ਫਿਰੋਜ਼ਪੁਰ (ਪਰਮਜੀਤ ਕੌਰ ਸੋਢੀ) : ਫਿਰੋਜ਼ਪੁਰ ਸ਼ਹਿਰ 'ਚ ਵੀਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਸੈਲੂਨ ਮਾਲਕ ਨੇ ਆਪਣੀ ਪਤਨੀ ਅਤੇ ਦੋ ਮਾਸੂਮ ਧੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਬਾਅਦ 'ਚ ਖ਼ੁਦ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਮੰਦਭਾਗੀ ਘਟਨਾ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਰਾਮ ਲਾਲ ਦੇ ਪਿੱਛੇ ਸਥਿਤ ਹਰਮਨ ਨਗਰ ਇਲਾਕੇ ਦੀ ਹੈ। ਇੱਥੇ ਰਹਿੰਦੇ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਆਪਣੀ ਪਤਨੀ ਜਸਵੀਰ ਕੌਰ ਅਤੇ ਦੋ ਧੀਆਂ ਤਨਵੀਰ ਕੌਰ (ਕਰੀਬ 10 ਸਾਲ) ਅਤੇ ਪਰਨੀਤ ਕੌਰ (ਕਰੀਬ 6 ਸਾਲ) ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖ਼ੁਦ ਵੀ ਗੋਲੀ ਮਾਰ ਲਈ।
ਗੁਆਂਢੀ ਕਰਨਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਘਰ ਦੀ ਸਫ਼ਾਈ ਕਰਨ ਆਈ ਔਰਤ ਵੱਲੋਂ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉੱਪਰ ਰਹਿੰਦੇ ਕਿਰਾਏਦਾਰਾਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਦਰਵਾਜ਼ਾ ਧੱਕਾ ਮਾਰ ਕੇ ਖੋਲ੍ਹਿਆ ਗਿਆ, ਜਿੱਥੇ ਘਰ ਅੰਦਰ ਚਾਰਾਂ ਦੇ ਸਰੀਰ ਗੋਲੀਆਂ ਨਾਲ ਛਿੱਦਰੇ ਹੋਏ ਪਏ ਸਨ ਅਤੇ ਕੋਲ ਹੀ ਪਿਸਤੌਲ ਵੀ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਅਤੇ ਸਿਟੀ ਥਾਣਾ ਦੇ ਐੱਸ. ਐੱਚ. ਓ. ਕਸ਼ਮੀਰ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਚਾਰਾਂ ਦੇ ਸਿਰ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਮੌਤ ਮੌਕੇ ’ਤੇ ਹੀ ਹੋ ਗਈ।
ਪੁਲਸ ਅਨੁਸਾਰ ਘਟਨਾ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ। ਘਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ ਜਾਂ ਕਿਸੇ ਕਿਸਮ ਦਾ ਫਾਊਲ ਪਲੇਅ। ਮੁੱਢਲੀ ਜਾਂਚ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ। ਐੱਸ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਫਾਈਨਾਂਸ ਦਾ ਕੰਮ ਵੀ ਕਰਦਾ ਸੀ ਅਤੇ ਆਪਣਾ ਸੈਲੂਨ ਚਲਾ ਰਿਹਾ ਸੀ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਜਾਂਚ ਜਾਰੀ ਹੈ।
ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ, ਨਹਿਰ ’ਚ ਡੁੱਬਣ ਕਾਰਣ ਟੁੱਟ ਗਏ ਸੁਫ਼ਨੇ
NEXT STORY