ਮੰਚਾਂ ਤੱਕ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਦੇ ਪ੍ਰੋਗਰਾਮਾਂ 'ਚ ਪਾਰਟੀ ਵਰਕਰਾਂ ਦਾ ਜੋਸ਼ ਨਹੀਂ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ 'ਚ ਕਦੇ ਵੀ ਕਿਸੇ ਪਾਰਟੀ ਦੇ ਜਨਰਲ ਸਕੱਤਰ ਦੀ ਅਜਿਹੀ ਹਾਲਤ ਨਹੀਂ ਦੇਖੀ, ਜਿਹੜੀ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਨਜ਼ਰ ਆ ਰਹੀ ਹੈ। ਬਿੱਟੂ ਮੁਤਾਬਕ ਜਿੱਥੇ ਵੀ ਬਘੇਲ ਦਾ ਦੌਰਾ ਹੁੰਦਾ ਹੈ, ਉੱਥੇ ਵਿਵਾਦ ਅਤੇ ਨਾਰਾਜ਼ਗੀ ਸਾਹਮਣੇ ਆ ਜਾਂਦੀ ਹੈ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਪੰਜਾਬ ਕਾਂਗਰਸ ਦੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਸੂਬਾ ਵਾਸੀ ਹੋ ਜਾਣ ALERT, ਘਰੋਂ ਨਿਕਲਣ ਤੋਂ ਪਹਿਲਾਂ...
ਕਈ ਥਾਵਾਂ 'ਤੇ ਚਰਨਜੀਤ ਸਿੰਘ ਚੰਨੀ ਦੇ ਸਮਰਥਨ 'ਚ ਨਾਅਰੇ ਲੱਗੇ ਹਨ, ਜਦੋਂ ਕਿ ਕੁੱਝ ਥਾਵਾਂ 'ਤੇ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਵੀ ਨਾਅਰੇਬਾਜ਼ੀ ਹੋਈ। ਇਸ ਕਾਰਨ ਵਿਰੋਧੀ ਪਾਰਟੀਆਂ ਨੂੰ ਵੀ ਕਾਂਗਰਸ 'ਤੇ ਹਮਲੇ ਕਰਨ ਦਾ ਮੌਕਾ ਮਿਲ ਰਿਹਾ ਹੈ। ਬਿੱਟੂ ਨੇ 'ਗੋ ਬੈਕ ਬਘੇਲ' ਵਾਲੇ ਪੋਸਟਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਕਾਂਗਰਸ ਦੇ ਅੰਦਰ ਸਭ ਕੁੱਝ ਠੀਕ ਨਹੀਂ ਚੱਲ ਰਿਹਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪਾਰਟੀ ਇਹ ਕਹਿੰਦੀ ਹੈ ਕਿ ਇਹ ਸਭ ਕੁੱਝ ਵਿਰੋਧੀਆਂ ਦੀ ਸਾਜ਼ਿਸ਼ ਹੈ, ਤਾਂ ਫਿਰ ਪਾਰਟੀ ਦੀ ਆਪਣੀ ਲੀਡਰਸ਼ਿਪ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਵਿਰੋਧੀਆਂ 'ਤੇ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਲੰਬੇ ਸਮੇਂ ਤੱਕ ਕਾਂਗਰਸ ਦਾ ਹਿੱਸਾ ਰਹੇ ਹਨ ਅਤੇ ਪਾਰਟੀ ਦੀ ਕਾਰਜਸ਼ੈਲੀ ਨੂੰ ਨੇੜਿਓਂ ਜਾਣਦੇ ਹਨ। ਇਸ ਲਈ ਉਨ੍ਹਾਂ ਨੂੰ ਹੈਰਾਨੀ ਨਹੀਂ ਹੋ ਰਹੀ ਕਿ ਅਜਿਹੀਆਂ ਘਟਨਾਵਾਂ ਮੁੜ ਸਾਹਮਣੇ ਆ ਰਹੀਆਂ ਹਨ। ਬਿੱਟੂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪਾਰਟੀ ਦੇ ਅੰਦਰ ਇਸੇ ਤਰ੍ਹਾਂ ਦੀ ਧੜੇਬੰਦੀ ਅਤੇ ਆਪਸੀ ਖਿੱਚੋਤਾਣ ਦੇਖਣ ਨੂੰ ਮਿਲੀ ਸੀ ਅਤੇ ਅੱਜ ਵੀ ਉਹੀ ਦ੍ਰਿਸ਼ ਦੁਹਰਾਇਆ ਜਾ ਰਿਹਾ ਹੈ। ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਲੋਕ 'ਸੱਸ-ਨੂੰਹ' ਵਾਲੇ ਨਾਟਕਾਂ ਦੇ ਐਪੀਸੋਡ ਦੇਖਦੇ ਸਨ ਪਰ ਹੁਣ ਪੰਜਾਬ ਕਾਂਗਰਸ ਦੇ ਪ੍ਰੋਗਰਾਮ ਹੀ ਰੋਜ਼ਾਨਾ ਦੇ ਨਵੇਂ ਐਪੀਸੋਡ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਾਂਗਰਸ ਦਾ ਕੋਈ ਪ੍ਰੋਗਰਾਮ ਹੁੰਦਾ ਹੈ, ਉੱਥੇ ਕਿਸੇ ਨਾ ਕਿਸੇ ਧੜੇ ਵੱਲੋਂ ਨਾਅਰੇਬਾਜ਼ੀ ਜਾਂ ਵਿਰੋਧ ਹੋ ਜਾਂਦਾ ਹੈ ਅਤੇ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਵਿਧਾਨ ਸਭਾ 'ਚ ਹੋ ਗਿਆ ਵੱਡਾ ਐਲਾਨ
ਬਿੱਟੂ ਨੇ ਰਾਜਾ ਵੜਿੰਗ 'ਤੇ ਨਿੱਜੀ ਤੌਰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੇ ਭਰੋਸੇ ਨਾਲ ਸੰਸਦ ਮੈਂਬਰ ਚੁਣਿਆ ਸੀ, ਪਰ ਅੱਜ ਉਹ ਹਰ ਥਾਂ ਆਪਣੀ ਹੀ ਬੇਇੱਜ਼ਤੀ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਕਾਂਗਰਸ ਪ੍ਰਧਾਨਾਂ ਦੇ ਸਮੇਂ ਅਜਿਹੇ ਹਾਲਾਤ ਨਹੀਂ ਬਣਦੇ ਸਨ ਅਤੇ ਪਾਰਟੀ ਦੀ ਅਨੁਸ਼ਾਸਨਕ ਤਸਵੀਰ ਕਾਫ਼ੀ ਵੱਖਰੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਬਣ ਗਏ ਹਨ ਕਿ ਪਾਰਟੀ ਦੇ ਮੰਚਾਂ 'ਤੇ ਹੀ ਵੱਖ-ਵੱਖ ਧੜਿਆਂ ਦੇ ਸਮਰਥਕ ਆਹਮੋ-ਸਾਹਮਣੇ ਹੋ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਪਾਰਟੀ ਦੀ ਸਾਖ਼ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਆਮ ਵਰਕਰਾਂ 'ਚ ਵੀ ਗਲਤ ਸੰਦੇਸ਼ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਤਾਕਤਾਂ ਅਜਿਹੇ ਮਾਹੌਲ ਨੂੰ ਹਵਾ ਦੇ ਰਹੀਆਂ ਹਨ। ਕਾਂਗਰਸ ਦੇ ਕੁੱਝ ਆਗੂਆਂ ਦਾ ਕਹਿਣਾ ਹੈ ਕਿ ਨਾਅਰੇਬਾਜ਼ੀ ਅਤੇ ਵਿਰੋਧ ਦੇ ਪਿੱਛੇ ਵਿਰੋਧੀ ਪਾਰਟੀਆਂ ਦੇ ਹੱਥ ਹਨ। ਹਾਲਾਂਕਿ ਵਿਰੋਧੀ ਧਿਰ ਇਸ ਦਲੀਲ ਨੂੰ ਰੱਦ ਕਰਦੀ ਹੋਈ ਕਹਿ ਰਹੀ ਹੈ ਕਿ ਜੇਕਰ ਪਾਰਟੀ ਦੇ ਅੰਦਰ ਸਭ ਕੁੱਝ ਠੀਕ ਹੋਵੇ ਤਾਂ ਬਾਹਰੀ ਲੋਕ ਅਜਿਹਾ ਮਾਹੌਲ ਨਹੀਂ ਬਣਾ ਸਕਦੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਉੱਭਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਅੰਦਰੂਨੀ ਮਤਭੇਦ ਦੂਰ ਕਰਨੇ ਪੈਣਗੇ। ਮੌਜੂਦਾ ਸਮੇਂ ਵਿੱਚ ਲਗਾਤਾਰ ਸਾਹਮਣੇ ਆ ਰਹੀ ਧੜੇਬੰਦੀ ਅਤੇ ਜਨਤਕ ਵਿਵਾਦ ਨਾ ਸਿਰਫ਼ ਪਾਰਟੀ ਦੇ ਅਕਸ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਵਿਰੋਧੀ ਧਿਰ ਨੂੰ ਵੀ ਹਮਲੇ ਕਰਨ ਲਈ ਲਗਾਤਾਰ ਨਵੇਂ ਮੁੱਦੇ ਮੁਹੱਈਆ ਕਰਵਾ ਰਹੇ ਹਨ। ਰਵਨੀਤ ਸਿੰਘ ਬਿੱਟੂ ਦਾ ਤਾਜ਼ਾ ਬਿਆਨ ਵੀ ਇਸੇ ਸਿਆਸੀ ਟਕਰਾਅ ਨੂੰ ਹੋਰ ਤੇਜ਼ ਕਰਦਾ ਨਜ਼ਰ ਆ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਮਵਰ ਕਬੱਡੀ ਖਿਡਾਰੀ ਦੀ ਮੌਤ, ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਲੱਗਾ ਪਤਾ
NEXT STORY