ਜਲੰਧਰ (ਖੁਰਾਣਾ) — ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਨਾਲਾਇਕੀਆਂ ਦੇ ਵੈਸੇ ਤਾਂ ਦਰਜਨਾਂ ਕਿੱਸੇ ਹਨ ਪਰ ਇਸ ਦੀ ਤਾਜ਼ਾ ਮਿਸਾਲ ਦੇਖਣੀ ਹੋਵੇ ਤਾਂ ਪੁਰਾਣੀ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਸਥਿਤ ਚੁਰਾਹੇ 'ਤੇ ਦੇਖਣ ਨੂੰ ਮਿਲ ਜਾਂਦੀ ਹੈ। ਪੁਰਾਣੀ ਸਬਜ਼ੀ ਮੰਡੀ ਤੋਂ ਇਕ ਸੜਕ ਕਪੂਰਥਲਾ ਚੌਕ ਤੇ ਦੂਜੀ ਸੜਕ ਪਟੇਲ ਚੌਕ ਵਲ ਜਾਂਦੀ ਹੈ। ਇਨ੍ਹਾਂ ਦੇ ਵਿਚਾਲੇ ਇਕ 20 ਗੁਣਾ 20 ਫੁੱਟ ਦਾ ਥੜ੍ਹਾ ਪੈਂਦਾ ਹੈ।
ਇਸ ਥੜ੍ਹੇ 'ਤੇ ਇਕ ਵਿਅਕਤੀ ਨੇ ਨਾਜਾਇਜ਼ ਕਬਜ਼ਾ ਕਰ ਲਿਆ ਹੈ ਤੇ ਥੜ੍ਹੇ ਵਿਚਕਾਰ ਲੱਗੇ ਰੁੱਖ 'ਤੇ ਹਰੇ ਤੇ ਲਾਲ ਰੰਗ ਦੇ ਕੱਪੜੇ ਆਦਿ ਟੰਗ ਕੇ ਇਸ ਸਥਾਨ ਨੂੰ ਧਾਰਮਿਕ ਅਸਥਾਨ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰੋਜ਼ਾਨਾ ਧੂਪ ਬੱਤੀ ਤੇ ਦੀਵੇ ਆਦਿ ਬਾਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਮਾਜ ਸੇਵਾ ਵਿਚ ਮੋਹਰੀ ਸੰਸਥਾ 'ਸਮਰਪਣ ਟੂ ਨੇਸ਼ਨ' ਦੇ ਕਨਵੀਨਰ ਅਮਿਤ ਸ਼ਰਮਾ ਨੇ ਇਹ ਵੇਖ ਉਸ ਵਿਅਕਤੀ ਨੂੰ ਟੋਕਿਆ ਪਰ ਉਸ 'ਤੇ ਇਸਦਾ ਕੋਈ ਅਸਰ ਨਹੀਂ ਦਿਸਿਆ।
ਜ਼ਿਕਰਯੋਗ ਹੈ ਕਿ ਇਸ ਛੋਟੀ ਜਿਹੀ ਥਾਂ ਨੂੰ ਖੂਬਸੂਰਤ ਬਣਾਉਣ ਲਈ ਨਗਰ ਨਿਗਮ ਕਈ ਕੋਸ਼ਿਸ਼ਾਂ ਕਰ ਚੁੱਕਾ ਹੈ। ਕਈ ਵਾਰ ਇਥੇ ਵੱਡੇ-ਵੱਡੇ ਗਮਲੇ ਵੀ ਰੱਖੇ ਗਏ ਤੇ ਬੂਟੇ ਵੀ ਲਾਏ ਗਏ ਪਰ ਉਨ੍ਹਾਂ ਬੂਟਿਆਂ ਨੂੰ ਕਿਸੇ ਨੇ ਪਾਣੀ ਹੀ ਨਹੀਂ ਦਿੱਤਾ,ਜਿਸ ਕਾਰਨ ਬੂਟੇ ਸੁੱਕ ਗਏ ਤੇ ਕੁਝ ਸਮਾਂ ਪਹਿਲਾਂ ਇਨ੍ਹਾਂ ਗਮਲਿਆਂ ਵਿਚ ਹਦਵਾਣੇ ਭਰ ਕੇ ਵੇਚੇ ਜਾਂਦੇ ਰਹੇ। ਅੱਜ ਵੀ ਥੜ੍ਹੇ 'ਤੇ ਪੁਰਾਣੇ ਕੱਪੜੇ ਤੇ ਹੋਰ ਸਾਮਾਨ ਰੱਖ ਕੇ ਵੇਚਿਆ ਜਾ ਰਿਹਾ ਹੈ ਪਰ ਨਿਗਮ ਛੋਟਾ ਜਿਹਾ ਟੋਟਾ ਹੀ ਸਾਫ ਨਹੀਂ ਕਰ ਸਕਿਆ। ਹੈਰਾਨੀ ਵਾਲੀ ਗੱਲ ਹੈ ਕਿ ਨਿਗਮ ਆਉਣ ਵਾਲੇ ਸਮੇਂ ਵਿਚ ਹਜ਼ਾਰਾਂ ਏਕੜ ਵਿਚ ਵਸੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਦਾਅਵੇ ਕਰ ਰਿਹਾ ਹੈ ਪਰ ਜੋ ਨਿਗਮ ਅਜਿਹੇ ਥੜ੍ਹੇ ਨੂੰ ਸਮਾਰਟ ਨਹੀਂ ਬਣਾ ਸਕਿਆ, ਉਹ ਸ਼ਹਿਰ ਨੂੰ ਕਿਵੇਂ ਸਮਾਰਟ ਬਣਾਵੇਗਾ।
ਭਾਰਤ-ਪਾਕਿਸਤਾਨ ਵਿਚਕਾਰ 1965 ਦੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY