ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੀ ਪੁਲਸ ਨੇ ਇਲਾਕੇ ਵਿਚ ਲੋਕਾਂ ਨੂੰ ਹਥਿਆਰ ਦੀ ਨੋਕ 'ਤੇ ਲੁੱਟਣ ਵਾਲੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਲਾਡੋਵਾਲ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 28 ਮਈ ਨੂੰ ਸਾਊਥ ਸਿਟੀ ਬਾਈਪਾਸ ਵੱਲੋਂ ਇਕ ਛੋਟਾ ਹਾਥੀ ਟੈਂਪੂ ਦਾ ਚਾਲਕ ਲਲਨ ਕੁਮਾਰ ਵਾਸੀ ਬਿਹਾਰ ਆਪਣੇ ਸਾਥੀ ਦੇ ਨਾਲ ਲਾਡੋਵਾਲ ਟੋਲ ਪਲਾਜ਼ਾ ਵੱਲ ਆ ਰਿਹਾ ਸੀ ਅਤੇ ਉਸੇ ਦੌਰਾਨ ਰਸਤੇ ਵਿਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਉਸ ਦਾ ਟੈਂਪੂ ਰਸਤੇ ਵਿਚ ਰੋਕ ਲਿਆ ਅਤੇ ਉਨ੍ਹਾਂ ਨੂੰ ਡਰਾ-ਧਮਕਾ ਕੇ, ਉਨ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਦੋ ਮੋਬਾਈਲ ਫ਼ੋਨ ਅਤੇ 2000 ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਇੰਨਾ ਹੀ ਨਹੀਂ, ਮੁਲਜ਼ਮਾਂ ਵੱਲੋਂ ਉਨ੍ਹਾਂ ਦੇ ਛੋਟੇ ਹਾਥੀ ਟੈਂਪੂ ਦੀ ਚਾਬੀ ਵੀ ਕੱਢ ਕੇ ਆਪਣੇ ਨਾਲ ਲੈ ਗਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦੋ ਅਣਪਛਾਤੇ ਲੁਟੇਰਿਆਂ ਖਿਲਾਫ਼ ਲੁੱਟ ਕਰਨ ਦਾ ਮਾਮਲਾ ਦਰਜ ਕੀਤਾ ਗਿਆ।
ਜਦੋਂ ਪੁਲਸ ਨੇ ਉਕਤ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੇ ਛੋਟਾ ਹਾਥੀ ਟੈਂਪੂ ਚਾਲਕ ਲਲਨ ਕੁਮਾਰ ਤੋਂ ਲੁੱਟ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ, ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਰੂਬੀ ਪੁੱਤਰ ਬਲਜੀਤ ਸਿੰਘ ਅਤੇ ਜੱਜ ਸਿੰਘ ਬਬਲੂ ਪੁੱਤਰ ਅਮਰਜੀਤ ਸਿੰਘ (ਦੋਵੇਂ ਵਾਸੀ ਪਿੰਡ ਕੁਤਬੇਵਾਲ ਗੁਜਰਾਂ, ਲਾਡੋਵਾਲ) ਵਜੋਂ ਕੀਤੀ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਵਿੱਚ ਮੁਲਜ਼ਮ ਜੱਜ ਸਿੰਘ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਟੈਂਪੂ ਚਾਲਕ ਤੋਂ ਲੁੱਟੇ ਗਏ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ, ਜਦਕਿ ਦੂਜਾ ਮੁਲਜ਼ਮ ਗੁਰਵਿੰਦਰ ਸਿੰਘ ਰੂਬੀ ਅਜੇ ਤੱਕ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਗ੍ਰਿਫ਼ਤਾਰ ਮੁਲਜ਼ਮ 'ਤੇ ਲੁੱਟ ਅਤੇ ਚੋਰੀ ਦੇ 8 ਮਾਮਲੇ ਦਰਜ
ਥਾਣਾ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜੱਜ ਸਿੰਘ ਬਬਲੂ ਖਿਲਾਫ਼ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਲੁੱਟ ਅਤੇ ਚੋਰੀ ਦੇ 8 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਥਾਣਾ ਫੋਕਲ ਪੁਆਇੰਟ, ਜਮਾਲਪੁਰ, ਹੈਬੋਵਾਲ, ਲਾਡੋਵਾਲ, ਟਿੱਬਾ ਅਤੇ ਥਾਣਾ ਜੋਧੇਵਾਲ ਵਿੱਚ 3 ਮਾਮਲੇ ਦਰਜ ਹਨ, ਜਿਸ ਵਿੱਚ ਮੁਲਜ਼ਮ ਕੁਝ ਦੇਰ ਪਹਿਲਾਂ ਹੀ ਜੇਲ੍ਹ ਤੋਂ ਆਪਣੇ ਸਾਥੀ ਦੇ ਨਾਲ ਜ਼ਮਾਨਤ 'ਤੇ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਲੁੱਟ ਅਤੇ ਚੋਰੀ ਦੀ ਵਾਰਦਾਤ ਕਰਨ ਲੱਗਾ। ਥਾਣਾ ਇੰਚਾਰਜ ਨੇ ਦੱਸਿਆ ਕਿ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮੁਲਜ਼ਮ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੁਲਿਸ ਵੱਲੋਂ ਅਹਿਮ ਖੁਲਾਸੇ ਕੀਤੇ ਜਾ ਸਕਦੇ ਹਨ।
ਫ਼ਰਾਰ ਮੁਲਜ਼ਮ ਦੇ ਨਾਲ ਲੁੱਟ, ਚੋਰੀ ਦੀਆਂ ਕਈ ਵਾਰਦਾਤਾਂ ਕਰ ਚੁੱਕਾ ਮੁਲਜ਼ਮ
ਥਾਣਾ ਇੰਚਾਰਜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜੱਜ ਸਿੰਘ ਬਬਲੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੇ ਦੂਜੇ ਸਾਥੀ ਗੁਰਵਿੰਦਰ ਸਿੰਘ ਰੂਬੀ ਦੇ ਨਾਲ ਮਿਲ ਕੇ ਹੀ ਲੁੱਟ ਅਤੇ ਚੋਰੀ ਦੀਆਂ ਕਈ ਵਾਰਦਾਤਾਂ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜੱਜ ਸਿੰਘ ਬਬਲੂ ਖਿਲਾਫ਼ ਜੋ ਮਾਮਲੇ ਪੁਲਿਸ ਥਾਣਿਆਂ ਵਿੱਚ ਦਰਜ ਹਨ, ਉਨ੍ਹਾਂ ਮਾਮਲਿਆਂ ਵਿੱਚ ਫ਼ਰਾਰ ਮੁਲਜ਼ਮ ਗੁਰਵਿੰਦਰ ਸਿੰਘ ਰੂਬੀ ਵੀ ਸ਼ਾਮਲ ਹੈ, ਜੋ ਪਿਛਲੇ ਕਈ ਸਾਲਾਂ ਤੋਂ ਆਪਸ ਵਿੱਚ ਮਿਲ ਕੇ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਕਈ ਮਾਮਲਿਆਂ ਵਿੱਚ ਇਕੱਠੇ ਜੇਲ੍ਹ ਜਾ ਚੁੱਕੇ ਹਨ ਅਤੇ ਜ਼ਮਾਨਤ 'ਤੇ ਵੀ ਦੋਵੇਂ ਬਾਹਰ ਇਕੱਠੇ ਆਏ ਹਨ। ਬਾਹਰ ਆਉਣ ਤੋਂ ਬਾਅਦ ਫਿਰ ਤੋਂ ਮੁਲਜ਼ਮ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ।
ਕੈਨੇਡਾ ਗਏ ਬੰਦੇ ਘਰ ਚੋਰੀ! 2 ਘੰਟੇ ਤੱਕ ਮਕਾਨ ਵਿਚ ਰਿਹਾ ਚੋਰ, CCTV ਵਿਚ ਕੈਦ ਹੋਈ ਵਾਰਦਾਤ
NEXT STORY