ਚੰਡੀਗੜ੍ਹ,(ਅਸ਼ਵਨੀ) : ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਮਦਨ 'ਚ ਸੱਤ ਗੁਣਾ ਵਾਧਾ ਉਨ੍ਹਾਂ ਦੀ ਤਨਖਾਹ, ਤਨਖਾਹ ਤੋਂ ਇਲਾਵਾ ਹੋਰ ਲਾਭਾਂ ਤੇ ਕੁਝ ਜਾਇਦਾਦਾਂ ਦੀ ਵਿੱਕਰੀ ਕਾਰਨ ਹੋਇਆ ਹੈ। ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਵਲੋਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਮੌਕੇ ਪੇਸ਼ ਕੀਤੇ ਫਾਰਮ 26 ਹਲਫੀਆ ਬਿਆਨ 'ਚ ਇਸ ਸਬੰਧੀ ਜ਼ਿਕਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੇ ਬੁਲਾਰੇ ਨੇ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਕੈਪਟਨ ਦੀ ਸਾਲ 2016-17 'ਚ ਨਿੱਜੀ ਆਮਦਨ 12.14 ਲੱਖ ਸੀ। ਉਨ੍ਹਾਂ ਦੀ ਐੱਚ. ਯੂ. ਐੱਫ. ਆਮਦਨ ਕੋਈ ਵੀ ਨਹੀਂ ਸੀ। ਸਾਲ 2017-18 ਦੇ ਵਿੱਤੀ ਸਾਲ ਦੇ ਅੰਤ ਤੱਕ ਮੁੱਖ ਮੰਤਰੀ ਨੂੰ ਤਨਖਾਹ ਤੇ ਆਪਣੇ ਅਹੁਦੇ ਦੇ ਕਾਰਨ ਹੋਰ ਲਾਭਾਂ ਤੋਂ 81.43 ਲੱਖ ਆਮਦਨ ਹੋਈ। ਜਿਸ 'ਚ 72 ਲੱਖ ਦੀ ਸਾਲਾਨਾ ਤਨਖਾਹ ਤੇ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਦਾ ਵਿਆਜ ਸ਼ਾਮਲ ਹੈ। ਜਿਸ ਨੂੰ ਉਨ੍ਹਾਂ ਦੀ ਆਮਦਨ ਕਰ ਦੀ ਰਿਟਰਨ 'ਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 9.72 ਲੱਖ ਦੀ ਹੋਰ ਆਮਦਨ ਹੋਈ ਹੈ, ਜੋ ਸਾਲ 2017-18 ਦੌਰਾਨ ਹਿੰਦੂ ਅਨਡਿਵਾਈਡਿਡ ਫੈਮਲੀ (ਐੱਚ. ਯੂ. ਐੱਫ.) ਵਜੋਂ ਹੋਈ ਹੈ। ਇਹ ਜਾਇਦਾਦ ਦੀ ਵਿੱਕਰੀ ਰਾਹੀਂ ਪੂੰਜੀ ਲਾਭ ਦੇ ਅੰਤਰ ਵਜੋਂ ਹੋਈ ਹੈ।
ਜਿਥੋਂ ਤੱਕ ਜਾਇਦਾਦ ਦੀ ਕੀਮਤ 'ਚ ਵਾਧੇ ਦਾ ਸਵਾਲ ਹੈ। ਇਹ 48.29 ਕਰੋੜ ਤੋਂ ਵੱਧ ਕੇ 58.40 ਕਰੋੜ ਰੁਪਏ ਪਿਛਲੇ ਦੋ ਸਾਲਾਂ ਦੌਰਾਨ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਵਾਧਾ ਕੁੱਝ ਜਾਇਦਾਦਾਂ/ਜ਼ਮੀਨ ਦੀ ਵਿੱਕਰੀ ਦੇ ਨਤੀਜੇ ਵਜੋਂ ਹੋਇਆ ਹੈ। ਬੁਲਾਰੇ ਅਨੁਸਾਰ ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਦੀ ਵਿੱਕਰੀ ਦੇ ਵਿਰੁੱਧ ਪੇਸ਼ਗੀ ਰਕਮ ਪ੍ਰਾਪਤ ਕਰਨ ਵਜੋਂ 4 ਕਰੋੜ ਰੁਪਏ, ਪਟਿਆਲਾ ਦੇ ਬਹਾਦਰਗੜ੍ਹ ਪਿੰਡ 'ਚ ਐੱਚ. ਯੂ. ਐੱਫ. ਜ਼ਮੀਨ ਦੀ ਵਿੱਕਰੀ ਤੋਂ 5 ਕਰੋੜ ਰੁਪਏ, ਮਾਰਜ਼ੀ ਪਿੰਡ 'ਚ ਜ਼ਮੀਨ ਦੀ ਵਿੱਕਰੀ ਤੋਂ ਇਕ ਕਰੋੜ ਰੁਪਏ ਤੇ ਦੁਬਈ ਫਲੈਟ ਦੀ ਵਿੱਕਰੀ ਤੋਂ 1.25 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਕਰੀਆਂ ਦੇ ਸੰਦਰਭ 'ਚ ਸਿਸਵਾਂ ਪਿੰਡ 'ਚ ਜ਼ਮੀਨ ਦੀ ਖਰੀਦ 'ਤੇ 3.71 ਕਰੋੜ ਰੁਪਏ ਤੇ ਇਸ ਜ਼ਮੀਨ 'ਤੇ ਘਰ ਦੇ ਨਿਰਮਾਣ ਵਾਸਤੇ 4.71 ਕਰੋੜ ਰੁਪਏ ਖਰਚੇ ਹਨ। ਇਹ ਸਾਰੇ ਵੇਰਵੇ ਮਾਰਚ 2018 ਨੂੰ ਖਤਮ ਹੋਏ ਸਾਲ ਲਈ ਪਹਿਲਾਂ ਦਰਜ ਕੀਤੀ ਗਈ ਆਮਦਨ ਕਰ ਰਿਟਰਨ 'ਚ ਦਿੱਤੇ ਗਏ ਹਨ। ਇਨ੍ਹਾਂ ਨੂੰ ਫਾਰਮ 26 'ਚ ਪ੍ਰਨੀਤ ਕੌਰ ਵੱਲੋਂ ਦਰਜ ਹਲਫੀਆ ਬਿਆਨ ਵਿਚ ਨਹੀਂ ਦੱਸਿਆ ਗਿਆ। ਹਲਫੀਆ ਬਿਆਨ 'ਚ ਆਪਣੇ ਪਤੀ ਦੀ ਚੱਲ ਤੇ ਅਚੱਲ ਜਾਇਦਾਦ ਦੀ ਕੁੱਲ ਸੰਪਤੀ ਦਾ ਐਲਾਨ ਕਰਨਾ ਹੀ ਜ਼ਰੂਰੀ ਹੈ। ਜਾਇਦਾਦਾਂ ਦੀ ਵਿੱਕਰੀ ਤੇ ਸੰਪਤੀ ਨੂੰ ਦਰਸਾਉਣ ਵਾਲਾ ਕੋਈ ਕਾਲਮ ਨਹੀਂ ਹੈ।
ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਦੀ ਨਵੀਂ ਉਡਾਣ ਸ਼ੁਰੂ
NEXT STORY