ਹੁਸ਼ਿਆਰਪੁਰ, (ਅਮਰਿੰਦਰ)- ਬੀਤੀ ਦੇਰ ਰਾਤ ਚੰਡੀਗਡ਼੍ਹ ਰੋਡ ’ਤੇ ਹੰਦੋਵਾਲ ਪਿੰਡ ਦੇ ਕੋਲ ਇਕ ਕਾਰ ਦੀ ਚਪੇਟ ’ਚ ਆ ਕੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਜਾਣ ਅਤੇ ਇਕ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜ਼ਖ਼ਮੀ ਨੌਜਵਾਨ ਇਕ ਨਿੱਜੀ ਹਸਪਤਾਲ ’ਚ ਜ਼ਿੰਦਗੀ-ਮੌਤ ਦੀ ਲਡ਼ਾਈ ਲਡ਼ ਰਿਹਾ ਹੈ।
ਮ੍ਰਿਤਕ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਪਛਾਣ 28 ਸਾਲਾ ਰਾਮ ਸਿੰਘ ਪੁੱਤਰ ਨਰਿੰਦਰ ਸਿੰਘ ਮੂਲ ਵਾਸੀ ਪਿੰਡ ਕਰਮਚੱਕ ਖੇਡ਼ਾ ਜ਼ਿਲਾ ਰਾਮਪੁਰ ਅਤੇ 38 ਸਾਲਾ ਪੱਪੂ ਪੁੱਤਰ ਰਾਮਪਾਲ ਮੂਲ ਵਾਸੀ ਪਿੰਡ ਕਟਸਾਰੀ ਜ਼ਿਲਾ ਬਰੇਲੀ ਵਜੋਂ ਹੋਈ ਹੈ। ਜਦਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਮ੍ਰਿਤਕ ਰਾਮ ਸਿੰਘ ਦੇ ਛੋਟੇ ਭਰਾ ਪ੍ਰਤਾਪ ਵਜੋਂ ਹੋਈ ਹੈ। ਮ੍ਰਿਤਕ ਪਿਛਲੇ ਕਾਫੀ ਸਮੇਂ ਤੋਂ ਹੁਸ਼ਿਆਰਪੁਰ ਦੇ ਚੱਬੇਵਾਲ ਇਲਾਕੇ ਦੇ ਪਿੰਡ ਬਸੀ ਕਲਾਂ ’ਚ ਰਹਿੰਦੇ ਸਨ।

ਦੇਰ ਰਾਤ ਮਾਹਿਲਪੁਰ ਤੋਂ ਆ ਰਹੇ ਸਨ ਤਿੰਨੋਂ ਨੌਜਵਾਨ
ਸਿਵਲ ਹਸਪਤਾਲ ਵਿਖੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮ ਸਿੰਘ ਛੋਲੇ-ਭਟੂਰੇ ਦੀ ਦੁਕਾਨ ਕਰਦਾ ਸੀ ਅਤੇ ਪੱਪੂ ਦੁਕਾਨ ’ਤੇ ਕੰਮ ਕਰਦਾ ਸੀ। ਤਿੰਨੋਂ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਕਿਸੇ ਕੰਮ ਮਾਹਿਲਪੁਰ ਗਏ ਸਨ ਤੇ ਵਾਪਸ ਪਰਤਦੇ ਸਮੇਂ ਰਾਤ ਕਰੀਬ 11 ਵਜੇ ਹੰਦੋਵਾਲ ਦੇ ਕੋਲ ਇਕ ਕਾਰ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਤਿੰਨਾਂ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ, ਜਿਥੇ ਰਾਮ ਸਿੰਘ ਤੇ ਪੱਪੂ ਦੀ ਮੌਤ ਹੋ ਗਈ। ਜਦਕਿ ਪ੍ਰਤਾਪ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਇਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ।
ਕਾਰ ਚਾਲਕ ਦੇ ਖਿਲਾਫ਼ ਕੇਸ ਦਰਜ
ਸੰਪਰਕ ਕਰਨ ’ਤੇ ਥਾਣਾ ਚੱਬੇਵਾਲ ’ਚ ਤਾਇਨਾਤ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਨੁਕਸਾਨੀ ਕਾਰ ਨੂੰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰ ਚਲਾ ਰਹੇ ਵਿਪਨ ਚੋਪਡ਼ਾ ਪੁੱਤਰ ਕੇਦਾਰਨਾਥ ਵਾਸੀ ਪਿੰਡ ਜਾਡਲਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ।
ਸਿਵਲ ਹਸਪਤਾਲ ’ਚ ਚੈੱਕਅਪ ਕਰਵਾਉਣ ਆਏ ਹਵਾਲਾਤੀ ਨੇ ਕੀਤਾ ਭੱਜਣ ਦਾ ਯਤਨ, ਪੁਲਸ ਨੇ ਦਬੋਚਿਆ
NEXT STORY