ਨਾਭਾ (ਜੈਨ) : ਇੱਥੇ ਮੌਸਮ ਖ਼ਰਾਬ ਅਤੇ ਮੀਂਹ ਪੈਣ ਕਾਰਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ 15 ਵਿਅਕਤੀਆਂ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਿਛਲੀ ਰਾਤ ਰਾਧਾ ਸਵਾਮੀ ਸਤਿਸੰਗ ਰੋਡ ’ਤੇ ਇਕ ਆਵਾਰਾ ਪਸ਼ੂ ਕਾਰਨ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਦੋ ਮੋਟਰਸਾਈਕਲਾਂ ਅਤੇ ਇਕ ਐਕਟਿਵਾ ’ਤੇ ਸਵਾਰ 7 ਵਿਅਕਤੀ ਫੱਟੜ ਹੋ ਗਏ। ਦੱਸਿਆ ਜਾਂਦਾ ਹੈ ਕਿ ਇਸ ਸੜਕ ’ਤੇ ਸਥਿਤ ਗੈਸ ਏਜੰਸੀ ਸਾਹਮਣੇ ਇਹ ਹਾਦਸਾ ਵਾਪਰਿਆ। ਰਣਜੀਤ ਸਿੰਘ, ਸੁੱਖਾ ਤੇ ਕਸ਼ਮੀਰਾ ਇਕ ਮੋਟਰਸਾਈਕਲ ’ਤੇ ਸਵਾਰ ਸਨ ਜਦੋਂ ਕਿ ਮੇਜਰ ਸਿੰਘ, ਮਨਪ੍ਰੀਤ ਤੇ ਕਾਲੀ ਦੂਜੇ ਵਾਹਨ ’ਤੇ ਸਵਾਰ ਸਨ। ਐਕਟਿਵਾ ’ਤੇ ਇਕ ਬਜ਼ੁਰਗ ਮਿਲਖੀ ਰਾਮ ਸੀ।
ਤਿੰਨੇ ਵਾਹਨਾਂ ਦਾ ਵੀ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਆਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਅਕਸਰ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਸੜਕ ’ਤੇ ਨਾ ਹੀ ਡਿਵਾਈਡਰ, ਨਾ ਹੀ ਲਾਈਟ ਤੇ ਸਫਾਈ ਦਾ ਕੋਈ ਪ੍ਰਬੰਧ ਹੈ। ਇਕ ਹੋਰ ਹਾਦਸਾ ਰਣਜੀਤ ਨਗਰ ਲਾਗੇ ਵਾਪਰਿਆ, ਜਿਸ ਵਿਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਗੰਭੀਰ ਫੱਟੜ ਹੋ ਗਏ, ਜਿਨ੍ਹਾਂ ਦੀ ਪਛਾਣ ਸ਼ਿੰਦੀ, ਬਲਵਿੰਦਰ ਤੇ ਕਾਲਾ ਰਾਮ ਵਜੋਂ ਹੋਈ। ਇਹ ਹਾਦਸਾ ਸੜਕ ਟੁੱਟੀ ਹੋਣ ਕਾਰਨ ਵਾਪਰਿਆ।
ਇੰਝ ਹੀ ਪਿੰਡ ਢੀਂਗੀ ਦੇ ਬੱਸ ਸਟੈਂਡ ਨੇੜੇ ਸਾਈਕਲ ’ਤੇ ਸਵਾਰ ਇਕ ਬਜ਼ੁਰਗ ਦੀ ਐਕਟਿਵਾ ਨਾਲ ਟੱਕਰ ਹੋ ਗਈ, ਜਿਸ ਵਿਚ ਬਜ਼ੁਰਗ ਸ਼ਿੰਦਰ ਸਿੰਘ ਤੇ ਐਕਟਿਵਾ ਸਵਾਰ ਦੋ ਅਧਿਆਪਕਾਂ ਦੇ ਸੱਟਾਂ ਵੱਜੀਆਂ। ਇੱਥੇ ਪੁਰਾਣੀ ਸਬਜ਼ੀ ਮੰਡੀ ਵਿਚ ਰੇਹੜੀ ਦੀ ਫੇਟ ਵੱਜਣ ਕਾਰਨ ਦੋ ਨੌਜਵਾਨ ਮੁਨੀਸ਼ ਤੇ ਰਣਜੀਤ ਫੱਟੜ ਹੋ ਗਏ। ਇਹ ਨੌਜਵਾਨ ਬਾਈਕ ’ਤੇ ਸਵਾਰ ਸਨ। ਇਨ੍ਹਾਂ ਨੂੰ ਸਿਵਲ ਹਸਪਤਾਲ ਐਮਰਜੈਂਸੀ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, ਅੱਜ ਤੋਂ ਚੋਣ ਜ਼ਾਬਤਾ ਲਾਗੂ
NEXT STORY