ਸੰਗਰੂਰ (ਵਿਵੇਕ ਸਿੰਧਵਾਨੀ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਮੀਟਿੰਗ ਦੌਰਾਨ ਆਉਂਦੀ 9 ਫਰਵਰੀ ਨੂੰ ਸੰਗਰੂਰ ਵਿਖੇ ਆਯੋਜਿਤ ਕੀਤੀ ਜਾਣ ਵਾਲੀ ‘ਸੰਗਰੂਰ ਹਾਫ਼ ਮੈਰਾਥਨ’ ਅਤੇ ਸਟਾਰ ਨਾਈਟ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ‘ਤੰਦਰੁਸਤ ਪੰਜਾਬ ਮਿਸ਼ਨ’ ਅਤੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਾਫ਼ ਮੈਰਾਥਨ ਦਾ ਆਰੰਭ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਤੋਂ ਹੋਵੇਗਾ ਅਤੇ ਜੇਤੂਆਂ ਨੂੰ ਕਰੀਬ 10 ਲੱਖ ਰੁਪਏ ਦੇ ਇਨਾਮ ਤਕਸੀਮ ਕੀਤੇ ਜਾਣਗੇ । ਉਨ੍ਹਾਂ ਹੋਰ ਕਿਹਾ ਕਿ ਇਸ ਵਿਚ ਭਾਗ ਲੈਣ ਵਾਲੇ ਇੱਛੁਕ ਵੈੱਬਸਾਈਟ www.sangrurmarathon.com ’ਤੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਫਰਵਰੀ ਦੇ ਉਲੀਕੇ ਪ੍ਰੋਗਰਾਮ ਤਹਿਤ ‘ਸੰਗਰੂਰ ਹਾਫ਼ ਮੈਰਾਥਨ’ 21 ਕਿਲੋਮੀਟਰ, ਦੀਵਾ 10 ਕਿਲੋਮੀਟਰ ਅਤੇ ਫਨ ਰਨ ਅਤੇ ਵਾਕਥਨ 5 ਕਿਲੋਮੀਟਰ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਨੌਜਵਾਨ ਪੀਡ਼੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋਡ਼ਨ ਲਈ 9 ਫਰਵਰੀ ਨੂੰ ਹੀ ਸ਼ਾਮ ਸਮੇਂ ਸਰਕਾਰੀ ਰਣਬੀਰ ਕਾਲਜ ਵਿਖੇ ‘ਸਟਾਰ ਨਾਈਟ’ ਕਰਵਾਈ ਜਾਵੇਗੀ, ਜਿਸ ’ਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਰਣਜੀਤ ਬਾਵਾ ਸਰੋਤਿਆਂ ਦਾ ਭਰਵਾਂ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਵੱਡੇ ਖੇਡ ਸਮਾਗਮ ਅਤੇ ਸੱਭਿਆਚਾਰ ਪ੍ਰੋਗਰਾਮ ਵਿਚ ਰਾਜ ਭਰ ਤੋਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਵਧ-ਚਡ਼੍ਹ ਕੇ ਸ਼ਾਮਲ ਹੋਣ ਦਾ ਸੱਦਾ ਭੇਜਿਆ ਜਾ ਰਿਹਾ ਹੈ ਤਾਂ ਜੋ ‘ਤੰਦਰੁਸਤ ਪੰਜਾਬ’ ਦਾ ਸੁਨੇਹਾ ਘਰ-ਘਰ ਪਹੁੰਚ ਸਕੇ। ਥੋਰੀ ਨੇ ਮੈਰਾਥਨ ਅਤੇ ਸੱîਭਿਆਚਾਰ ਵਿਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਨਦੇਹੀ ਅਤੇ ਈਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਲਈ ਕਿਹਾ ਅਤੇ ਆਖਿਆ ਕਿ ਅਜਿਹਾ ਕਰ ਕੇ ਤੁਸੀਂ ਤੰਦਰੁਸਤ ਪੰਜਾਬ ਦੀ ਰਚਨਾ ’ਚ ਹਿੱਸਾ ਪਾ ਸਕਦੇ ਹੋ। ਉਨ੍ਹਾਂ ਇਸ ਮੌਕੇ ਕਾਰਜ ਸਾਧਕ ਅਫਸਰ, ਸੰਗਰੂਰ ਨੂੰ ਸਟੇਡੀਅਮ ਅਤੇ ਮੈਰਾਥਨ ਦੇ ਰੂਟ ’ਤੇ ਸਫਾਈ ਕਰਵਾਉਣ ਦੇ ਨਿਰਦੇਸ਼ ਦਿੱਤੇ। ਪਾਵਰਕਾਮ ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਅਤੇ ਇਨ੍ਹਾਂ ਸਮਾਗਮਾਂ ’ਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਲਈ ਪੀਣ ਵਾਲੇ ਪਾਣੀ, ਪਖਾਨਿਆਂ ਆਦਿ ਦੇ ਪ੍ਰਬੰਧ ਕਰਨ ਲਈ ਵੀ ਨਿਰਦੇਸ਼ ਦਿੱਤੇ। ਇਸ ਸਮੇਂ ਐੱਸ.ਡੀ.ਐੱਮ. ਅਵਿਕੇਸ਼ ਗੁਪਤਾ ਨੇ ਕਿਹਾ ਕਿ ਇਸ ਆਯੋਜਨ ਦਾ ਮੁੱਖ ਮਕਸਦ ਲੋਕਾਂ ’ਚ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਤੰਦਰੁਸਤ ਜੀਵਨ ਜਿਊਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਆਮ ਲੋਕਾਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਦੇ ਨਾਲ-ਨਾਲ ਸਰਕਾਰੀ ਵਿਭਾਗਾਂ ’ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਇਸ ਮੈਰਾਥਨ ’ਚ ਸ਼ਮੂਲੀਅਤ ਦਾ ਸੱਦਾ ਦਿੱਤਾ । ਇਸ ਮੌਕੇ ਸਹਾਇਕ ਕਮਿਸ਼ਨਰ ਇਨਾਇਤ, ਜ਼ਿਲਾ ਮਾਲ ਅਫਸਰ ਗਗਨਦੀਪ ਸਿੰਘ, ਡੀ. ਐੱਸ. ਪੀ. ਸਤਪਾਲ ਸ਼ਰਮਾ, ਜ਼ਿਲਾ ਖੇਡ ਅਫਸਰ ਯੋਗਰਾਜ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।
ਸਰਕਾਰੀ ਸਕੂਲਾਂ ’ਚ ਬੱਚਿਆਂ ਦਾ ਦਾਖਲਾ ਵਧਾਉਣ ਸਬੰਧੀ ਕੱਢੀ ਰੈਲੀ
NEXT STORY