ਪਿੰਜੌਰ (ਰਾਵਤ, ਤਰਸੇਮ) : ਪਿੰਜੌਰ ’ਚ ਬੁਟੀਕ ਚਲਾਉਣ ਵਾਲੀ ਰਾਜਿੰਦਰ ਕੌਰ ਦੀ ਦਿਨ-ਦਿਹਾੜੇ ਗਲਾ ਕੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਹ ਰਤਪੁਰ ਕਲੋਨੀ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਮਰਨ ਤੋਂ ਪਹਿਲਾਂ ਉਸ ਨੇ ਕਥਿਤ ਤੌਰ ’ਤੇ ਡਾਇਰੀ ’ਚ ਲਿਖਿਆ ਕਿ ਮੈਨੂੰ ਮਾਰਨ ਵਾਲਾ ਮੇਰਾ ਪਤੀ ਹੈ, ਪਲੀਜ਼ ਹੈਲਪ। ਡਾਇਰੀ ’ਚ ਔਰਤ ਨੇ ਆਪਣੀ ਸੱਸ, ਦੋ ਨਣਦਾਂ ਤੇ ਦਿਓਰ ਦਾ ਵੀ ਜ਼ਿਕਰ ਕੀਤਾ ਹੈ। ਉਸ ਦਾ ਆਪਣੇ ਪਤੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਸ ਡਾਇਰੀ, ਸੀ.ਸੀ.ਟੀ.ਵੀ. ਫੁਟੇਜ ਤੇ ਹੋਰ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਪਿੰਜੌਰ ’ਚ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ’ਚ ਸਥਿਤ ਬੁਟੀਕ ਦੇ ਅੰਦਰ ਵਾਪਰੀ।
ਜ਼ਖ਼ਮੀ ਔਰਤ ਨੂੰ ਹਸਪਤਾਲ ਪਹੁੰਚਾਉਣ ਵਾਲੇ ਰਾਜੂ ਨੇ ਦੱਸਿਆ ਕਿ ਕੁਝ ਔਰਤਾਂ ਨੇ ਉਸ ਨੂੰ ਦੱਸਿਆ ਕਿ ਗਲੀ ’ਚ ਇਕ ਔਰਤ ਗੰਭੀਰ ਜ਼ਖ਼ਮੀ ਹਾਲਤ ’ਚ ਪਈ ਹੈ ਅਤੇ ਆਪਣੀ ਡਾਇਰੀ ’ਚ ਕੁਝ ਲਿਖ ਰਹੀ ਹੈ। ਇਸ ਤੋਂ ਬਾਅਦ ਇਕ ਮੋਟਰਸਾਈਕਲ ਸਵਾਰ ਦੀ ਮਦਦ ਨਾਲ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਕਾਲਕਾ ਹਸਪਤਾਲ ਦੇ ਡਾਕਟਰ ਰਾਜੀਵ ਭਾਰਦਵਾਜ ਨੇ ਦੱਸਿਆ ਕਿ ਔਰਤ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਹੋਇਆ ਸੀ ਤੇ ਹਾਲਤ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਾਲਕਾ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਉੱਥੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਜੌਰ ਥਾਣਾ ਇੰਚਾਰਜ ਰਾਜੇਸ਼ ਕੁਮਾਰ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਘਟਨਾ ਸਥਾਨ ਦੇ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ’ਚ ਇਕ ਵਿਅਕਤੀ ਬੁਟੀਕ ਅੰਦਰ ਆਉਂਦਾ ਦਿਖਾਈ ਦਿੰਦਾ ਹੈ ਤੇ ਕੁਝ ਦੇਰ ਬਾਅਦ ਉਹੀ ਵਿਅਕਤੀ ਬਾਹਰ ਨਿਕਲ ਕੇ ਦੁਕਾਨ ਦਾ ਸ਼ਟਰ ਬੰਦ ਕਰਦਾ ਹੈ। ਇਸ ਤੋਂ ਬਾਅਦ ਕੈਮਰਿਆਂ ’ਚ ਖ਼ੂਨ ਨਾਲ ਲਥਪਥ ਗੰਭੀਰ ਜ਼ਖ਼ਮੀ ਰਾਜਿੰਦਰ ਕੌਰ ਖ਼ੁਦ ਦੁਕਾਨ ਦਾ ਸ਼ਟਰ ਖੋਲ੍ਹਦੀ ਅਤੇ ਤੜਫਦੀ ਹੋਈ ਦਿਖਾਈ ਦਿੱਤੀ ਹੈ। ਮੌਤ ਤੋਂ ਪਹਿਲਾਂ ਹਿੰਮਤ ਦਿਖਾਉਂਦਿਆਂ ਸਹੁਰੇ ਪਰਿਵਾਰ ’ਤੇ ਦੋਸ਼ ਲਾਉਂਦਿਆਂ ਉਸ ਨੇ ਡਾਇਰੀ ’ਚ ਲਿਖਿਆ ਕਿ ਉਸ ਨੂੰ ਮਾਰਨ ਵਾਲਾ ਮੇਰਾ ਪਤੀ ਹੈ, ਪਲੀਜ਼ ਹੈਲਪ। ਸੱਸ ਹੈ ਤੇ ਮੇਰੀ ਨਣਦ ਪ੍ਰੀਤੀ ਤੇ ਨੀਤੂ ਹੈ ਤੇ ਮੇਰਾ ਦਿਓਰ ਹੈ।
ਕਾਤਲ ਪਤੀ ਨੂੰ ਕ੍ਰਾਈਮ ਬ੍ਰਾਂਚ ਨੇ 2 ਘੰਟਿਆਂ ’ਚ ਕੀਤਾ ਕਾਬੂ
ਪੰਚਕੂਲਾ ਪੁਲਸ ਨੇ ਪਿੰਜੌਰ ’ਚ ਔਰਤ ਦੀ ਗਲਾ ਕੱਟ ਕੇ ਹੱਤਿਆ ਦੇ ਮਾਮਲੇ ਨੂੰ ਤੇਜ਼ੀ ਨਾਲ ਸੁਲਝਾਉਂਦਿਆਂ ਵਾਰਦਾਤ ਦੇ ਮਹਿਜ਼ ਦੋ ਘੰਟਿਆਂ ਅੰਦਰ ਉਸ ਦੇ ਪਤੀ ਨੂੰ ਕਾਬੂ ਕਰ ਲਿਆ। ਪੁਲਸ ਨੇ ਵਾਰਦਾਤ ’ਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਨੂੰ ਪੁਲਸ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀ.ਸੀ.ਪੀ. ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਅਨੁਸਾਰ 26 ਅਗਸਤ ਨੂੰ ਪਿੰਜੌਰ ਦੀ ਅਬਦੁਲਾਪੁਰ ਕਲੋਨੀ ਸਥਿਤ ਬੁਟੀਕ ’ਚ ਇਕ ਔਰਤ ਗੰਭੀਰ ਜ਼ਖ਼ਮੀ ਹਾਲਤ ’ਚ ਮਿਲੀ। ਔਰਤ ਦੇ ਗਲੇ ’ਤੇ ਡੂੰਘਾ ਜ਼ਖ਼ਮ ਸੀ ਅਤੇ ਕਾਫ਼ੀ ਖ਼ੂਨ ਵਹਿ ਰਿਹਾ ਸੀ। ਸੂਚਨਾ ਮਿਲਣ ’ਤੇ ਸਥਾਨਕ ਲੋਕਾਂ ਦੀ ਮਦਦ ਨਾਲ ਔਰਤ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਔਰਤ ਦੀ ਹੱਤਿਆ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਕੀਤੀ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਤੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ। ਮ੍ਰਿਤਕਾ ਦੀ ਪਛਾਣ ਰਾਜਿੰਦਰ ਕੌਰ, ਵਾਸੀ ਟੱਗਰਾ ਕਲਿਰਾਮ, ਕਾਲਕਾ, ਉਮਰ 42 ਸਾਲ ਵਜੋਂ ਹੋਈ ਹੈ। ਮਾਮਲੇ ’ਚ ਥਾਣਾ ਪਿੰਜੌਰ ਵਿਖੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 103(1) ਤਹਿਤ ਕੇਸ ਦਰਜ ਕੀਤਾ ਗਿਆ। ਮਾਮਲੇ ’ਚ ਕ੍ਰਾਈਮ ਬ੍ਰਾਂਚ-3 ਦੀ ਟੀਮ ਨੇ ਇੰਚਾਰਜ ਤਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਮਹਿਜ਼ ਦੋ ਘੰਟਿਆਂ ਅੰਦਰ ਮ੍ਰਿਤਕਾ ਦੇ ਪਤੀ ਨੂੰ ਕਾਬੂ ਕਰ ਲਿਆ। ਪੁਲਸ ਕਮਿਸ਼ਨਰ ਪੰਕਜ ਨੈਨ ਨੇ ਕਿਹਾ ਕਿ ਇਸ ਮਾਮਲੇ ’ਚ ਸਾਡੀ ਟੀਮ ਨੇ ਸੂਚਨਾ ਮਿਲਦਿਆਂ ਹੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਦੋ ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ’ਚ ਮਿਲੇ ਸਬੂਤਾਂ ਨੂੰ ਜਾਂਚ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ ’ਤੇ ਹੱਤਿਆ ਦੇ ਅਸਲ ਕਾਰਨਾਂ ਤੇ ਵਾਰਦਾਤ ਨਾਲ ਜੁੜੇ ਹਰੇਕ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਗੁੱਜਰਾਂ ਦੇ ਡੇਰੇ 'ਤੇ ਡਾਕਾ ਮਾਰਨ ਆਏ 3 ਬਦਮਾਸ਼ਾਂ 'ਚੋਂ 1 ਕਾਬੂ, 2 ਸਾਥੀ 60,000 ਰੁਪਏ ਲੈ ਕੇ ਫ਼ਰਾਰ
NEXT STORY