ਮੋਹਾਲੀ (ਨਿਆਮੀਆਂ) : ਰਾਜ ਸਿੱਖਿਆ ਸਿਖਲਾਈ ਖੋਜ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਗੁਣਾਤਮਿਕ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਲਈ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ' ਚਲਾਇਆ ਜਾ ਰਿਹਾ ਹੈ, ਜਿਸ ਰਾਹੀਂ ਬਾਲ ਮਨੋਵਿਗਿਆਨ ਆਧਾਰਿਤ ਪਾਠਕ੍ਰਮ, ਰੌਚਕ ਸਿੱਖਣ-ਸਿਖਾਉਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦੇ ਰਾਹੀਂ ਨਿਰਧਾਰਿਤ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਅਧੀਨ ਪ੍ਰਾਇਮਰੀ ਜਮਾਤਾਂ ਦੇ ਸਰਵਪੱਖੀ ਵਿਕਾਸ ਦਾ ਮਾਪਦੰਡਾਂ ਆਧਾਰਿਤ ਮੁਲਾਂਕਣ ਕਰਨ ਲਈ ਰਿਪੋਰਟ ਕਾਰਡ ਜਾਰੀ ਕੀਤੇ ਗਏ ਹਨ। ਇਹ ਰਿਪੋਰਟ ਕਾਰਡ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਕਾਸ ਦੇ ਮੁਲਾਂਕਣ ਲਈ ਤਿਆਰ ਕੀਤੇ ਗਏ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਪ੍ਰੀ-ਪ੍ਰਾਇਮਰੀ-1 ਅਤੇ 2 ਜਮਾਤ ਦੇ ਬੱਚਿਆਂ ਦੇ ਸਰੀਰਕ ਅਤੇ ਕਿਰਿਆਤਮਕ, ਸਮਾਜਿਕ ਅਤੇ ਭਾਵਨਾਤਮਕ, ਬੌਧਿਕ, ਭਾਸ਼ਾਈ, ਗਣਿਤਕ ਵਿਕਾਸ ਨੂੰ ਜਾਣਨ ਤੇ ਸਮਝਣ ਲਈ ਸਿੱਖਿਆ ਵਿਭਾਗ ਵਲੋਂ ਬੱਚਿਆਂ ਦਾ ਤਿਮਾਹੀ ਮੁਲਾਂਕਣ ਕੀਤਾ ਜਾਵੇਗਾ। ਵਿਦਿਆਰਥੀਆਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਵਿਭਾਗ ਵਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਤਿਆਰ ਕੀਤੇ ਗਏ ਰਿਪੋਰਟ ਕਾਰਡਾਂ 'ਚ ਦਰਸਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਦੇ ਰਿਪੋਰਟ ਕਾਰਡ ਰਾਹੀਂ ਪਹਿਲੀ ਤੋਂ ਪੰਜਵੀਂ ਜਮਾਤ ਤਕ ਵਿਦਿਆਰਥੀਆਂ ਦੇ ਭਾਸ਼ਾਈ ਕੌਸ਼ਲਾਂ ਜਿਵੇਂ ਪੜ੍ਹਨ, ਲਿਖਣ, ਸਵਾਲ ਅਤੇ ਪਹਾੜਿਆਂ ਦਾ ਮੁਲਾਂਕਣ ਅਤੇ ਸਾਲ ਵਿਚ 4 ਵਾਰੀ ਜਨਵਰੀ, ਸਤੰਬਰ, ਨਵੰਬਰ ਅਤੇ ਜਨਵਰੀ ਵਿਚ ਜਮਾਤ ਵਾਰ ਵਿਸ਼ਿਆਂ ਦੇ ਸਿੱਖਣ-ਪਰਿਣਾਮਾਂ ਅਧਾਰਿਤ ਮੁਲਾਂਕਣ ਹੋਵੇਗਾ। ਡਾ. ਦਵਿੰਦਰ ਬੋਹਾ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਰਿਪੋਰਟ ਕਾਰਡ ਪ੍ਰਾਇਮਰੀ ਵਰਗ ਦੇ ਹਰ ਵਿਦਿਆਰਥੀ ਦੀ ਕਾਰਗੁਜ਼ਾਰੀ ਦਾ ਅਧਾਰ ਸਾਬਿਤ ਹੋਣਗੇ।
ਬਦਮਾਸ਼ਾਂ ਨੂੰ ਮਿਲ ਕੇ ਕਾਬੂ ਕਰਨਗੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ
NEXT STORY