ਭਵਾਨੀਗੜ੍ਹ(ਵਿਕਾਸ, ਸੰਜੀਵ) : ਪਿੰਡ ਕਾਕੜਾ ਵਿਖੇ ਸਰਕਾਰੀ ਸਕੂਲ ਦੇ ਇਕ ਅਧਿਆਪਕ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਡੰਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਨੂੰ ਇਲਾਜ ਲਈ ਸੰਗਰੂਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਭੁਪਿੰਦਰ ਸਿੰਘ ਵਾਸੀ ਕਾਕੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ 16 ਸਾਲ ਦਾ ਭਾਣਜਾ ਪ੍ਰਭਜੋਤ ਸਿੰਘ ਸਰਕਾਰੀ ਹਾਈ ਸਕੂਲ ਪਿੰਡ ਕਾਕੜਾ ਵਿਖੇ ਦਸਵੀਂ ਜਮਾਤ ਵਿਚ ਪੜ੍ਹਦਾ ਹੈ। ਬੀਤੇ ਕੱਲ ਸਕੂਲ 'ਚੋਂ ਛੁੱਟੀ ਹੋਣ ਉਪਰੰਤ ਜਦੋਂ ਪ੍ਰਭਜੋਤ ਘਰ ਆਇਆ ਤਾਂ ਉਸ ਦਾ ਹੱਥ ਲਹੂ-ਲੁਹਾਨ ਸੀ ਤੇ ਉਸ ਦੀ ਹਾਲਤ ਵਿਗੜੀ ਹੋਈ ਸੀ। ਪੁੱਛਣ 'ਤੇ ਪ੍ਰਭਜੋਤ ਨੇ ਦੱਸਿਆ ਕਿ ਸਕੂਲ ਵਿਚ ਕੰਪਿਊਟਰ ਕਲਾਸ ਦੌਰਾਨ ਅਧਿਆਪਕ ਨੇ ਕੰਪਿਊਟਰ ਵਿਚ ਕੋਈ ਗ਼ਲਤ ਤਸਵੀਰਾਂ ਦੇਖਣ ਬਾਰੇ ਕਹਿ ਕੇ ਉਸ ਨੂੰ ਉਦੋਂ ਤੱਕ ਡੰਡੇ ਨਾਲ ਕੁੱਟਿਆ ਜਦੋਂ ਤੱਕ ਡੰਡਾ ਟੁੱਟ ਨਹੀਂ ਗਿਆ। ਜਦੋਂ ਕਿ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਕੰਪਿਊਟਰ ਵਿਚ ਅਜਿਹਾ ਕੁਝ ਵੀ ਦੇਖ ਨਹੀਂ ਰਿਹਾ ਸੀ। ਵਿਦਿਆਰਥੀ ਦੇ ਮਾਮਾ ਭੁਪਿੰਦਰ ਸਿੰਘ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਨੇ ਉਸ ਦੇ ਭਾਣਜੇ ਨੂੰ ਇੰਨੇ ਬੇਰਹਿਮ ਤਰੀਕੇ ਨਾਲ ਕੁੱਟਿਆ ਕਿ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ, ਜਿਥੇ ਡਾਕਟਰਾਂ ਵੱਲੋਂ ਉਸ ਦੇ ਜ਼ਖਮੀ ਹੱਥ 'ਤੇ ਕਈ ਟਾਂਕੇ ਲਗਾਏ ਗਏ। ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਉਨਾਂ ਦੇ ਬੱਚੇ ਨਾਲ ਕੁੱਟਮਾਰ ਕਰਨ ਵਾਲੇ ਅਧਿਆਪਕ ਖਿਲਾਫ਼ ਪੁਲਸ ਪ੍ਰਸ਼ਾਸਨ ਤੇ ਸਿਖਿਆ ਵਿਭਾਗ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਤੈਨਾਤ ਡਾ.ਪ੍ਰੀਤੀ ਗੌਤਮ ਨੇ ਕਿਹਾ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਦੇ ਨਾਲ ਉਸ ਦੇ ਹੱਥ 'ਤੇ ਟਾਂਕੇ ਲਗਾ ਦਿੱਤੇ ਗਏ ਹਨ ਤੇ ਹੁਣ ਉਸ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ ਹੈ।
ਵਿਭਾਗੀ ਕਾਰਵਾਈ ਕੀਤੀ ਜਾਵੇਗੀ- ਡੀ.ਈ.ਓ.
ਕੁੱਟਮਾਰ ਦੀ ਘਟਨਾ ਦੀ ਨਿਖੇਧੀ ਕਰਦਿਆਂ ਡੀ ਈ ਓ (ਸੈ) ਮੁਕੇਸ਼ ਜੋਸ਼ੀ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਨੂੰ ਵਿਦਿਆਰਥੀ ਨਾਲ ਅਜਿਹਾ ਮਾੜਾ ਸਲੂਕ ਨਹੀਂ ਕਰਨਾ ਚਾਹੀਦਾ। ਪੁੱਛੇ ਜਾਣ 'ਤੇ ਅਧਿਕਾਰੀ ਨੇ ਕਿਹਾ ਕਿ ਸਬੰਧਤ ਸਕੂਲ ਦੇ ਮੁਖੀ ਤੋਂ ਪੂਰੀ ਰਿਪੋਰਟ ਹਾਸਲ ਕਰਕੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਤੇ ਦੋਸ਼ੀ ਪਾਏ ਜਾਣ 'ਤੇ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਓਧਰ ਦੂਜੇ ਪਾਸੇ ਸਬੰਧਤ ਸਕੂਲ ਦੇ ਹੈੱਡ ਟੀਚਰ ਦਾ ਕਹਿਣਾ ਸੀ ਕਿ ਬੱਚੇ ਨਾਲ ਕੁੱਟਮਾਰ ਦੀ ਘਟਨਾ ਬਾਰੇ ਉਨ੍ਹਾਂ ਨੂੰ ਕੱਲ ਛੁੱਟੀ ਤੋਂ ਬਾਅਦ ਪਤਾ ਲੱਗਿਆ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ- ਪੁਲਸ
ਏ. ਐੱਸ. ਆਈ. ਗੁਰਮੀਤ ਸਿੰਘ ਨੇ ਕਿਹਾ ਕਿ ਸਕੂਲ 'ਚ ਵਿਦਿਆਰਥੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਲੂ ਦੇ ਕਹਿਰ ਤੋਂ ਲੁਧਿਆਣਵੀ ਹੋਏ ਬੇਹਾਲ
NEXT STORY