ਗੁਰਦਾਸਪੁਰ, (ਵਿਨੋਦ, ਦੀਪਕ)- ਬੀਤੇ ਦਿਨੀਂ ਪੂਨੇ ਜ਼ਿਲੇ ਦੇ ਭੀਮਾ-ਕੋਰੇਗਾਓਂ 'ਚ ਦਲਿਤਾਂ ਖਿਲਾਫ਼ ਹੋਈ ਹਿੰਸਾ ਦੇ ਵਿਰੋਧ 'ਚ ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੂਰੇ ਸੂਬੇ ਅੰਦਰ ਅਰਥੀ ਫੂਕ ਪ੍ਰਦਰਸ਼ਨ ਕਰਨ ਦੇ ਸੱਦੇ 'ਤੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਗੁਰਦਾਸਪੁਰ ਵੱਲੋਂ ਸ਼ਹਿਰ ਵਿਚ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਥਾਨਕ ਡਾਕਖਾਨੇ 'ਚ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਹਿੰਸਾ ਭੜਕਾਉਣ ਲਈ ਜ਼ਿੰਮੇਵਾਰ ਮਿਲਿੰਟ ਏਕਬਾਟੇ ਅਤੇ ਸੰਭਾਜੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਕੀ ਕਹਿਣੈ ਬੁਲਾਰਿਆਂ ਦਾ
ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਾਮਰੇਡ ਰਾਜ ਕੁਮਾਰ, ਸੀ. ਪੀ. ਆਈ. ਐੱਮ. ਐੱਲ. ਨਿਊ ਡੈਮੋਕਰੇਸੀ ਦੇ ਬੁਲਾਰੇ ਕਾਮਰੇਡ ਰਮੇਸ਼ ਰਾਣਾ ਨੇ ਕਿਹਾ ਕਿ ਇਹ ਘਟਨਾ ਦਲਿਤ ਵਿਰੋਧੀ ਸਾਜ਼ਿਸ਼ ਦਾ ਨਤੀਜਾ ਸੀ। ਉਨ੍ਹਾਂ ਕਿਹਾ ਭੀਮਾ-ਕੋਰੇਗਾਓਂ ਵਿਚ ਇਹ ਬਰਸੀ ਹਰ ਸਾਲ ਮਨਾਈ ਜਾਂਦੀ ਹੈ ਪਰ ਕਦੀ ਵੀ ਇਥੇ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ। ਮਹਾਰਾਸ਼ਟਰ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਹੀ ਭਾਰਤ ਨੂੰ ਹਿੰਦੂ ਰਾਜ ਬਣਾਉਣ ਦੇ ਏਜੰਡੇ 'ਤੇ ਰੱਖਦੀ ਹੈ ਅਤੇ ਇਸ ਏਜੰਡੇ ਤਹਿਤ ਹੀ ਸੂਬਿਆਂ ਅਤੇ ਦੇਸ਼ ਵਿਚ ਘੱਟ ਗਿਣਤੀਆਂ, ਦਲਿਤਾਂ ਅਤੇ ਹੋਰ ਅਗਾਂਹਵਧੂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦਲਿਤਾਂ 'ਤੇ ਇਹ ਹਮਲਾ ਵੀ ਉਸੇ ਏਜੰਡੇ ਦਾ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬੀ. ਜੇ. ਪੀ. ਤੇ ਆਰ. ਐੱਸ. ਐੱਸ. ਦੇ ਇਸ਼ਾਰਿਆਂ 'ਤੇ ਹੋ ਰਿਹਾ ਹੈ। ਭੀਮਾ-ਕੇਰੋਗਾਓਂ ਹਿੰਸਾ ਦੇ ਮੁੱਖ ਦੋਸ਼ੀ ਮਿਲਿੰਦ ਏਕਬਾਟੇ ਅਤੇ ਸੰਭਾਜੀ ਭਿਡੇ ਦੋਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਹਨ ਤੇ ਉਹ ਇਨ੍ਹਾਂ ਨੂੰ ਆਪਣਾ ਗੁਰੂ ਵੀ ਮੰਨਦੇ ਹਨ ਅਤੇ ਬੜੇ ਲੰਮੇ ਸਮੇਂ ਤੋਂ ਸੰਘ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਪੁਲਸ ਵੱਲੋਂ ਹਾਲੇ ਤੱਕ ਇਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦੀ ਸ਼ੈਹ ਮਿਲੀ ਹੋਈ ਹੈ।
ਕੀ ਕੀਤੀ ਮੰਗ
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਭੀਮਾ ਕੋਰੇਗਾਓਂ ਲਈ ਜ਼ਿੰਮੇਵਾਰ ਦੋਸ਼ੀਆਂ ਮਿਲਿੰਦ ਏਕਬਾਟੇ ਅਤੇ ਸੰਭਾਜੀ ਭਿਡੇ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਕੌਣ-ਕੌਣ ਸਨ ਹਾਜ਼ਰ
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲਾ ਆਗੂ ਤਰਲੋਕ ਸਿੰਘ ਬਹਿਰਾਮਪੁਰ, ਇਫਟੂ ਦੇ ਜੋਗਿੰਦਰਪਾਲ ਪਨਿਆੜ, ਸੰਸਾਰ ਸਿੰਘ, ਭੁਪਿੰਦਰ ਸਿੰਘ ਪੱਪੀ, ਫੂਲ ਚੰਦ, ਬਚਨ ਸਿੰਘ ਬੋਪਾਰਾਏ, ਪ੍ਰੇਮ ਲਾਲ ਖੇਜੋਪੁਰ, ਜਰਨੈਲ ਸਿੰਘ, ਭਜਨ ਲਾਲ ਕੋਠੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਅਮਰ ਕ੍ਰਾਂਤੀ ਅਤੇ ਸੁਮੀਤ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
ਆਰ. ਐੱਸ. ਐੱਸ. ਤੇ ਭਾਜਪਾ ਦਾ ਫੂਕਿਆ ਪੁਤਲਾ
NEXT STORY