ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਆਮ ਤੌਰ 'ਤੇ, ਰੈਸਟੋਰੈਂਟ ਅਤੇ ਹੋਟਲ ਖਾਣ-ਪੀਣ ਅਤੇ ਠਹਿਰਨ ਲਈ ਇੱਕ ਜਗ੍ਹਾ ਵਜੋਂ ਜਾਣੇ ਜਾਂਦੇ ਹਨ, ਪਰ ਬਰਨਾਲਾ ਸ਼ਹਿਰ ਵਿਚ ਹਾਲ ਹੀ ਵਿਚ ਇਕ ਹੈਰਾਨੀਜਨਕ ਅਤੇ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ। ਸ਼ਹਿਰ ਦੇ ਕੁਝ ਹੋਟਲਾਂ ਵਿਚ ਦਿਨ-ਦਿਹਾੜੇ, ਸਿਖਰ ਦੁਪਹਿਰੇ, ਰੰਗ-ਬਿਰੰਗੀਆਂ ਲਾਈਟਾਂ ਦੀ ਰੌਸ਼ਨੀ ਵਿਚ ਜਿਸਮਾਂ ਦੀ ਸੌਦੇਬਾਜ਼ੀ ਆਮ ਹੋ ਗਈ ਹੈ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਹੋਟਲਾਂ ਵਿਚ ਜਿਸਮਫਰੋਸ਼ੀ ਦੀਆਂ ਖ਼ਬਰਾਂ ਮੁੱਖ ਸੁਰਖੀਆਂ ਬਣ ਰਹੀਆਂ ਹਨ। ਇਸ ਘਿਨਾਉਣੇ ਅਤੇ ਸਮਾਜ ਵਿਰੋਧੀ ਧੰਦੇ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ, ਜਦੋਂ ਕੋਈ ਕਾਰਵਾਈ ਨਹੀਂ ਹੋਈ, ਤਾਂ ਸ਼ਹਿਰ ਵਾਸੀਆਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਨ੍ਹਾਂ ਹੋਟਲ ਵਾਲਿਆਂ ਦੇ ਖ਼ਿਲਾਫ਼ ਝੰਡਾ ਚੁੱਕ ਲਿਆ ਹੈ।

ਇੰਦਰਲੋਕ ਕਾਲੋਨੀ ਦੇ ਵਸਨੀਕਾਂ ਵੱਲੋਂ ਪ੍ਰੈੱਸ ਕਾਨਫਰੰਸ: ਖੁੱਲ੍ਹੇਆਮ ਦੇਹ ਵਪਾਰ ਦੇ ਸਨਸਨੀਖੇਜ਼ ਖੁਲਾਸੇ
ਸ਼ਹਿਰ ਦੇ ਗੁਰੂ ਰਵਿਦਾਸ ਚੌਂਕ ਨੇੜੇ ਸਥਿਤ ਇੰਦਰਲੋਕ ਕਾਲੋਨੀ ਦੇ ਵਸਨੀਕਾਂ ਨੇ ਇਸ ਸਮਾਜਿਕ ਬੁਰਾਈ 'ਤੇ ਰੋਸ਼ਨੀ ਪਾਉਣ ਲਈ ਕਾਲੋਨੀ ਵਿਚ ਬਕਾਇਦਾ ਪੱਤਰਕਾਰਾਂ ਨੂੰ ਬੁਲਾ ਕੇ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਇੰਦਰਲੋਕ ਕਾਲੋਨੀ ਦੇ ਰੈਜ਼ੀਡੈਂਟਸ ਸੰਸਥਾ ਦੇ ਪ੍ਰਧਾਨ ਸੇਵਾਮੁਕਤ ਮਾਸਟਰ ਭੋਲਾ ਸਿੰਘ ਨੇ ਆਪਣੇ ਸਾਥੀਆਂ, ਜਿਨ੍ਹਾਂ ਵਿਚ ਸੇਵਾਮੁਕਤ ਥਾਣੇਦਾਰ ਹਰਬੰਸ ਸਿੰਘ, ਗੁਰਬਚਨ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਛੋਟਾ ਸਿੰਘ, ਸੁਖਵੰਤ ਸਿੰਘ, ਬਹਾਦਰ ਸਿੰਘ, ਮੋਹਣ ਸਿੰਘ ਅਤੇ ਦਲਬਾਰਾ ਸਿੰਘ ਸ਼ਾਮਲ ਸਨ, ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਚਿੰਤਾਜਨਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਬਣੇ ਕੁਝ ਹੋਟਲਾਂ ਵਿਚ ਛੋਟੀ ਉਮਰ ਦੇ ਮੁੰਡੇ-ਕੁੜੀਆਂ ਆਉਂਦੇ ਹਨ ਅਤੇ ਸ਼ੱਕੀ ਤਰੀਕੇ ਨਾਲ ਇਕ-ਇਕ ਘੰਟਾ ਜਾਂ ਦੋ-ਦੋ ਘੰਟੇ ਲਈ ਕਮਰੇ ਬੁੱਕ ਕਰਵਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਚੰਡੀਗੜ੍ਹ ਸੱਦ ਲਏ ਸਾਰੇ ਮੰਤਰੀ
ਮਾਸਟਰ ਭੋਲਾ ਸਿੰਘ ਨੇ ਇਕ ਹੋਰ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਮੁੰਡੇ-ਕੁੜੀਆਂ ਵਿੱਚੋਂ ਕੁਝ ਕੁੜੀਆਂ ਦੀ ਉਮਰ 18 ਸਾਲ ਤੋਂ ਵੀ ਘੱਟ ਹੁੰਦੀ ਹੈ, ਭਾਵ ਉਹ ਨਾਬਾਲਿਗ ਹੁੰਦੀਆਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਨ੍ਹਾਂ ਨੇ ਇਸ ਗੰਭੀਰ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਲਿਖਤੀ ਤੌਰ 'ਤੇ ਦਰਖਾਸਤਾਂ ਦਿੱਤੀਆਂ ਸਨ, ਪ੍ਰੰਤੂ ਕਿਸੇ ਵੀ ਪਾਸਿਓਂ ਕੋਈ ਕਾਰਵਾਈ ਨਹੀਂ ਹੋਈ।
ਮਾਸਟਰ ਭੋਲਾ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਕੋਲ ਹੋਟਲ ਵਿੱਚ ਆਉਣ ਵਾਲੇ ਮੁੰਡੇ-ਕੁੜੀਆਂ ਦੀਆਂ ਕੁਝ ਵੀਡੀਓ ਫੁਟੇਜ ਵੀ ਮੌਜੂਦ ਹਨ, ਜੋ ਉਨ੍ਹਾਂ ਦੇ ਦਾਅਵਿਆਂ ਦੀ ਪੁਖਤਾ ਪੁਸ਼ਟੀ ਕਰਦੀਆਂ ਹਨ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਹੋ ਰਹੇ ਇਸ ਧੰਦੇ ਦਾ ਉਨ੍ਹਾਂ ਦੀਆਂ ਧੀਆਂ-ਭੈਣਾਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਉਹ ਸਾਰੇ ਇਸ ਸਮਾਜ ਵਿਰੋਧੀ ਵਰਤਾਰੇ ਤੋਂ ਸ਼ਰਮਿੰਦਾ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ। ਕਾਲੋਨੀ ਵਾਸੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਹੋਟਲਾਂ ਵਿੱਚ ਆਉਣ ਵਾਲੀਆਂ ਘੱਟ ਉਮਰ ਦੀਆਂ ਕੁਝ ਕੁੜੀਆਂ ਸਕੂਲ ਦੀ ਵਰਦੀ ਵਿੱਚ ਹੀ ਹੁੰਦੀਆਂ ਹਨ, ਜੋ ਕਿ ਸਥਿਤੀ ਦੀ ਗੰਭੀਰਤਾ ਨੂੰ ਕਈ ਗੁਣਾ ਵਧਾਉਂਦਾ ਹੈ ਅਤੇ ਇਹ ਬਾਲ ਅਪਰਾਧ ਵੱਲ ਵੀ ਇਸ਼ਾਰਾ ਕਰਦਾ ਹੈ।
ਇਨ੍ਹਾਂ ਸਾਰੇ ਠੋਸ ਦੋਸ਼ਾਂ ਅਤੇ ਸਬੂਤਾਂ ਦੇ ਬਾਵਜੂਦ, ਪੁਲਸ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਇਆ ਅਤੇ ਇਨ੍ਹਾਂ ਹੋਟਲਾਂ ਦੇ ਕਮਰਿਆਂ ਵਿੱਚ ਰੰਗ-ਬਿਰੰਗੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਜਿਸਮਾਂ ਦੀ ਸੌਦੇਬਾਜ਼ੀ ਬੇਰੋਕ ਜਾਰੀ ਹੈ। ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀਆਂ ਵੱਲੋਂ ਹੋਟਲਾਂ ਵਿੱਚ ਦੇਹ ਵਪਾਰ ਦੇ ਧੰਦੇ ਸਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਲਗਾਏ ਗਏ ਦੋਸ਼ਾਂ ਦੇ ਮਾਮਲੇ ਵਿੱਚ ਜਦ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ “ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਸਾਰੇ ਹੋਟਲਾਂ ਦੀ ਚੈਕਿੰਗ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।" ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਸੱਚਮੁੱਚ ਕੋਈ ਠੋਸ ਕਦਮ ਚੁੱਕਦਾ ਹੈ ਜਾਂ ਇਹ ਸਿਰਫ਼ ਇੱਕ ਲਾਰਾ ਬਣ ਕੇ ਰਹਿ ਜਾਂਦਾ ਹੈ, ਜਿਵੇਂ ਕਿ ਪਹਿਲਾਂ ਵੀ ਦੇਖਣ ਨੂੰ ਮਿਲਿਆ ਹੈ।
ਹੋਟਲ ਸੰਚਾਲਕਾਂ ਦਾ ਖੰਡਨ ਅਤੇ ਪ੍ਰਸ਼ਾਸਨ 'ਤੇ ਉੱਠਦੇ ਤਿੱਖੇ ਸਵਾਲ
ਹੋਟਲਾਂ ਵਿੱਚ ਦੇਹ ਵਪਾਰ ਦੇ ਧੰਦੇ ਦੇ ਦੋਸ਼ਾਂ ਸਬੰਧੀ ਜਦ ਕੁਝ ਹੋਟਲਾਂ ਦੇ ਸੰਚਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੋਟਲਾਂ ਵਿੱਚ ਜੋ ਵੀ ਹੋ ਰਿਹਾ ਹੈ, ਉਹ ਕਾਨੂੰਨ ਅਨੁਸਾਰ ਹੀ ਹੋ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਸਿਰਫ਼ 18 ਸਾਲ ਤੋਂ ਉੱਪਰ ਉਮਰ ਦੇ ਗਾਹਕਾਂ ਨੂੰ ਹੀ ਕਮਰਾ ਦਿੰਦੇ ਹਨ। ਹੋਟਲ ਵਿੱਚ ਇੱਕ ਘੰਟਾ ਜਾਂ ਦੋ ਘੰਟੇ ਕਮਰੇ ਦੀ ਬੁਕਿੰਗ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਹੋਟਲ ਵਾਲਿਆਂ ਨੇ ਗੋਲਮੋਲ ਜਵਾਬ ਦਿੱਤਾ ਕਿ “ਉਹ 12 ਘੰਟੇ ਲਈ ਬੁਕਿੰਗ ਕਰਦੇ ਹਨ, ਜੇਕਰ ਕੋਈ ਪਹਿਲਾਂ ਚਲਿਆ ਜਾਵੇ ਤਾਂ ਰੋਕਿਆ ਨਹੀਂ ਜਾ ਸਕਦਾ।" ਇਹ ਜਵਾਬ ਆਪਣੇ ਆਪ ਵਿੱਚ ਸ਼ੱਕ ਪੈਦਾ ਕਰਦਾ ਹੈ ਕਿਉਂਕਿ ਥੋੜ੍ਹੇ ਸਮੇਂ ਲਈ ਕਮਰੇ ਬੁੱਕ ਕਰਵਾਉਣ ਦਾ ਮਕਸਦ ਆਮ ਤੌਰ 'ਤੇ ਰਿਹਾਇਸ਼ੀ ਨਹੀਂ ਹੁੰਦਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਹੋਟਲ ਵਾਲੇ ਭਾਵੇਂ ਬ੍ਰੇਕਫਾਸਟ, ਲੰਚ ਅਤੇ ਡਿਨਰ ਦੇਣ ਦਾ ਦਾਅਵਾ ਕਰਦੇ ਹਨ, ਪਰ ਹੋਟਲਾਂ ਦੇ ਮੈਨੇਜਰਾਂ ਨੇ ਖੁਦ ਮੰਨਿਆ ਕਿ ਉਨ੍ਹਾਂ ਕੋਲ ਬ੍ਰੇਕਫਾਸਟ, ਲੰਚ ਅਤੇ ਡਿਨਰ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਉਹ ਗਾਹਕ ਦੀ ਮੰਗ ਅਨੁਸਾਰ ਬਾਹਰੋਂ ਮੰਗਵਾ ਕੇ ਦਿੰਦੇ ਹਨ। ਇਹ ਸਥਿਤੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ: ਜੇਕਰ ਇਨ੍ਹਾਂ ਹੋਟਲਾਂ ਵਿਚ ਖਾਣ-ਪੀਣ ਦਾ ਕੋਈ ਪ੍ਰਬੰਧ ਹੀ ਨਹੀਂ, ਤਾਂ ਕੀ ਇਨ੍ਹਾਂ ਹੋਟਲਾਂ ਨੇ ਸਿਰਫ਼ ਕਮਰੇ ਕਿਰਾਏ 'ਤੇ ਦੇਣ ਲਈ ਹੀ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ? ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਰਨਾਲਾ ਸ਼ਹਿਰ ਕੋਈ ਬਹੁਤਾ ਵੱਡਾ ਉਦਯੋਗਿਕ ਸ਼ਹਿਰ ਨਹੀਂ ਹੈ ਜਿੱਥੋਂ ਬਾਹਰੋਂ ਵਪਾਰ ਕਰਨ ਲਈ ਵਪਾਰੀ ਆਉਂਦੇ ਹੋਣ ਤੇ ਉਨ੍ਹਾਂ ਨੂੰ ਰਾਤ ਠਹਿਰਨ ਦੀ ਲੋੜ ਪੈਂਦੀ ਹੋਵੇ। ਫਿਰ ਸਵਾਲ ਤਾਂ ਉੱਠਦੇ ਹੀ ਨੇ ਕਿ ਇਨ੍ਹਾਂ ਹੋਟਲਾਂ ਦੇ ਲੱਖਾਂ ਰੁਪਏ ਦੇ ਮਹੀਨਾਵਾਰ ਖਰਚੇ ਕਿਵੇਂ ਪੂਰੇ ਹੁੰਦੇ ਨੇ, ਖਾਸ ਕਰਕੇ ਜਦੋਂ ਉਨ੍ਹਾਂ ਦੀਆਂ ਮੁੱਖ ਸੇਵਾਵਾਂ ਸਿਰਫ਼ ਘੰਟਿਆਂ ਦੇ ਹਿਸਾਬ ਨਾਲ ਕਮਰੇ ਮੁਹੱਈਆ ਕਰਵਾਉਣਾ ਹੋਵੇ? ਇਹ ਸਾਰੇ ਤੱਥ ਹੋਟਲਾਂ ਵਿੱਚ ਚੱਲ ਰਹੇ ਗੈਰ-ਕਾਨੂੰਨੀ ਧੰਦਿਆਂ ਵੱਲ ਸਪੱਸ਼ਟ ਇਸ਼ਾਰਾ ਕਰਦੇ ਹਨ।
ਸ਼ਹਿਰ ਵਾਸੀਆਂ ਦੀ ਅਪੀਲ
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਮਾਮਲੇ ਨੂੰ ਤੁਰੰਤ ਗੰਭੀਰਤਾ ਨਾਲ ਲੈਣ ਅਤੇ ਦੋਸ਼ੀ ਹੋਟਲ ਸੰਚਾਲਕਾਂ ਅਤੇ ਇਸ ਧੰਦੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਨਾਬਾਲਿਗ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਅਜਿਹੇ ਗੈਰ-ਕਾਨੂੰਨੀ ਕੰਮਾਂ ਤੋਂ ਬਚਾਇਆ ਜਾਵੇ। ਜੇਕਰ ਪ੍ਰਸ਼ਾਸਨ ਨੇ ਜਲਦ ਕੋਈ ਠੋਸ ਕਦਮ ਨਾ ਚੁੱਕੇ, ਤਾਂ ਸ਼ਹਿਰ ਵਾਸੀਆਂ ਨੇ ਇਸ ਸਮਾਜ ਵਿਰੋਧੀ ਧੰਦੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਸਮੱਸਿਆ ਸਿਰਫ਼ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਸਾਡੇ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਸੁਰੱਖਿਆ ਦਾ ਵੀ ਸਵਾਲ ਹੈ। ਕੀ ਬਰਨਾਲਾ ਪ੍ਰਸ਼ਾਸਨ ਇਸ ਗੰਦਗੀ ਤੋਂ ਸ਼ਹਿਰ ਨੂੰ ਮੁਕਤ ਕਰਵਾਉਣ ਲਈ ਸੱਚਮੁੱਚ ਕੋਈ ਅਸਰਦਾਰ ਅਤੇ ਤੁਰੰਤ ਕਦਮ ਚੁੱਕੇਗਾ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਨੇ ਪਾਕਿਸਤਾਨੀ ਡਰੋਨ ਕੀਤਾ ਬਰਾਮਦ
NEXT STORY