ਜਲੰਧਰ (ਜਸਬੀਰ ਵਾਟਾਂ ਵਾਲੀ) ਪਿਛਲੇ ਸਮੇਂ ਤੋਂ ਮੁਸੀਬਤਾਂ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਭ ਤੋਂ ਛੁਟਕਾਰਾ ਪਾਉਣ ਲਈ ‘ਭੁੱਲ ਬਖਸ਼ਾਊ ਸਮਾਗਮ’ ਉਲੀਕਿਆ। ਇਸ ਸਮਾਗਮ ਤੋਂ ਬਾਅਦ, ਜਿੱਥੇ ਅਕਾਲੀ ਦਲ ਖੁਦ ਨੂੰ ਹਲਕਾ-ਹਲਕਾ ਮਹਿਸੂਸ ਕਰ ਰਿਹਾ ਹੈ, ਉੱਥੇ ਹੀ ਸੋਸ਼ਲ ਮੀਡੀਆ ’ਤੇ ਹੋਈ ਟਰੋਲਿੰਗ ਇਸ ਸਭ ਦੀ ਕੋਈ ਹੋਰ ਹੀ ਤਸਵੀਰ ਬਿਆਨ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਸ਼ੁਰੂ ਕੀਤੀ ਮੁਆਫ਼ੀ ਮੁਹਿੰਮ ਅੱਜ ਪਾਠ ਦੇ ਭੋਗ ਅਤੇ ਟਾਲਮਟੋਲ ਵਾਲੀ ਪ੍ਰੈਸ ਕਾਨਫਰੰਸ ਨਾਲ ਸਮਾਪਤ ਹੋਈ। ਇਨ੍ਹਾਂ ਤਿੰਨ ਦਿਨਾਂ ਦੌਰਾਨ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਉਨ੍ਹਾਂ ਦੀ ਜੋ ਖਿੱਲੀ ਉਡਾਈ ਗਈ ਉਹ ਕਿਸੇ ਕੋਲੋਂ ਗੁੱਝੀ ਨਹੀਂ। ਭੁੱਲ ਬਖਸ਼ਾਊ ਸਮਾਗਮ ਦੇ ਪਹਿਲੇ ਦਿਨ ਹੀ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਉੱਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਸਨ । ਇਸ ਦੌਰਾਨ ਉਨ੍ਹਾਂ ਉੱਤੇ ਸਭ ਤੋਂ ਵਧੇਰੇ ਨਿਸ਼ਾਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਧੇ।
ਅਕਾਲ ਤਖ਼ਤ ਤੋਂ ਕਿਹੜੇ-ਕਿਹੜੇ ਗੁਨਾਹਾਂ ਦੀ ਮੁਆਫੀ ਮੰਗਣਗੇ ਸੁਖਬੀਰ : ਜਾਖੜ
ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭੁੱਲ ਬਖ਼ਸ਼ਾਉਣ ਜਾਣ ਤੋਂ ਪਹਿਲਾਂ ਸੰਗਤ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲਣ ਤਾਂ ਕਿ ਸੰਗਤ ਨੂੰ ਵੀ ਪਤਾ ਲੱਗੇ ਕਿ ਉਹ ਕਿਹੜੀ ਗਲਤੀ ਦੀ ਮੁਆਫੀ ਮੰਗਣ ਜਾ ਰਹੇ ਹਨ।
ਜਾਖੜ ਨੇ ਸਵਾਲਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ, ਕੀ ਸੁਖਬੀਰ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਲਈ ਮੁਆਫੀ ਮੰਗਣ ਜਾ ਰਹੇ ਹਨ ਜਾਂ ਬਹਿਬਲ ਕਲਾਂ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਮਾਰੇ ਗਏ ਨਿਰਦੋਸ਼ ਸਿੱਖਾਂ ਦੀ। ਇਸ ਦੇ ਨਾਲ-ਨਾਲ ਜਾਖੜ ਨੇ ਉਨ੍ਹਾਂ ਨੂੰ ਘੇਰਦਿਆਂ ਕਿਹਾ ਕਿ ਉਹ ਫਿਲਮ ਰਿਲੀਜ਼ ਕਰਵਾਉਣ ਬਦਲੇ ਡੇਰਾ ਮੁਖੀ ਨਾਲ ਕੀਤੀ ਗਈ ਗੰਢ-ਤੁੱਪ ਦੀ ਮੁਆਫੀ ਮੰਗਣਗੇ ਜਾਂ ਫਿਰ ਡੇਰਾ ਮੁਖੀ ਨੂੰ ਦਿਵਾਈ ਮੁਆਫੀ ਦੀ ਮੁਆਫੀ ਮੰਗਣਗੇ ।

ਇਸ ਤੋਂ ਇਲਾਵਾ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਪੂਰੀ ਇਕ ਪੀੜ੍ਹੀ ਨਸ਼ਿਆਂ ਨਾਲ ਬਰਬਾਦ ਹੋ ਗਈ, ਹਜ਼ਾਰਾਂ ਘਰਾਂ ਵਿਚ ਸੱਥਰ ਵਿੱਛ ਗਏ, ਘਟੀਆਂ ਦਵਾਈਆਂ ਦੇ ਕਾਰਨ ਕਿਸਾਨਾਂ ਦਾ ਲੱਖਾਂ ਏਕੜ ਨਰਮਾ ਬਰਬਾਦ ਹੋਇਆ, ਹਜ਼ਾਰਾਂ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ, ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਬਾਦਲ ਕਿਸ-ਕਿਸ ਗੱਲ ਲਈ ਮੁਆਫੀ ਮੰਗਣਗੇ। ਇਸ ਦੌਰਾਨ ਬਾਦਲ ਪਰਿਵਾਰ ਦੇ ਹੋਰ ਵਿਰੋਧੀਆਂ ਨੇ ਉਨ੍ਹਾਂ ਉੱਤੇ ਇਹ ਵਿਅੰਗ ਕੱਸੇ ਕਿ ਇਸ ਤੋਂ ਪਹਿਲਾਂ ਤਾਂ ਬਾਦਲ ਪਰਿਵਾਰ ਇਹ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਉਨ੍ਹਾਂ ਕੋਲੋਂ ਆਪਣੇ ਕਾਰਜਕਾਲ ਦੌਰਾਨ ਕੋਈ ਗਲਤੀ ਹੋਈ।
ਅਕਾਲੀ ਦਲ ਨੇ ਤਿੰਨ ਦਿਨ ਖੁਦ ਨੂੰ ਸੇਵਾ ਵਿਚ ਲੀਨ ਦਿਖਾਉਣ ਦਾ ਕੀਤਾ ਯਤਨ
ਦੂਜੇ ਪਾਸੇ ਇਨ੍ਹਾਂ ਤਿੰਨ ਦਿਨਾਂ ਦੌਰਾਨ ਬਾਦਲ ਪਰਿਵਾਰ ਨੇ ਜਿੱਥੇ ਖੁਦ ਨੂੰ ਸੇਵਾ ਵਿਚ ਲੀਨ ਹੋਏ ਦਿਖਾਉਣ ਦਾ ਯਤਨ ਕੀਤਾ, ਉੱਥੇ ਹੀ ਉਨ੍ਹਾਂ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਵੀ ਕੰਨੀ ਕਤਰਾਈ। ‘ਭੁੱਲ ਬਖਸ਼ਾਊ ਸਮਾਗਮ’ ਦੇ ਅੰਤਿਮ ਦਿਨ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਵੀ ਵੱਡੇ ਬਾਦਲ ਨੇ ਮੋਰਚਾ ਸੰਭਾਲਿਆ ਅਤੇ ਤਿੱਖੇ ਸਵਾਲਾਂ ਨੂੰ ਹਲਕੇ ਫੁਲਕੇ ਅੰਦਾਜ ਵਿਚ ਟਾਲਦਿਆਂ ਮੀਡੀਆ ਸਾਹਮਣੇ ਹੱਥ ਜੋੜ ਦਿੱਤੇ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਨੇ ਵੀ ਜ਼ਿਆਦਾ ਕੁਝ ਕਹਿਣ ਦੀ ਬਜਾਏ ਟਾਲਮਟੋਲ ਵਾਲੀ ਨੀਤੀ ਅਪਣਾਉਂਦਿਆਂ ਚੁੱਪ ਰਹਿਣ ਵਿਚ ਹੀ ਭਲਾ ਸਮਝਿਆ।
ਕਿਹੜੀਆਂ ਨਵੀਆਂ ਭੁੱਲਾਂ ਹੋਈਆਂ
ਹੁਣ ਜੇਕਰ ਇਸ ਮਾਫੀ ਸਮਾਗਮ ਸਫਲਤਾ ਜਾਂ ਅਸਫਲਤਾ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਇਸ ਦੌਰਾਨ ਲੋਕਾਂ ਹਮਦਰਦੀ ਤਾਂ ਕੀ ਮਿਲਣੀ ਸੀ ਉਲਟਾ ਉਹ ਮਜਾਕ ਦਾ ਪਾਤਰ ਬਣ ਕੇ ਰਹਿ ਗਏ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਅਕਾਲੀ ਦਲ ਨੇ ਭੁੱਲ ਹੀ ਬਖਸ਼ਾਉਣੀ ਸੀ ਤਾਂ ਬਕਾਇਦਾ ਉਸੇ ਹੀ ਪ੍ਰਕਿਰਿਆ ਨੂੰ ਅਪਣਾਇਆ ਜਾਂਦਾ, ਜੋ ਦੂਜੇ ਵਿਆਕਤੀਆਂ ਕੋਲੋਂ ਹੋਈ ਭੁੱਲ ਦੌਰਾਨ ਅਪਣਾਈ ਜਾਂਦੀ ਹੈ । ਭਾਵ ਕਿ ਅਕਾਲ ਤਖ਼ਤ ਦੇ ਨਵੇਂ ਜੱਥੇਦਾਰ ਦੁਆਰਾ ਉਨ੍ਹਾਂ ਨੂੰ ਤਲਬ ਕੀਤਾ ਜਾਂਦਾ, ਜਿਵੇਂ ਦੂਜੇ ਲੋਕਾਂ ਨੂੰ ਤਲਬ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆਂ ’ਤੇ ਇਹਵੀ ਸਵਾਲ ਉੱਠੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਬਣਦੀ ਸਜਾ ਲਗਾਈ ਜਾਂਦੀ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਵਿਅੰਗ ਕੱਸਿਆ।
"ਆਪੇ ਚੋਰ ਸੱਜਣਾਂ ਤੇ ਆਪੇ ਸਿਪਾਹੀ,
ਆਪੇ ਵਕੀਲ,ਆਪੇ ਜੱਜ,
ਆਪੇ ਜੇਲਰ, ਆਪੇ ਰਿਹਾਈ।
ਬੱਲੇ ਓ, ਚਲਾਕ ਸੱਜਣਾਂ।
ਇਸ ਤੋਂ ਬਾਅਦ ਦੂਜੀ ਵੱਡੀ ਭੁੱਲ ਉਨ੍ਹਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ। ਅਕਾਲੀ ਦਲ ਦੇ ਇਸ ਲਾਈਵ ਨੂੰ ਹਜਾਰਾਂ ਲੋਕਾਂ ਨੇ ਨਿਸ਼ਾਨਾਂ ਬਣਾਇਆ ਅਤੇ ਕਿਹਾ ਕਿ ਭੁੱਲ ਬਖਸ਼ਾਉਣ ਅਤੇ ਅਕਾਲ ਪੁਰਖ ਤਕ ਅਰਦਾਸ ਪਹੁੰਚਾਉਣ ਲਈ 'ਲਾਈਵ ਪ੍ਰਸਾਰਣ' ਦੀ ਕੀ ਲੋੜ ਸੀ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਜੋੜੇ ਸਾਫ ਕਰਦਿਆਂ ਦਾ ਲਾਈਵ, ਭਾਂਡੇ ਮਾਂਜਦਿਆਂ ਦੇ ਲਾਈਵ ਨੂੰ ਅਨੇਕਾਂ ਲੋਕਾਂ ਨੇ ਕੋਰਾ ਡਰਾਮਾ ਕਹਿ ਕੇ ਭੰਡਿਆ ਅਤੇ ਖੂਬ ਟਰੋਲਿੰਗ ਕੀਤੀ । ਇਸ ਤੋਂ ਇਲਾਵਾ ਅਕਾਲੀ ਦਲ ਦੀ ਸਕਿਓਰਿਟੀ ਦਾ ਬੂਟਾਂ ਸਮੇਤ ਲੰਗਰ ਹਾਲ ਦੇ ਬਾਹਰ ਪੁੱਜ ਜਾਣਾ ਉਨ੍ਹਾਂ ਦੀਆਂ ਭੁੱਲਾਂ ਵਿਚ ਹੋਰ ਵੀ ਵਾਧਾ ਕਰ ਗਿਆ। ਇਸ ਤਰ੍ਹਾਂ ਭੁੱਲਾਂ ਬਖਸ਼ਾਉਣ ਗਈ ਅਕਾਲੀ ਦਲ ਦੀ ਟੋਲੀ ਨਵੀਆਂ ਭੁੱਲਾਂ ਆਪਣੇ ਖਾਤੇ ਵਿਚ ਲਿਖਵਾ ਕੇ ਵਾਪਸ ਪਰਤੀ।
ਰਾਹੁਲ ਨੂੰ ਮਿਲੇ ਜਾਖੜ, ਮੋਦੀ ਸਰਕਾਰ ਨੂੰ ਘੇਰਣ ਦੀ ਰਣਨੀਤੀ ਘੜੀ
NEXT STORY