ਸੰਗਤ ਮੰਡੀ(ਮਨਜੀਤ)-ਪਿੰਡ ਤਿਉਣਾ ਨੇੜੇ ਸਰਹਿੰਦ ਨਹਿਰ ਦੀ ਪਟੜੀ 'ਤੇ ਸ਼ਾਮ ਸਮੇਂ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਹਜ਼ਾਰਾਂ ਰੁਪਇਆਂ ਦੀ ਨਕਦੀ ਖੋਹ ਲਈ। ਜਿਨ੍ਹਾਂ 'ਚੋਂ ਇਕ ਲੁਟੇਰੇ ਨੂੰ ਨਹਿਰ ਨੇੜੇ ਖੇਤਾਂ 'ਚ ਕੰਮ ਕਰਦੇ ਪਿੰਡ ਤਿਉਣਾ ਦੇ ਕਿਸਾਨਾਂ ਵੱਲੋਂ ਮੌਕੇ 'ਤੇ ਹੀ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਹਰਪ੍ਰੀਤ ਸ਼ਰਮਾ ਪੁੱਤਰ ਰਾਜਿੰਦਰ ਸ਼ਰਮਾ ਵਾਸੀ ਪਿਉਰੀ ਨੇ ਦੱਸਿਆ ਕਿ ਉਹ ਬਠਿੰਡਾ ਵਿਖੇ ਬੈਂਕ 'ਚ ਨੌਕਰੀ ਕਰਦਾ ਹੈ, ਸ਼ਾਮ ਸਮੇਂ ਉਹ ਨਹਿਰ ਦੀ ਪਟੜੀ ਦੇ ਰਸਤੇ ਬਠਿੰਡਾ ਤੋਂ ਆਪਣੇ ਪਿੰਡ ਪਿਉਰੀ ਜਾ ਰਿਹਾ ਸੀ। ਰਸਤੇ 'ਚ ਉਸ ਨੂੰ ਮੋਟਰਸਾਈਕਲ 'ਤੇ ਸਵਾਰ ਤਿੰਨ ਨਾਕਾਬਪੋਸ਼ ਵਿਅਕਤੀਆਂ ਨੇ ਅੱਗੇ ਮੋਟਰਸਾਈਕਲ ਲਾ ਕੇ ਰੋਕ ਲਿਆ ਅਤੇ ਉਸ ਨੂੰ ਫੜ ਕੇ ਡੰਡੇ ਅਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਸ ਕੋਲੋਂ 21 ਹਜ਼ਾਰ 450 ਰੁਪਏ ਅਤੇ ਇਕ ਮੋਬਾਇਲ ਖੋਹ ਲਿਆ, ਜਦਕਿ ਕਾਹਲੀ 'ਚ ਲੁਟੇਰਿਆ ਕੋਲੋਂ ਫ਼ਰਾਰ ਹੋਣ ਸਮੇਂ ਮੋਬਾਇਲ ਫੋਨ ਉਨ੍ਹਾਂ ਤੋਂ ਉਥੇ ਹੀ ਡਿੱਗ ਪਿਆ। ਪੈਸੇ ਖੋਹ ਕੇ ਤਿੰਨੇ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿਉਣਾ ਹੈੱਡ ਵੱਲ ਫ਼ਰਾਰ ਹੋ ਗਏ। ਉਕਤ ਵਿਅਕਤੀ ਵੱਲੋਂ ਰੌਲਾ ਪਾਉਣ 'ਤੇ ਨੇੜਲੇ ਖੇਤਾਂ 'ਚ ਕੰਮ ਕਰਦੇ ਵਿਅਕਤੀਆਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਇਕ ਲੁਟੇਰੇ ਵੱਲੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਤਿਉਣਾ ਰਜਬਾਹੇ 'ਚ ਛਾਲ ਮਾਰ ਦਿੱਤੀ, ਜਿਸ ਨੂੰ ਕਿਸਾਨ ਪਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਮੇਟ ਮਾਹੀ ਚੰਦ ਨੇ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਫੜੇ ਗਏ ਲੁਟੇਰੇ ਨੇ ਆਪਣੀ ਪਛਾਣ ਪੀਤਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਮਹਿਤਾ ਦੱਸੀ ਹੈ ਜਦੋਂ ਕਿ ਦੂਸਰਾ ਵਿਅਕਤੀ ਬਿੱਟੂ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲੀ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਬਠਿੰਡਾ ਦੇ ਜੋਗੀ ਨਗਰ 'ਚ ਰਹਿੰਦਾ ਹੈ, ਤੀਸਰੇ ਲੁਟੇਰੇ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਮੁਖੀ ਇਕਬਾਲ ਸਿੰਘ ਮੌਕੇ 'ਤੇ ਪਹੁੰਚੇ ਪਰ ਲੁੱਟ ਦਾ ਵਕੂਆ ਥਾਣਾ ਨੰਦਗੜ੍ਹ 'ਚ ਪੈਂਦਾ ਹੋਣ ਕਾਰਨ ਉਹ ਵਾਪਸ ਚਲੇ ਗਏ, ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਨਵ-ਨਿਯੁਕਤ ਮੁਖੀ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਤਿੰਨ ਲੁਟੇਰਿਆਂ 'ਚੋਂ ਇਕ ਨੂੰ ਮੌਕੇ 'ਤੇ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਬਾਕੀ ਦੇ ਦੋਵਾਂ ਲੁਟੇਰਿਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਸਫ਼ਾਈ ਕਰਮਚਾਰੀਆਂ ਨੇ ਨਗਰ ਨਿਗਮ ਸਾਹਮਣੇ ਘੜੇ ਭੰਨੇ
NEXT STORY