ਜਲੰਧਰ, (ਧਵਨ)— ਲੋੜੀਂਦੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ 'ਰੈਫਰੈਂਡਮ 2020' 'ਚ ਅਗਵਾਈ ਕਰਨ ਸਬੰਧੀ ਨਿਯੁਕਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸਟੈਂਡ ਲੈਂਦੇ ਹੋਏ ਸ਼ਨੀਵਾਰ ਕਿਹਾ ਕਿ ਇਸਨੇ 'ਸਿੱਖਸ ਫਾਰ ਜਸਟਿਸ' ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨਿੱਝਰ ਦੀ ਨਿਯੁਕਤੀ 'ਤੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਕੌਮਾਂਤਰੀ ਪੱਧਰ 'ਤੇ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਭਾਰਤ 'ਚ ਸ਼ਾਂਤੀ ਅਤੇ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਫਰਵਰੀ 2018 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅਮ੍ਰਿਤਸਰ ਵਿਖੇ ਹੋਈ ਮੁਲਾਕਾਤ ਦੌਰਾਨ ਨਿੱਝਰ ਦਾ ਮਾਮਲਾ ਉਠਾਇਆ ਸੀ ਅਤੇ ਕਿਹਾ ਸੀ ਕਿ ਕੈਨੇਡਾ ਸਰਕਾਰ ਨੂੰ ਅਜਿਹੇ ਗਰਮ ਖਿਆਲੀਏ ਅਨਸਰਾਂ ਨੂੰ ਆਪਣੀ ਧਰਤੀ ਤੋਂ ਸਿਰ ਨਹੀਂ ਚੁੱਕਣ ਦੇਣਾ ਚਾਹੀਦਾ। ਉਨ੍ਹਾਂ ਟਰੂਡੋ ਨੂੰ ਇਹ ਵੀ ਕਿਹਾ ਸੀ ਕਿ ਉਹ ਅਜਿਹੇ ਅਨਸਰਾਂ ਨੂੰ ਭਾਰਤ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਭੰਗ ਕਰਨ ਲਈ ਆਪਣੀ ਧਰਤੀ ਤੋਂ ਸਰਗਰਮੀਆਂ ਚਲਾਉਣ ਦੀ ਆਗਿਆ ਨਾ ਦੇਣ। ਪੰਜਾਬ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ 'ਚ ਸੁਰੱਖਿਆ ਨੂੰ ਖਤਰਾ ਪੈਦਾ ਹੋਣ ਤੋਂ ਰੋਕਣ ਲਈ ਇੰਝ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਕੈਨੇਡਾ ਸਰਕਾਰ ਅਜਿਹੇ ਗਰਮ ਖਿਆਲੀਏ ਅਨਸਰਾਂ 'ਤੇ ਅਜੇ ਤਕ ਰੋਕ ਨਹੀਂ ਲਾ ਸਕੀ। ਅਜਿਹੇ ਅਨਸਰ ਉਥੇ ਸ਼ਰੇਆਮ ਘੁੰਮ ਰਹੇ ਹਨ। ਕੈਨੇਡਾ ਸਰਕਾਰ ਨੂੰ ਆਪਣੀ ਧਰਤੀ 'ਤੇ ਅਜਿਹੇ ਲੋਕਾਂ ਨੂੰ ਸਿਰ ਨਹੀਂ ਚੁੱਕਣ ਦੇਣਾ ਚਾਹੀਦਾ। ਅਜਿਹੇ ਅਨਸਰਾਂ ਨੂੰ ਜੇ ਕੈਨੇਡਾ ਸਰਕਾਰ ਨਹੀਂ ਰੋਕਦੀ ਤਾਂ ਉਹ ਕਿਸੇ ਨਾ ਕਿਸੇ ਦਿਨ ਕੈਨੇਡਾ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਲਈ ਵੀ ਖਤਰਾ ਬਣ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ 'ਰੈਫਰੈਂਡਮ 2020' ਕਦੇ ਵੀ ਸ਼ਾਂਤਮਈ ਮੂਵਮੈਂਟ ਨਹੀਂ ਰਹੀ। ਹੁਣ ਇਸ 'ਚ ਅੱਤਵਾਦੀ ਨਿੱਝਰ ਨੂੰ ਸ਼ਾਮਲ ਕਰ ਕੇ ਸਿੱਖਸ ਫਾਰ ਜਸਟਿਸ ਨੇ ਦੱਸ ਦਿੱਤਾ ਹੈ ਕਿ ਉਹ ਇਕ ਹਿੰਸਕ ਮੁਹਿੰਮ ਚਲਾ ਰਹੀ ਹੈ। ਇਸ ਮੂਵਮੈਂਟ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ .ਐੱਸ.ਆਈ. ਹਮਾਇਤ ਦੇ ਰਹੀ ਹੈ। ਏਜੰਸੀ ਅੱਤਵਾਦੀਆਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਭਾਰਤ 'ਚ ਭੇਜਣਾ ਚਾਹੁੰਦੀ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ 'ਰੈਫਰੈਂਡਮ 2020' ਦਾ ਮੰਤਵ ਪੰਜਾਬ 'ਚ ਮੁੜ ਤੋਂ ਗੜਬੜ ਕਰਵਾਉਣੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਮੁਹਿੰਮ ਅਧੀਨ ਭਾਰਤ ਵਿਰੋਧੀ ਏਜੰਡੇ ਨੂੰ ਪਾਕਿਸਤਾਨ ਦੀ ਹਮਾਇਤ ਹਾਸਲ ਹੈ। 'ਰੈਫਰੈਂਡਮ 2020' ਆਈ. ਐੱਸ. ਆਈ. ਦਾ ਹੀ ਇਕ ਹਿੱਸਾ ਬਣ ਕੇ ਰਹਿ ਗਿਆ ਹੈ। ਪਨੂੰ ਅਤੇ ਨਿੱਝਰ ਦੋਵੇਂ ਹੀ ਭਾਰਤ ਅਤੇ ਪੰਜਾਬ 'ਚ ਅੱਤਵਾਦੀ ਘਟਨਾਵਾਂ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੇ ਹਨ। ਨਿੱਝਰ ਨੂੰ ਹੁਣ ਇਸ ਮੂਵਮੈਂਟ ਦਾ ਹਿੱਸਾ ਬਣਾ ਕੇ ਸਿੱਖਸ ਫਾਰ ਜਸਟਿਸ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ ਕਿ ਉਹ ਪੰਜਾਬ 'ਚ ਗੜਬੜ ਕਰਵਾਉਣਾ ਚਾਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਵਲੋਂ ਪੰਜਾਬ ਪ੍ਰਤੀ ਵਿਦੇਸ਼ਾਂ 'ਚ ਮਾੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪਿਛੇ ਸਪੱਸ਼ਟ ਤੌਰ 'ਤੇ ਪਾਕਿਸਤਾਨ ਦਾ ਵੀ ਹੱਥ ਹੈ। ਹੁਣ ਇਸ ਮੁਹਿੰਮ ਅਧੀਨ ਆਖਰੀ ਪੜਾਅ 'ਚ ਖਾਲਿਸਤਾਨੀਆਂ ਨੂੰ ਸੰਜੀਵਨੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਕਿਸੇ ਵੀ ਕੀਮਤ 'ਤੇ ਸੂਬੇ 'ਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦੇਵੇਗੀ।
ਨਿੱਝਰ ਬ੍ਰਿਟਿਸ਼ ਕੋਲੰਬੀਆ 'ਚ ਅੱਤਵਾਦੀ ਕੈਂਪਾਂ ਦਾ ਕਰ ਰਿਹਾ ਹੈ ਸੰਚਾਲਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿੱਝਰ ਭਾਰਤ 'ਚ ਲੋੜੀਂਦਾ ਹੈ ਕਿਉਂਕਿ ਉਹ ਬ੍ਰਿਟਿਸ਼ ਕੋਲੰਬੀਆ 'ਚ ਅੱਤਵਾਦੀ ਕੈਂਪਾਂ ਦਾ ਸੰਚਾਲਨ ਕਰ ਰਿਹਾ ਹੈ। ਭਾਰਤ 'ਚ ਟਾਰਗੈੱਟ ਕਿਲਿੰਗ 'ਚ ਵੀ ਨਿੱਝਰ ਦਾ ਹੱਥ ਹੈ। ਨਾਲ ਹੀ ਉਹ ਪੱਛਮ 'ਚ ਭਾਰਤ ਵਿਰੁੱਧ ਅੱਤਵਾਦੀਆਂ ਨੂੰ ਸਿਖਲਾਈ ਦੇ ਰਿਹਾ ਸੀ ਅਤੇ ਹਥਿਆਰ ਮੁਹੱਈਆ ਕਰਵਾ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਨਿੱਝਰ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਸਿੰਘ ਨੂੰ ਪੰਨੂ ਦੇ ਨੇੜੇ ਮੰਨਿਆ ਜਾਂਦਾ ਹੈ। ਪੰਨੂ ਖਾਲਿਸਤਨ 'ਰੈਫਰੈਂਡਮ 2020' ਲਈ ਮੁਹਿੰ ਚਲਾ ਰਿਹਾ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਕੈਨੇਡਾ ਦੀ ਧਰਤੀ ਤੋਂ ਪੰਜਾਬ ਵਿਰੁੱਧ ਇਕ ਸਾਜ਼ਿਸ਼ ਅਧੀਨ ਮਾਹੌਲ ਖਰਾਬ ਕਰਨ ਦੀ ਮੁਹਿੰਮ ਚਲ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਆਮਦਨ 'ਚ 7 ਗੁਣਾ ਵਾਧਾ
NEXT STORY