ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖੌਫ ਲੁਟੇਰਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਭਾਮੀਆਂ ਰੋਡ ਦਾ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਚਾਕੂ ਦੀ ਨੋਕ 'ਤੇ ਇਕ ਮਹਿਲਾ ਤੋਂ ਉਸ ਦੀ ਕਰੇਟਾ ਗੱਡੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੇਹਰਬਾਨ ਦੀ ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਾ. ਅਵਨੀਤ ਕੌਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ 31 ਮਾਰਚ ਦੀ ਸ਼ਾਮ ਕਰੀਬ 7 ਤੋਂ 8 ਵਜੇ ਦੇ ਵਿਚਕਾਰ ਉਹ ਆਪਣੀ ਚਿੱਟੇ ਰੰਗ ਦੀ ਕਰੇਟਾ ਗੱਡੀ 'ਤੇ ਸਵਾਰ ਹੋ ਕੇ ਡਰਾਈਵਿੰਗ ਸਿੱਖ ਰਹੀ ਸੀ। ਜਦੋਂ ਉਹ ਭਾਮੀਆਂ ਰੋਡ ਸਥਿਤ ਸ਼ਮਸ਼ਾਨਘਾਟ ਕੋਲ ਪਹੁੰਚੀ ਅਤੇ ਗੱਡੀ ਨੂੰ ਬੈਕ ਕਰਕੇ ਵਾਪਸ ਮੋੜਨ ਲੱਗੀ, ਉਸੇ ਸਮੇਂ ਇਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਨੌਜਵਾਨ ਉੱਥੇ ਆਏ। ਮੁਲਜ਼ਮਾਂ ਨੇ ਉਸ ਨੂੰ ਰੋਕਿਆ ਅਤੇ ਚਾਕੂ ਵਰਗੀ ਕਿਸੇ ਨੁਕੀਲੀ ਅਤੇ ਤੇਜ਼ਧਾਰ ਚੀਜ਼ ਦਿਖਾ ਕੇ ਡਰਾਇਆ-ਧਮਕਾਇਆ। ਲੁਟੇਰਿਆਂ ਨੇ ਮਹਿਲਾ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਅਤੇ ਦੇਖਦੇ ਹੀ ਦੇਖਦੇ ਕਾਰ ਲੈ ਕੇ ਤਾਜਪੁਰ ਰੋਡ ਵੱਲ ਰਫੂਚੱਕਰ ਹੋ ਗਏ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਪੁਲਸ ਦਾ ਕਹਿਣਾ ਹੈ ਕਿ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਸੁਰਾਗ ਲਗਾਇਆ ਜਾ ਸਕੇ।
ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਫਗਵਾੜਾ ਦਾ ਸਿਵਲ ਹਸਪਤਾਲ! ਬਣਿਆ ਦਹਿਸ਼ਤ ਦਾ ਮਾਹੌਲ
NEXT STORY