ਚੰਡੀਗੜ੍ਹ (ਟੱਕਰ) : ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ ਵਲੋਂ ਪੰਜਾਬ ਦੀਆਂ ਸੜਕਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਦਲਾਲ ਕਹਿਣ 'ਤੇ ਸਿਆਸਤ ਬਹੁਤ ਭਖ ਗਈ ਹੈ, ਜਿਸ ਸਬੰਧੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਪਿਛਲੇ ਕਈ ਦਿਨਾਂ ਤੋਂ ਪਰਿਵਾਰਾਂ ਸਮੇਤ ਸੜਕਾਂ 'ਤੇ ਧਰਨਾ ਦੇ ਰਹੇ ਹਨ ਅਤੇ ਭਾਜਪਾ ਆਗੂ ਵਲੋਂ ਉਨ੍ਹਾਂ ਨੂੰ ਦਲਾਲ ਕਹਿਣਾ ਬਹੁਤ ਹੀ ਮੰਦਭਾਗਾ ਹੈ, ਜਿਸ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
ਰਵਨੀਤ ਬਿੱਟੂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦਲਾਲ ਪੰਜਾਬ ਦੇ ਕਿਸਾਨ ਨਹੀਂ, ਸਗੋਂ ਭਾਜਪਾ ਦੀ ਸਰਕਾਰ ਵਾਲੇ ਸੂਬੇ ਯੂ. ਪੀ. ਤੋਂ ਸਸਤਾ ਝੋਨਾ ਖਰੀਦ ਪੰਜਾਬ ਦੀਆਂ ਮੰਡੀਆਂ 'ਚ ਮਹਿੰਗੇ ਭਾਅ ਵੇਚਣ ਵਾਲੇ ਵਪਾਰੀ ਹਨ, ਇਸ ਲਈ ਭਾਜਪਾ ਆਗੂ ਜੇ. ਪੀ. ਨੱਡਾ ਆਪਣੇ ਰਾਜ ਵਾਲੇ ਸੂਬੇ ਦੇ ਇਨ੍ਹਾਂ ਦਲਾਲਾਂ ਨੂੰ ਕਾਬੂ ਕਰੇ। ਉਨ੍ਹਾਂ ਕਿਹਾ ਕਿ ਅੱਜ ਯੂ. ਪੀ. ਤੋਂ ਧੜਾਧੜ ਝੋਨੇ ਦੇ ਭਰੇ ਟਰੱਕ ਪੰਜਾਬ 'ਚ ਵਿਕਣ ਲਈ ਆ ਰਹੇ ਹਨ, ਜਿਨ੍ਹਾਂ ਨੂੰ ਕਿਸਾਨਾਂ ਵਲੋਂ ਰੋਕਿਆ ਜਾ ਰਿਹਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਯੂ.ਪੀ. ਦਾ ਸਸਤਾ ਝੋਨਾ ਪੰਜਾਬ 'ਚ ਇਸ ਲਈ ਵਿਕ ਰਿਹਾ ਹੈ ਕਿਉਂਕਿ ਇੱਥੇ ਮੰਡੀਕਰਨ ਹੈ ਅਤੇ ਜੇਕਰ ਕੇਂਦਰ ਸਰਕਾਰ ਪੰਜਾਬ 'ਚ ਵੀ ਮੰਡੀਕਰਨ ਤੋੜ ਦੇਵੇਗੀ ਤਾਂ ਇੱਥੇ ਵੀ ਯੂ. ਪੀ. ਵਾਂਗ ਕਿਸਾਨਾਂ ਦੀਆਂ ਫਸਲਾਂ 'ਚ ਵਪਾਰੀ ਆਪਣੀ ਲੁੱਟ ਮਚਾਉਣਗੇ। ਉਨ੍ਹਾਂ ਕਿਹਾ ਕਿ ਜੇ. ਪੀ. ਨੱਡਾ ਵਲੋਂ ਕਿਸਾਨਾਂ ਨੂੰ ਦਲਾਲ ਕਹਿਣ ਨਾਲ ਉਹ ਹੋਰ ਭੜਕਣਗੇ ਅਤੇ ਫਿਰ ਭਾਜਪਾ ਵਾਲੇ ਕਹਿੰਦੇ ਹਨ ਕਿ ਉਨ੍ਹਾਂ 'ਤੇ ਹਮਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਆਪਣਾ ਬਿਆਨ ਵਾਪਸ ਲੈ ਕੇ ਕਿਸਾਨਾਂ ਤੋਂ ਤੁਰੰਤ ਮੁਆਫ਼ੀ ਮੰਗੇ।
ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼
NEXT STORY