ਜਲੰਧਰ : ਪੰਜਾਬ ਸਰਕਾਰ ਵਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਦੇ ਸ਼ਾਨਦਾਰ ਕੰਮ ਸਦਕਾ ਪੰਜਾਬ ਵਿਚ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ ਲਗਾਤਾਰ ਘੱਟ ਰਹੀ ਹੈ। ਅੰਕੜਿਆਂ ਮੁਤਾਬਕ ਪਹਿਲਾਂ ਪੰਜਾਬ ਵਿਚ ਇਕ ਦਿਨ ਵਿਚ ਲਗਭਗ 17 ਲੋਕਾਂ ਦੀਆਂ ਜਾਨਾਂ ਸੜਕੀ ਹਾਦਸਿਆਂ ਵਿਚ ਚਲੀਆਂ ਜਾਂਦੀਆਂ ਸਨ ਪਰ ਜਦੋਂ ਦਾ ਸੜਕ ਸੁਰੱਖਿਆ ਫੋਰਸ ਦਾ ਗਠਨ ਹੋਇਆ ਹੈ, ਉਦੋਂ ਤੋਂ ਇਸ ਦੀ ਗਿਣਤੀ 13 'ਤੇ ਆ ਗਈ ਹੈ। ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਸਿਰਫ ਜਾਨਾਂ ਹੀ ਨਹੀਂ ਬਚਾਅ ਰਹੀ ਸਗੋਂ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ ਕੀਮਤੀ ਸਮਾਨ, ਜਿਵੇਂ ਕੈਸ਼, ਗਹਿਣੇ ਅਤੇ ਮੋਬਾਇਲ ਆਦਿ ਵੀ ਉਨ੍ਹਾਂ ਦੇ ਵਾਰਸਾਂ ਤਕ ਪਹੁੰਚਾ ਰਹੀ ਹੈ।
ਸੜਕ ਸੁਰੱਖਿਆ ਫੋਰਸ ਵਿਚ ਬਤੌਰ ਕਾਂਸਟੇਬਲ ਤਾਇਨਾਤ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਹਦਾਇਤ ਕੀਤੀ ਗਈ ਹੈ ਕਿ ਹਾਦਸੇ ਦੀ ਸੂਚਨਾ ਮਿਲਣ 'ਤੇ ਫੌਰੀ ਤੌਰ 'ਤੇ ਮੌਕੇ 'ਤੇ ਪਹੁੰਚਿਆ ਜਾਵੇ ਅਤੇ ਜ਼ਖਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 24 ਘੰਟੇ ਰੋਡ 'ਤੇ ਤਾਇਨਾਤ ਰਹਿੰਦੀ ਹੈ। ਹਾਦਸੇ ਦੀ ਸੂਚਨਾ ਮਿਲਣ ਦੇ 10 ਮਿੰਟ ਦੇ ਅੰਦਰ ਅੰਦਰ ਟੀਮ ਮੌਕੇ 'ਤੇ ਪਹੁੰਚ ਜਾਂਦੀ ਹੈ।
ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ
ਆਪਣੀ ਕਿਸਮ ਦੀ ਪਹਿਲੀ ਵਿਸ਼ੇਸ਼ ਫੋਰਸ ਪੰਜਾਬ ’ਚ ਰੋਜ਼ਾਨਾ ਸੜਕ ਹਾਦਸਿਆਂ ਵਿਚ ਜਾ ਰਹੀਆਂ ਕਈ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਹਾਈ ਹੋ ਰਹੀ ਹੈ। ਇਨ੍ਹਾਂ ਵਾਹਨਾਂ ’ਚ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ ਮੌਜੂਦ ਹੈ। ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਡਾਕਟਰੀ ਸਹਾਇਤਾ ਮਿਲਣ ਨੂੰ ਯਕੀਨੀ ਬਣਾਉਣ ਲਈ ਫੋਰਸ ਨੂੰ ਟਰੌਮਾ ਸੈਂਟਰਾਂ ਨਾਲ ਜੋੜਿਆ ਗਿਆ ਹੈ। ਅੰਕੜਿਆਂ ਮੁਤਾਬਕ ਪੰਜਾਬ ਵਿਚ ਵਾਪਰਦੇ ਸੜਕ ਹਾਦਸਿਆਂ ਵਿਚ ਰੋਜ਼ਾਨਾ 17 ਦੇ ਕਰੀਬ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ। ਇਹ ਫੋਰਸ ਸੜਕ ਹਾਦਸਿਆਂ ਨੂੰ ਰੋਕਣ ਲਈ ਅੰਨ੍ਹੇਵਾਹ ਡਰਾਈਵਿੰਗ ਕਰਨ ਵਾਲਿਆਂ, ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਹੋਰ ਕੰਮਾਂ ਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਅਤੇ ਇਸ ਨਾਲ ਥਾਣਿਆਂ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਬੋਝ ਵੀ ਘਟਿਆ ਹੈ।
ਵਿਅਕਤੀ ਨੂੰ ਸੱਪ ਨੇ ਡੰਗਿਆ, ਹਸਪਤਾਲ 'ਚ ਦਾਖ਼ਲ
NEXT STORY