ਸੰਗਰੂਰ (ਬੇਦੀ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ 'ਚ ਕਾਂਗਰਸ ਸਰਕਾਰ ਵਿਰੁੱਧ ਕੀਤੀਆਂ ਜਾ ਰਹੀਆਂ ਪੋਲ ਖੋਲ੍ਹ ਰੈਲੀਆਂ ਸਬੰਧੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਕਿਸ ਦੀ ਪੋਲ ਖੋਲ੍ਹ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਆਗੂ ਚੈਰੀ ਤੇ ਮਨੂੰ ਵਰਗੇ ਅਕਾਲੀ ਦਲ ਦੀ ਪਹਿਲਾਂ ਹੀ ਪੋਲ ਖੋਲ੍ਹ ਚੁੱਕੇ ਹਨ।
ਸੰਗਰੂਰ ਦੇ ਰੈਸਟ ਹਾਊਸ 'ਚ ਆਪਣੇ ਅਖ਼ਤਿਆਰੀ ਫੰਡ ਵਿੱਚੋਂ 7 ਅੰਗਹੀਣਾਂ ਨੂੰ ਸਕੂਟਰੀਆਂ ਦੇਣ ਪੁੱਜੇ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਨਬੀਰ ਚੈਰੀ ਤੇ ਮਨੋਜ ਮਨੂੰ ਅਕਾਲੀ ਦਲ ਦੀ ਪਹਿਲਾਂ ਹੀ ਪੋਲ ਖੋਲ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਆਪਣੇ ਹਲਕੇ 'ਚ ਪੋਲ ਖੋਲ੍ਹ ਰੈਲੀਆਂ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਜਿਹੜੀ ਪੋਲ ਇਨ੍ਹਾਂ ਦੀ ਖੁੱਲ੍ਹ ਚੁੱਕੀ ਹੈ, ਇਸ ਬਾਰੇ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਮੇਰੀ ਡੀ.ਜੀ.ਪੀ. ਪੰਜਾਬ ਨਾਲ ਚੈਰੀ ਤੇ ਮਨੂੰ ਦੇ ਮਾਮਲੇ 'ਚ ਨਿਰੰਤਰ ਗੱਲ ਹੋ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਜਾਂਚ ਟੀਮ ਬਣਾ ਦਿੱਤੀ ਹੈ। ਮਾਨ ਨੇ ਕਿਹਾ ਕਿ ਜੇਕਰ ਚੈਰੀ ਤੇ ਮਨੂੰ ਨਿਰਦੋਸ਼ ਹਨ ਤਾਂ ਹੁਣ ਤੱਕ ਪੁਲਸ ਦੇ ਸਾਹਮਣੇ ਕਿਉਂ ਨਹੀਂ ਆਏ, ਜਿਸ ਤੋਂ ਸਪੱਸ਼ਟ ਹੈ ਕਿ ਦਾਲ 'ਚ ਕੁਝ ਕਾਲਾ ਹੈ।
ਦੋਹਰੀ ਵੋਟ ਮਾਮਲੇ 'ਚ ਆਪਣੀ ਪਾਰਟੀ ਦੀ ਵਿਧਾਇਕਾ ਬੀਬੀ ਬਲਜਿੰਦਰ ਕੌਰ ਦੇ ਪੱਖ 'ਚ ਖੜ੍ਹ ਦਿਆਂ ਮਾਨ ਨੇ ਕਿਹਾ ਕਿ ਬੀਬੀ ਤਲਵੰਡੀ ਸਾਬੋ ਹਲਕੇ ਤੋਂ ਦੋ ਵਾਰ ਚੋਣਾਂ ਲੜ ਚੁੱਕੀ ਹੈ, ਉਸ ਸਮੇਂ ਇਹ ਗੱਲ ਕਿਉਂ ਨਹੀਂ ਸਾਹਮਣੇ ਆਈਆਂ। ਉਨ੍ਹਾਂ ਕਿਹਾ ਇਸ ਮਾਮਲੇ ਤੇ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਰਾਣਾ ਗੁਰਜੀਤ ਦੀ ਜਾਂਚ ਜੇਕਰ ਸਹੀ ਤਰੀਕੇ ਨਾਲ ਹੋਵੇ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ।
ਇਸ ਉਪਰੰਤ ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ-ਵੱਖ 7 ਅੰਗਹੀਣਾਂ ਨੂੰ ਸਪੈਸ਼ਲ ਸਕੂਟਰੀਆਂ ਵੀ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਕ ਸਕੂਟਰੀ ਦੀ ਕੀਮਤ ਲਗਭਗ 73 ਹਜ਼ਾਰ ਰੁਪਏ ਹੈ। ਇਨ੍ਹਾਂ ਕਾਰਨ ਹੁਣ ਇਨ੍ਹਾਂ ਅੰਗਹੀਣਾਂ ਨੂੰ ਜਾਣ-ਆਉਣ ਦੀ ਦਿੱਕਤ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਕੂਟਰੀਆਂ ਹੋਰ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਗਿਆਨ ਸਿੰਘ ਸਤੌਜ, ਸਰਪੰਚ ਜਸਵਿੰਦਰ ਸਿੰਘ ਸਤੌਜ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ 'ਚ ਮੌਜੂਦ ਸਨ।
ਭਗੌੜੇ ਨੌਜਵਾਨ ਨੂੰ ਕਾਬੂ ਕਰਨ ਤੋਂ ਬਾਅਦ ਨਾਟਕੀ ਢੰਗ ਨਾਲ ਛੱਡਣ 'ਤੇ ਇਲਾਕੇ 'ਚ ਚਰਚਾ
NEXT STORY