ਸੰਗਰੂਰ (ਵਿਵੇਕ ਸਿੰਧਵਾਨੀ)-ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈੱਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਅਤੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਅਰੋਡ਼ਾ ਨੇ ਅੱਜ ਇੱਥੇ ਦੱਸਿਆ ਕਿ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਆਰ-ਪਾਰ ਦੀ ਲਡ਼ਾਈ ਲਡ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸ਼੍ਰੀ ਅਰੋਡ਼ਾ ਨੇ ਕਿਹਾ ਕਿ ਪਿਛਲੇ ਦਿਨੀਂ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਹੋਈ ਹੰਗਾਮੀ ਮੀਟਿੰਗ ’ਚ ਕੰਨਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਚੇਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਅਤੇ ਭੱਖਦੀਆਂ ਮੰਗਾਂ ਵੱਲ ਬੇਧਿਆਨੀ, ਬੇਰੁਖੀ ਅਤੇ ਵਾਅਦਾਖਿਲਾਫੀ ਵਿਰੁੱਧ ਸਖਤ ਨੋਟਿਸ ਲੈਂਦੇ ਹੋਏ ਸਰਕਾਰ ਨਾਲ ਆਰ-ਪਾਰ ਦੀ ਲਡ਼ਾਈ ਲਈ ਸਮੁੱਚੇ ਪੈਨਸ਼ਨਰ ਵਰਗ ਨੂੰ ਲਾਮਬੰਦ ਕਰ ਕੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ’ਚ ਲਗਭਗ 4 ਲੱਖ ਪੈਨਸ਼ਨਰਜ਼ ਅਤੇ ਪਰਿਵਾਰਕ ਪੈਨਸ਼ਨਰਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ 20 ਲੱਖ ਤੋਂ ਵੱਧ ਵੋਟਾਂ ਹਨ ਜੋ ਸਰਕਾਰ ਦੀ ਲੋਕ ਸਭਾ ਦੀ ਜਿੱਤ ਦੀ ਖੁਸ਼ਫਹਿਮੀ ਨੂੰ ਮਿੱਟੀ ’ਚ ਮਿਲਾ ਸਕਦੇ ਹਨ। ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਇਕ ਸਾਲ ਹੋਰ ਵਧਾ ਕੇ ਪੈਨਸ਼ਨਰਾਂ ਦੇ ਅੱਲ੍ਹੇ ਜ਼ਖਮਾਂ ’ਤੇ ਨਮਕ ਛਿਡ਼ਕਿਆ ਗਿਆ ਹੈ, ਜਿਸ ਦੀ ਸਖਤ ਲਫ਼ਜ਼ਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ 7 ਵਰਵਰੀ 2019 ਤੱਕ ਜੇ ਪੈਨਸ਼ਨਰ ਜੁਆਇੰਟ ਫਰੰਟ ਨਾਲ ਮੀਟਿੰਗ ਕਰਕੇ ਇਨ੍ਹਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਾ ਕੀਤਾ ਗਿਆ ਤਾਂ ਵਿਧਾਨ ਸਭਾ ਦੇ ਸੈਸ਼ਨ ਸਮੇਂ ਮੋਹਾਲੀ ਵਿਖੇ ਰੋਸ ਰੈਲੀ ਕਰ ਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। 30 ਜਨਵਰੀ 2019 ਨੂੰ ਜ਼ਿਲਾ ਹੈੱਡ ਕੁਆਰਟਰਾਂ ’ਤੇ ਪੈਨਸ਼ਨਰ ਅਤੇ ਮੁਲਾਜ਼ਮ ਸਾਂਝੇ ਧਰਨੇ ਦੇ ਕੇ ਸਰਕਾਰ ਦੀਆਂ ਨਾਕਾਮੀਆਂ ਦੇ ਪਾਜ ਖੋਲ੍ਹਣਗੇ। 13 ਪਾਰਲੀਮਾਨੀ ਹਲਕਿਆਂ ’ਚ ਸੰਯੋਜਿਤ ਕਮੇਟੀਆਂ ਗਠਨ ਕਰ ਕੇ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਮਬੰਦ ਕਰ ਕੇ ਖੁੱਲ੍ਹੇ ਤੌਰ ’ਤੇ ਵਿਰੋਧ ਕੀਤਾ ਜਾਵੇਗਾ। ਪੈਨਸ਼ਨਰਾਂ ਨੇ ਸਰਕਾਰ ਬਣਾਉਣ ’ਚ ਉਸਾਰੂ ਯੋਗਦਾਨ ਪਾਇਆ ਸੀ ਪਰ ਸਰਕਾਰ ਦੀ ਨੀਤੀ ਅਤੇ ਨੀਯਤ ਨੇ ਪੈਨਸ਼ਨਰਾਂ ਨੂੰ ਆਪਣੇ ਵਿਰੁੱਧ ਖਡ਼੍ਹਾ ਕਰ ਲਿਆ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ 22 ਮਹੀਨਿਆਂ ਦਾ ਡੀ.ਏ. ਦੀ ਕਿਸ਼ਤ ਦਾ ਬਕਾਇਆ ਅਤੇ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਮੈਡੀਕਲ ਭੱਤੇ ’ਚ ਵਾਧਾ ਕੀਤਾ ਜਾਵੇ। ਪੇ ਕਮਿਸ਼ਨ ਤੋਂ ਸਿਫਾਰਸ਼ਾਂ ਪ੍ਰਾਪਤ ਕਰ ਕੇ ਤੁਰੰਤ ਲਾਗੂ ਕੀਤੀਆਂ ਜਾਣ। ਇਸ ਸਮੇਂ ਰਵਿੰਦਰ ਸਿੰਘ ਗੁੱਡੂ, ਲਾਲ ਚੰਦ ਸੈਣੀ, ਜਸਵੀਰ ਸਿੰਘ ਖਾਲਸਾ, ਬਲਦੇਵ ਰਾਜ ਮਦਾਨ, ਅਸ਼ੋਕ ਜੋਸ਼ੀ, ਕਰਨੈਲ ਸਿੰਘ ਸੇਖੋਂ, ਸੁਰਿੰਦਰ ਸ਼ਰਮਾ, ਗਿਰਧਾਰੀ ਲਾਲ, ਨਸੀਬ ਚੰਦ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਓਮ ਪ੍ਰਕਾਸ਼ ਖੀਪਲ ਆਦਿ ਹਾਜ਼ਰ ਸਨ।
ਬੇਗੋਵਾਲ ਸਕੂਲ ’ਚ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ ਬਣਿਆ ਖਿੱਚ ਦਾ ਕੇਂਦਰ
NEXT STORY