ਹੁਸ਼ਿਆਰਪੁਰ— ਆਬੂਧਾਬੀ 'ਚ ਇਕ ਪਾਕਿਸਤਾਨੀ ਦੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਮੁਆਫ ਹੋਣ ਤੋਂ ਬਾਅਦ ਸੋਮਵਾਰ ਦੇਰ ਰਾਤ ਚੰਦਰਸ਼ੇਖਰ ਜਦੋਂ ਮਾਹਿਲਪੁਰ ਦੇ ਪਿੰਡ ਹਵੇਲੀ ਪਹੁੰਚਿਆ ਤਾਂ ਉਸ ਨੂੰ ਦੇਖ ਪਰਿਵਾਰ ਵਾਲਿਆਂ ਦੀਆਂ ਅੱਖਾਂ ਭਰ ਆਈਆਂ। ਪਰਿਵਾਰ ਵਾਲੇ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਇਥੇ ਮਹਿਨਤ ਮਜ਼ਦੂਰੀ ਕਰਾਂਗੇ ਪਰ ਹੁਣ ਆਪਣੇ ਬੇਟੇ ਨੂੰ ਕਿਸੇ ਵੀ ਹਾਲਤ 'ਚ ਵਿਦੇਸ਼ ਨਹੀਂ ਭੇਜਾਂਗੇ।
ਜ਼ਿਕਰਯੋਗ ਹੈ ਕਿ ਅਪ੍ਰੈਲ 2017 'ਚ ਉਥੇ ਦੀ ਅਦਾਲਤ ਨੇ ਪਾਕਿਸਤਾਨੀ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ। ਇਸ ਦਾ ਸਾਰਾ ਸਹਿਰਾ ਦੁਬਈ ਸਥਿਤ ਗ੍ਰੈਂਡ ਹੋਟਲ ਦੇ ਮਾਲਿਕ ਤੇ ਸਰਬਤ ਦਾ ਭਲਾ ਟ੍ਰਸਟ ਦੇ ਮੁਖੀ ਡਾ. ਐੱਸ.ਪੀ.ਐੱਸ. ਓਬਰਾਏ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਬਲਡ ਮਨੀ ਸਮਝੌਤਾ ਕਰ ਇਨ੍ਹਾਂ ਨੂੰ ਰਿਹਾਅ ਕਰਵਾਇਆ।
ਕੀ ਸੀ ਮਾਮਲਾ
ਜ਼ਿਕਰਯੋਗ ਹੈ ਕਿ 10 ਜੁਲਾਈ 2015 ਦੀ ਰਾਤ ਨੂੰ ਆਬੂਧਾਬੀ ਦੇ ਅਲੈਨ ਸ਼ਹਿਰ 'ਚ ਸ਼ਰਾਬ ਦੀ ਗੈਰ ਕਾਨੂੰਨੀ ਤਸਕਰੀ ਨੂੰ ਲੈ ਕੇ ਪਾਕਿਸਤਾਨੀ ਤੇ ਭਾਰਤੀ ਧਿਰਾਂ 'ਚ ਕੁੱਟਮਾਰ ਹੋਈ ਸੀ। ਇਸ ਕੁੱਟਮਾਰ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਮੁਹੰਮਦ ਇਰਫਾਨ ਦੀ ਮੌਤ ਹੋ ਗਈ ਸੀ ਤੇ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਅਲੈਨ ਦੀ ਪੁਲਸ ਨੇ ਮਾਮਲਾ ਦਰਜ ਕਰ 11 ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਭਾਰਤੀਆਂ 'ਚ ਇਕ ਕੁਲਦੀਪ ਸਿੰਘ ਨੂੰ 2 ਲੱਖ ਦਿਰਹਮ ਦਾ ਜੁਰਮਾਨਾ ਲੱਗਾ ਕੇ ਰਿਹਾਅ ਕਰ ਦਿੱਤਾ ਸੀ, ਜਦਕਿ ਇਸੇ ਮਾਮਲੇ 'ਚ ਸਤਵਿੰਦਰ ਸਿੰਘ, ਚੰਦਰ ਸ਼ੇਖਰ, ਚਮਕੌਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਧਰਮਵੀਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਨੂੰ ਅਦਾਲਤ ਨੇ 7 ਦਸੰਬਰ 2016 'ਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਡਾ. ਐੱਸ.ਪੀ.ਐੱਸ. ਓਬਰਾਏ ਨੇ ਇਸ ਫੈਸਲੇ ਖਿਲਾਫ 21 ਦਸੰਬਰ 2016 'ਚ ਅਲੈਨ ਅਦਾਲਤ 'ਚ ਅਪੀਲ ਕੀਤੀ ਸੀ। ਬਾਅਦ 'ਚ ਬਲਡ ਮਨੀ ਮਿਲ ਜਾਣ ਤੋਂ ਬਾਅਦ ਦੋਹਾਂ ਧਿਰਾਂ 'ਚ ਸਮਝੌਤਾ ਹੋ ਗਿਆ ਤਾਂ ਉਨ੍ਹਾਂ ਨੇ 2 ਫਰਵਰੀ 2017 ਨੂੰ ਅਦਾਲਤ 'ਚ ਐਗਰੀਮੈਂਟ ਜਮਾਂ ਕਰਵਾ ਦਿੱਤਾ ਸੀ।
ਇਹ ਹੈ UK ਦੀ ਸਭ ਤੋਂ ਘੱਟ ਉਮਰ ਵਾਲੀ IS ਅੱਤਵਾਦੀ
NEXT STORY