ਭਵਾਨੀਗੜ੍ਹ (ਵਿਕਾਸ)-ਸੀਵਰੇਜ ਜਾਮ ਹੋਣ ਕਰਕੇ ਪਿਛਲੇ ਲੰਮੇ ਸਮੇਂ ਤੋਂ ਘਰਾਂ ਅੱਗੇ ਖੜ੍ਹਦੇ ਗੰਦੇ ਪਾਣੀ ਦਾ ਸੰਤਾਪ ਭੋਗ ਰਹੇ ਵਾਰਡ ਨੰਬਰ 2 ਤੇ 7 ਦੇ ਵਸਨੀਕਾਂ ਦਾ ਗੁੱਸਾ ਮੰਗਲਵਾਰ ਨੂੰ ਸੱਤਵੇਂ ਆਸਮਾਨ ’ਤੇ ਪੁੱਜ ਗਿਆ। ਸਮੱਸਿਆ ਦਾ ਹੱਲ ਕਰਵਾਉਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਪਹੁੰਚੇ ਭੜਕੇ ਵਾਰਡ ਵਾਸੀਆਂ ਨੇ ਦਫ਼ਤਰ ਦੀ ਬਿਜਲੀ ਤੇ ਮੁੱਖ ਗੇਟ ਨੂੰ ਬੰਦ ਕਰ ਕੇ ਨਗਰ ਕੌਂਸਲ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਕੰਟਰੋਲ ਟੁੱਟਣ ਕਾਰਨ ਖੇਤਾਂ ’ਚ ਡਿੱਗਿਆ ਡਰੋਨ, ਲੋਕਾਂ ’ਚ ਫ਼ੈਲੀ ਦਹਿਸ਼ਤ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਯੂਥ ਆਗੂ ਮਾਲਵਿੰਦਰ ਸਿੰਘ, ਗੁਰਤੇਜ ਸਿੰਘ ਸਾਬਕਾ ਕੌਂਸਲਰ, ਗੱਜਣ ਸਿੰਘ, ਸਤਵਿੰਦਰ ਸਿੰਘ, ਬੁੱਧ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ, ਡੇਰੇ ਵਾਲੇ ਬਾਬਾ ਨਿਰਭੈ ਸਿੰਘ, ਰਘਬੀਰ ਸਿੰਘ, ਬੰਤ ਕੌਰ, ਹਰਜਿੰਦਰ ਕੌਰ, ਜਸਵਿੰਦਰ ਕੌਰ, ਗੁਰਦੇਵ ਕੌਰ ਆਦਿ ਦਾ ਕਹਿਣਾ ਸੀ ਕਿ ਸ਼ਹਿਰ ’ਚ ਸੀਵਰੇਜ ਦਾ ਕੰਮ ਤਕਨੀਕੀ ਤੌਰ ’ਤੇ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਲੋਕ ਮਾੜੇ ਨਿਕਾਸੀ ਪ੍ਰਬੰਧਾਂ ਨਾਲ ਜੂਝ ਰਹੇ ਹਨ ਤੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਵਾਰਡਾਂ ’ਚ ਸੀਵਰੇਜ ਅਕਸਰ ਜਾਮ ਰਹਿੰਦਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਗੰਦਾ ਪਾਣੀ ਕਈ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਲੋਕਾਂ ਨੂੰ ਗੰਦੇ ਪਾਣੀ ਵਿਚੋਂ ਹੋ ਕੇ ਆਉਣਾ-ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ : ਖੇਤ ’ਚ ਪਾਣੀ ਲਾਉਣ ਗਏ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਮਸਲਾ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਹੱਲ ਨਹੀਂ ਹੋਇਆ, ਜਿਸ ਕਰਕੇ ਅੱਜ ਉਨ੍ਹਾਂ ਨੂੰ ਮਜਬੂਰਨ ਇਸ ਸੰਘਰਸ਼ ਦਾ ਰਾਹ ਚੁਣਨਾ ਪਿਆ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਲੋਕਾਂ ਦੀ ਇਸ ਸਮੱਸਿਆ ਦਾ ਠੋਸ ਹੱਲ ਨਹੀਂ ਕੀਤਾ ਜਾਂਦਾ, ਓਨਾ ਸਮਾਂ ਬਿਜਲੀ ਬੰਦ ਕਰ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਗਰ ਕੌਂਸਲ ਦਫ਼ਤਰ ’ਚ ਹੀ ਬੰਦ ਕਰ ਕੇ ਬਿਠਾਇਆ ਜਾਵੇਗਾ। ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸ਼ਾਂਤ ਨਾ ਹੁੰਦਿਆਂ ਦੇਖ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਨੇ ਵਾਰਡ ਦੇ ਲੋਕਾਂ ਨੂੰ ਨਾਲ ਲਿਜਾ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ 16 ਅਗਸਤ ਤੋਂ ਉਨ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ। ਏ. ਓ. ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਕਾਰੀਆਂ ਨੇ ਧਰਨਾ ਸਮਾਪਤ ਕੀਤਾ।
ਯੂਨਾਈਟਿਡ ਹਿੰਦੂ ਫਰੰਟ ਦੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਮੰਗ, ਕਿਹਾ- ਅਗਲਾ ਮੁੱਖ ਮੰਤਰੀ ਹਿੰਦੂ ਹੀ ਹੋਵੇ
NEXT STORY