ਸਨੌਰ (ਜੋਸਨ) - ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਇਰਾਨ 'ਚ ਫਸਿਆ ਸਨੌਰ ਹਲਕੇ ਦੇ ਪਿੰਡ ਅਕਾਲਗੜ੍ਹ ਦਾ ਨੌਜਵਾਨ ਰਾਮ ਸਿੰਘ ਆਖਰ ਲੰਮੀ ਜੱਦੋ-ਜਹਿਦ ਮਗਰੋਂ ਵਤਨ ਪਰਤ ਆਇਆ। ਪਟਿਆਲਾ ਪਹੁੰਚਣ 'ਤੇ ਇਹ ਨੌਜਵਾਨ ਸਭ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਹਰਮੇਲ ਟੌਹੜਾ ਦੇ ਪਰਿਵਾਰ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜਾ। ਆਪਣੀ ਦੁੱਖ ਭਰੀ ਵਿਥਿਆ ਸੁਣਾਉਂਦਿਆਂ ਰਾਮ ਸਿੰਘ ਨੇ ਦੱਸਿਆ ਕਿ ਉਹ 2015 'ਚ ਇਕ ਫਰਾਡ ਕੰਪਨੀ ਦੇ ਧੱਕੇ ਚੜ੍ਹ ਕੇ ਦੁਬਈ ਕੰਮ ਕਰਨ ਲਈ ਗਿਆ ਸੀ। ਇਸ ਕੰਪਨੀ ਦੇ ਫਰਾਡ ਕਾਰਨ ਉਹ ਦੁਬਈ ਦੀ ਜੇਲ 'ਚ ਪਹੁੰਚ ਗਿਆ ਤੇ 22 ਮਹੀਨੇ ਜੇਲ ਕੱਟਣ ਉਪਰੰਤ ਉਹ ਕਿਸੇ ਤਰ੍ਹਾਂ ਬਾਹਰ ਆ ਕੇ ਓਮਾਨ ਰਾਹੀਂ ਇਰਾਨ ਪਹੁੰਚ ਗਿਆ। ਇਰਾਨ ਪਹੁੰਚ ਕੇ ਵਤਨ ਵਾਪਸੀ ਲਈ ਉਸ ਨੇ ਭਾਰਤੀ ਅੰਬੈਸੀ ਤਕ ਪਹੁੰਚ ਕੀਤੀ ਪਰ ਕੋਈ ਸਫਲਤਾ ਹਾਸਲ ਨਾ ਹੋਈ । ਅਖੀਰ ਰਾਮ ਸਿੰਘ ਦੇ ਪਰਿਵਾਰ ਨੇ ਇਹ ਸਾਰਾ ਮਾਮਲਾ ਟੌਹੜਾ ਪਰਿਵਾਰ ਦੇ ਧਿਆਨ 'ਚ ਲਿਆਂਦਾ ।
ਯੂਥ ਆਗੂ ਹਰਿੰਦਰਪਾਲ ਸਿੰਘ ਟੌਹੜਾ ਨੇ ਤੁਰੰਤ ਇਹ ਸਾਰਾ ਮਸਲਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੱਕ ਪਹੁੰਚਾਇਆ। ਇਸ ਉਪਰੰਤ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਰਾਹੀਂ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਤਕ ਪਹੁੰਚ ਕੀਤੀ ਗਈ। ਇਸ ਤਰ੍ਹਾਂ ਰਾਮ ਸਿੰਘ ਦੀ ਵਤਨ ਵਾਪਸੀ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਡੇਢ ਮਹੀਨੇ ਦੀ ਚਾਰਾਜੋਈ ਉਪਰੰਤ ਉਸ ਦੀ ਵਾਪਸੀ ਸੰਭਵ ਹੋ ਸਕੀ ਹੈ। ਵਾਪਸੀ ਦੀ ਟਿਕਟ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀ ਗਈ। ਰਾਮ ਸਿੰਘ ਨੇ ਦੱਸਿਆ ਕਿ ਬੋਗਸ ਕੰਪਨੀਆਂ ਦੇ ਧੱਕੇ ਚੜ੍ਹ ਕੇ ਬਹੁਤ ਸਾਰੇ ਪੰਜਾਬੀ ਨੌਜਵਾਨ ਅਜੇ ਵੀ ਦੁਬਈ, ਓਮਾਨ ਅਤੇ ਇਰਾਨ ਵਿਚ ਫਸੇ ਹੋਏ ਹਨ। ਉਸ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਠੱਗ ਕੰਪਨੀਆਂ ਦੇ ਢਹੇ ਚੜ੍ਹ ਕੇ ਆਪਣਾ ਭਵਿੱਖ ਬਰਬਾਦ ਨਾ ਕਰਨ ਅਤੇ ਘਰ 'ਚ ਰੁੱਖੀ-ਸੁੱਖੀ ਖਾ ਕੇ ਗੁਜ਼ਾਰਾ ਕਰ ਲੈਣ । ਹਰਿੰਦਰਪਾਲ ਸਿੰਘ ਟੌਹੜਾ ਨੇ ਦੱਸਿਆ ਕਿ ਬਾਦਲ ਨੇ ਇਸ ਸਾਰੇ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਅੰਜਾਮ ਤਕ ਪਹੁੰਚਾਇਆ ਹੈ ਅਤੇ ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ। ਉਪਰੰਤ ਰਾਮ ਸਿੰਘ ਆਪਣੇ ਪਿੰਡ ਅਕਾਲਗੜ੍ਹ ਲਈ ਰਵਾਨਾ ਹੋਇਆ।
ਨਾਜਾਇਜ਼ ਕਬਜ਼ਿਆਂ ਖਿਲਾਫ ਨਿਗਮ ਦੀ ਵੱਡੀ ਕਾਰਵਾਈ
NEXT STORY