ਜਲੰਧਰ/ਹੁਸ਼ਿਆਰਪੁਰ— (ਕਮਲਜੀਤ, ਦਿਲਬਾਗੀ)— ਅੱਡਾ ਕਠਾਰ ਦੇ ਬੱਸ ਸਟੈਂਡ ਨੇੜੇ ਇਕ ਸੜਕ ਹਾਦਸਾ ਵਾਪਰਨ ਨਾਲ ਜਲੰਧਰ ਦੇ ਸਿਵਲ ਹਸਪਤਾਲ ਦੇ ਡਾਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅਨੁਸਾਰ ਡਾ. ਸੁਰਿੰਦਰਪਾਲ ਸਿੰਘ ਆਰਟੀਗਾ ਗੱਡੀ ਰਾਹੀਂ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਆ ਰਹੇ ਸਨ। ਬਾਅਦ ਦੁਪਹਿਰ 2.45 ਦੇ ਕਰੀਬ ਰਸਤੇ ਵਿਚ ਕਠਾਰ ਦੇ ਬੱਸ ਸਟੈਂਡ ਨੇੜੇ ਖੜ੍ਹੇ ਇਕ ਅਣਪਛਾਤੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਡਾ. ਸੁਰਿੰਦਰਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਡਰਾਈਵਰ ਪ੍ਰਿਤਪਾਲ ਸਿੰਘ ਦੀ ਕੁਝ ਸਮੇਂ ਉਪਰੰਤ ਮੌਤ ਹੋ ਗਈ। ਉਨ੍ਹਾਂ ਨਾਲ ਬੈਠੀ ਇਕ ਔਰਤ ਨੂੰ ਜ਼ਖਮੀ ਹਾਲਤ ਵਿਚ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਣਪਛਾਤੇ ਟਰੈਕਟਰ-ਟਰਾਲੀ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਹਾਦਸੇ ਦੌਰਾਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ।
ਡਾ. ਸੁਰਿੰਦਰਪਾਲ ਦੀ ਲਾਸ਼ ਵੇਖ ਭਾਵੁਕ ਹੋਏ ਪਰਿਵਾਰਕ ਮੈਂਬਰ
ਡਾ. ਸੁਰਿੰਦਰਪਾਲ ਦੀ ਮ੍ਰਿਤਕ ਦੇਹ ਜਿਵੇਂ ਹੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਪੁੱਜੀ ਤਾਂ ਹਸਪਤਾਲ ਦੇ ਸਟਾਫ ਦੇ ਨਾਲ-ਨਾਲ ਕਈ ਡਾਕਟਰ ਵੀ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਪੁੱਜੇ। ਡਾ. ਸੁਰਿੰਦਰਪਾਲ ਦੇ ਨਾਲ ਪੋਸਟਮਾਰਟਮ ਵਿਚ ਮਦਦ ਕਰਨ ਵਾਲਾ ਕਿਸ਼ੋਰੀ ਲਾਲ ਬੇਹੱਦ ਜਜ਼ਬਾਤੀ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਮਹਿਲਾ ਸਟਾਫ ਮੈਂਬਰ ਹਸਪਤਾਲ 'ਚ ਤਾਇਨਾਤ ਕੰਪਿਊਟਰ ਆਪ੍ਰੇਟਰ ਪ੍ਰਿਤਪਾਲ ਸਿੰਘ ਦੀ ਲਾਸ਼ ਨੂੰ ਦੇਖ ਕੇ ਭਾਵੁਕ ਹੋ ਗਈਆਂ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਸਵੇਰ ਦੇ ਸਮੇਂ ਹਸਪਤਾਲ ਵਿਚ ਸਭ ਨੂੰ ਮਿਲ ਕੇ ਜਾਣ ਵਾਲੇ ਸ਼ਾਮ ਨੂੰ ਵਾਪਸ ਨਹੀਂ ਆਉਣਗੇ। ਡਾ. ਸੁਰਿੰਦਰਪਾਲ ਦੀ ਪਤਨੀ ਡਾ. ਸੁਮਨ ਗਿੱਲ, ਬੇਟੀ ਹਰਲੀਨ ਕੌਰ ਅਤੇ ਬੇਟੇ ਲਵਨੀਤਪਾਲ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਹਰਲੀਨ 9ਵੀਂ ਜਮਾਤ ਦੀ ਵਿਦਿਆਰਥਣ ਹੈ, ਜਦਕਿ ਲਵਨੀਤਪਾਲ ਪਲੱਸ ਵਨ ਦਾ ਵਿਦਿਆਰਥੀ ਹੈ। ਦੋਵੇਂ ਭੈਣ ਭਰਾ ਗ੍ਰੀਨ ਮਾਡਲ ਟਾਊਨ ਸਥਿਤ ਇਨੋਸੈਂਟ ਹਾਰਟਸ ਸਕੂਲ ਵਿਖੇ ਪੜ੍ਹਦੇ ਹਨ।
ਨਵ-ਵਿਆਹੀ ਪੁਲਸ ਮੁਲਾਜ਼ਮ ਹੋਈ ਵਿਧਵਾ
ਸਿਵਲ ਹਸਪਤਾਲ ਵਿਚ ਫਿਰੋਜ਼ਪੁਰ ਦਾ ਰਹਿਣ ਵਾਲਾ ਪ੍ਰਿਤਪਾਲ ਸਿੰਘ ਪੜ੍ਹਾਈ ਵਿਚ ਕਾਫੀ ਅੱਗੇ ਰਹਿਣ ਕਾਰਨ ਹਸਪਤਾਲ ਵਿਚ ਪ੍ਰਾਈਵੇਟ ਹੀ ਕੰਪਿਊਟਰ ਆਪ੍ਰੇਟਰ ਦਾ ਟੈਸਟ ਦੇ ਕੇ ਪਾਸ ਹੋ ਚੁੱਕਾ ਸੀ। ਲਗਭਗ 6 ਸਾਲ ਪਹਿਲਾਂ ਉਹ ਐੱਮ. ਐੱਲ. ਆਰ. ਆਨਲਾਈਨ ਕਰਨ ਦਾ ਕੰਮ ਕਰਦਾ ਸੀ। ਠੇਕੇ 'ਤੇ ਭਰਤੀ ਪ੍ਰਿਤਪਾਲ ਸਿੰਘ ਦਿਨ ਰਾਤ ਕੰਮ ਕਰਦਾ ਰਹਿੰਦਾ ਸੀ ਅਤੇ ਹਸਪਤਾਲ ਦੇ ਡਾਕਟਰਾਂ ਦੀਆਂ ਸਭ ਐੱਮ. ਐੈੱਲ. ਆਰਜ਼ ਨੂੰ ਆਨਲਾਈਨ ਕਰਦਾ ਰਹਿੰਦਾ ਸੀ। ਲਗਭਗ ਡੇਢ ਸਾਲ ਪਹਿਲਾਂ ਪ੍ਰਿਤਪਾਲ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਜੋ ਪੰਜਾਬ ਪੁਲਸ ਵਿਚ ਕਾਂਸਟੇਬਲ ਹੈ। ਵਿਆਹ ਪਿੱਛੋਂ ਪ੍ਰਿਤਪਾਲ ਸਿੰਘ ਮਨਪ੍ਰੀਤ ਕੌਰ ਦੇ ਨਾਲ ਪੁਲਸ ਲਾਈਨ ਸਥਿਤ ਕੁਆਰਟਰਾਂ ਵਿਚ ਰਹਿਣ ਲੱਗ ਪਿਆ ਸੀ। ਦੱਸਿਆ ਜਾਂਦਾ ਹੈ ਕਿ ਪ੍ਰਿਤਪਾਲ ਸਿੰਘ ਆਪਣੇ ਪਿੱਛੇ 2 ਮਹੀਨਿਆਂ ਦਾ ਬੇਟਾ ਵੀ ਛੱਡ ਗਿਆ ਹੈ। ਸ਼ਨੀਵਾਰ ਨੂੰ ਡਾ. ਸੁਰਿੰਦਰਪਾਲ ਦੇ ਨਾਲ ਉਹ ਖੁਦ ਕਾਰ ਚਲਾ ਰਿਹਾ ਸੀ। ਕਾਰ ਦੇ ਪਿੱਛੇ ਇਕ ਹੋਰ ਔਰਤ ਸਵਾਰ ਸੀ। ਕਾਰ ਜਿਵੇਂ ਹੀ ਅੱਗੇ ਖੜ੍ਹੇ ਟਰੈਕਟਰ-ਟਰਾਲੀ ਨਾਲ ਟਕਰਾਈ ਤਾਂ ਡਾ. ਸੁਰਿੰਦਰਪਾਲ ਤੇ ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਦੇ ਪਿੱਛੇ ਬੈਠੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਉਕਤ ਔਰਤ ਦੀ ਪਛਾਣ ਜਸਬੀਰ ਪਤਨੀ ਜੈਰਾਮ ਵਾਸੀ ਪਿੰਡ ਫੋਲੜੀਵਾਲ ਵਜੋਂ ਹੋਈ ਹੈ।
ਬੁੱਧਵਾਰ ਨੂੰ ਡਿਊਟੀ ਦੌਰਾਨ ਗਰੀਬਾਂ ਦੀ ਕੀਤੀ ਸੀ ਮੁਫਤ ਸੇਵਾ
ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਡਾ. ਸੁਰਿੰਦਰਪਾਲ ਦੀ ਬੁੱਧਵਾਰ ਨਾਈਟ ਡਿਊਟੀ ਸੀ। ਡਿਊਟੀ ਦੌਰਾਨ ਗਰੀਬ ਵਰਗ ਦੇ ਕੁਝ ਲੋਕ ਐੱਮ. ਐੱਲ. ਆਰ. ਕਟਵਾਉਣ ਲਈ ਹਸਪਤਾਲ ਆਏ ਸਨ ਪਰ ਉਨ੍ਹਾਂ ਕੋਲ ਸਰਕਾਰੀ ਫੀਸ ਦੇਣ ਲਈ ਪੈਸੇ ਨਹੀਂ ਸਨ। ਸੁਭਾਅ ਤੋਂ ਨਰਮ ਦਿਲ ਅਤੇ ਹਰ ਕਿਸੇ ਦੀ ਮਦਦ ਲਈ ਅੱਗੇ ਆਉਣ ਵਾਲੇ ਡਾ. ਸੁਰਿੰਦਰਪਾਲ ਨੇ ਆਪਣੀ ਜੇਬ 'ਚੋਂ 600 ਰੁਪਏ ਦੇ ਕੇ 2 ਐੱਮ. ਐੱਲ. ਆਰ. ਕਟਵਾਈਆਂ ਅਤੇ ਪੀੜਤ ਵਿਅਕਤੀਆਂ ਨੂੰ ਸੌਂਪੀਆਂ। ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਸੁਰਿੰਦਰਪਾਲ ਇੰਨੇ ਨਰਮ ਸੁਭਾਅ ਦੇ ਇਨਸਾਨ ਸਨ ਕਿ ਉਨ੍ਹਾਂ ਕੋਲੋਂ ਕਿਸੇ ਦਾ ਦੁੱਖ ਦੇਖਿਆ ਨਹੀਂ ਜਾਂਦਾ ਸੀ।
ਕਰਜ਼ੇ ਦੇ ਮਾਰੇ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY